ਲੁਧਿਆਣਾ, ਸਤੰਬਰ 2019 -(ਮਨਜਿੰਦਰ ਗਿੱਲ) - ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਅਤੇ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਨੇ ਸਾਂਝੇ ਤੌਰ 'ਤੇ ਕਬੱਡੀ 'ਚ ਸੁਧਾਰ ਲਿਆਉਣ ਦੇ ਉਪਰਾਲੇ ਕਰਦਿਆਂ ਕਬੱਡੀ ਨੂੰ ਇੱਕ ਮਾਨਤਾ ਪ੍ਰਾਪਤ ਖੇਡ ਬਣਾ ਕੇ ਵਿਸ਼ਵ ਪੱਧਰੀ ਸੰਸਥਾ ਦੇ ਏਜੰਡੇ ਥੱਲੇ ਲਿਆਉਣ ਦਾ ਐਲਾਨ ਕੀਤਾ। ਅੱਜ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਲੁਧਿਆਣਾ ਵਿਖੇ ਦੋਹਾਂ ਕਬੱਡੀ ਫੈਡਰੇਸ਼ਨਾਂ ਦੇ ਆਗੂਆਂ ਸੁਰਜਨ ਚੱਠਾ ਪ੍ਰਧਾਨ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ, ਐਕਟਿੰਗ ਪ੍ਰਧਾਨ ਬਲਬੀਰ ਸਿੰਘ ਬਿੱਟੂ ਜਸਪਾਲ ਬਾਂਗਰ ਅਤੇ ਸੁਰਿੰਦਰ ਪਾਲ ਸਿੰਘ ਟੋਨੀ ਕਾਲਖ ਪ੍ਰਧਾਨ ਪੰਜਾਬ ਕਬੱਡੀ ਐਕਡਮੀਜ਼ ਐਸੋਸੀਏਸ਼ਨ ਨੇ ਇੱਕ ਸਾਂਝੀ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਆਖਿਆ ਕਿ ਕਬੱਡੀ ਖੇਡ ਅਤੇ ਕਬੱਡੀ ਖਿਡਾਰੀਆਂ ਨੂੰ ਨਸ਼ਿਆਂ ਦੀ ਦਲਦਲ ਨੇ ਬੁਰੀ ਤਰ੍ਹਾਂ ਘੇਰ ਲਿਆ ਹੈ। ਪਿਛਲੇ ਅਰਸੇ ਦੌਰਾਨ ਜੋ 11 ਨਾਮੀ ਕਬੱਡੀ ਖਿਡਾਰੀਆਂ ਦੀ ਮੌਤ ਹੋਈ ਹੈ ਉਸ ਦਾ ਮੁੱਖ ਕਾਰਨ ਖਿਡਾਰੀਆਂ ਦਾ ਮੈਚ ਤੋਂ ਪਹਿਲਾਂ ਡਰੱਗ ਲੈਣਾ ਹੈ। ਜੇਕਰ ਅਸੀਂ ਇਸ ਕਬੱਡੀ ਦੇ ਵਿੱਚ ਡਰੱਗ ਦੇ ਫੈਲੇ ਇਸ ਕੋਹੜ ਨੂੰ ਹੁਣ ਨੱਥ ਨਾ ਪਾਈ ਤਾਂ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆ ਵੱਲ ਧੱਕਣ ਲਈ ਖੁਦ ਜ਼ਿੰਮੇਵਾਰ ਹੋਵਾਂਗੇ। ਉਨ੍ਹਾਂ ਆਖਿਆ ਕਿ ਇਸ ਸੀਜ਼ਨ ਦੌਰਾਨ ਕਬੱਡੀ ਖਿਡਾਰੀਆਂ ਦੇ ਡੋਪ ਟੈਸਟ ਲਾਜ਼ਮੀ ਕਰ ਦਿੱਤੇ ਗਏ ਹਨ ਜੋ ਖਿਡਾਰੀ ਡੋਪ ਟੈਸਟ ਦੀ ਲਪੇਟ 'ਚ ਆਉਣਗੇ ਉਨ੍ਹਾਂ 'ਤੇ ਤੁਰੰਤ ਖੇਡਣ ਦੀ ਪਾਬੰਦੀ ਲੱਗੇਗੀ। ਇਸ ਸਬੰਧੀ ਪੰਜਾਬ ਸਰਕਾਰ ਨੂੰ ਵੀ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ। ਚੱਠਾ ਅਤੇ ਟੋਨੀ ਨੇ ਆਖਿਆ ਕਿ ਕਬੱਡੀ ਨੂੰ ਇੱਕ ਮਾਨਤਾ ਪ੍ਰਾਪਤ ਖੇਡ ਬਣਾੳਣੁ ਲਈ ਪੰਜਾਬ ਉਲੰਪਕ ਐਸੋਸੀਸੇਸ਼ਨ, ਇੰਡੀਅਨ ਉਲੰਪਿਕ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਜਾਵੇਗੀ। ਉਸ ਤੋ ਬਾਅਦ ਅੰਤਰਰਾਸ਼ਟਰੀ ਕੌਂਸਲ ਨਾਲ ਵੀ ਰਾਬਤਾ ਬਣਾ ਕੇ ਇਸ ਖੇਡ ਨੂੰ ਅੰਤਰ-ਰਾਸ਼ਟਰੀ ਪੱਧਰ ਅਤੇ ਏਸੀਅਨ ਖੇਡਾਂ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸਾਰੇ ਮੁਲਕਾਂ ਨਾਲ ਰਾਬਤਾ ਬਣਾ ਕੇ ਕਬੱਡੀ ਦੀ ਇੱਕ ਵਿਸਵ ਪੱਧਰੀ ਸੰਸਥਾ ਬਣਾਈ ਜਾਵੇਗੀ ਜੋ ਕਬੱਡੀ ਦਾ ਵਿਧੀ ਵਿਧਾਨ ਅਤੇ ਨਿਯਮ-ਸਿਧਾਂਤ ਬਣਾਏਗੀ। ਜੋ ਕਬੱਡੀ ਖੇਡ ਲਈ ਲਾਗੂ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਕਬੱਡੀ ਵਿੱਚ ਇਸ ਵਕਤ ਅਨੁਸ਼ਾਸਨ ਰੱਖਣਾ ਬੇਹੱਦ ਜ਼ਰੂਰੀ ਹੈ। ਬੇਲਗਾਮ ਹੋਏ ਖਿਡਾਰੀਆਂ ਨੂੰ ਅਨੁਸ਼ਾਸਨ ਦੀ ਨੱਥ ਪਾਉਣਾ ਅੱਜ ਦੇ ਸਮੇਂ ਦੀ ਮੰਗ ਹੈ। ਉਨ੍ਹਾਂ ਆਖਿਆ ਕਿ ਕਬੱਡੀ ਦੀ ਬਿਹਤਰੀ ਲਈ ਵਿਦੇਸ਼ਾਂ 'ਚ ਬਣੀਆਂ ਕਬੱਡੀ ਫੈਡਰੇਸ਼ਨਾਂ ਅਤੇ ਹੋਰ ਸੰਸਥਾਵਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ। ਤਾਂ ਜੋ ਕਬੱਡੀ ਦੇ ਨਾਂਅ 'ਤੇ ਹੋ ਰਹੀ ਜੁਗਾੜਬਾਜ਼ੀ, ਕਬੂਤਰਬਾਜ਼ੀ ਅਤੇ ਕਬੱਡੀ ਦੇ ਘੜੱਮ ਚੌਧਰੀਆਂ ਨੂੰ ਇਸ ਤੋਂ ਪਰੇ ਕੀਤਾ ਜਾ ਸਕੇ। ਕਬੱਡੀ ਦੀ ਕੁਮੈਂਟਰੀ ਦੇ ਗ੍ਰਾਫ ਦੇ ਆ ਰਹੇ ਨਿਘਾਰ ਬਾਰੇ ਬੋਲਦਿਆਂ ਇਨ੍ਹਾਂ ਆਗੂਆਂ ਨੇ ਆਖਿਆ ਕਿ ਕਬੱਡੀ ਕੁਮੈਂਟੇਟਰ, ਕਬੱਡੀ ਕੋਚਾਂ ਅਤੇ ਰੈਫਰੀਆਂ ਦੇ ਟ੍ਰੇਨਿੰਗ ਸੈਮੀਨਾਰ ਲੱਗਣੇ ਚਾਹੀਦੇ ਹਨ ਇਸ ਦੇ ਨਾਲ ਹੀ ਕਿਸੇ ਸੁਧਾਰ ਦੀ ਗੁਜਾਂਇਸ਼ ਕੀਤੀ ਜਾ ਸਕਦੀ ਹੈ। ਚੱਠਾ ਨੇ ਆਖਿਆ ਕਿ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਅਤੇ ਪੰਜਾਬ ਕਬੱਡੀ ਅਕੈਡਮੀਜ਼ ਜਿਹੜੇ ਨਸ਼ੇੜੀ ਖਿਡਾਰੀਆਂ ਨੂੰ ਪਾਬੰਦੀ ਲਾਉਣਗੀਆਂ ਉਨ੍ਹਾਂ ਨੂੰ ਕੋਈ ਵੀ ਹੋਰ ਖੇਡ ਫੈਡਰੇਸ਼ਨ ਜਾਂ ਪੇਂਡੂ ਖੇਡ ਮੇਲਾ ਕਮੇਟੀ ਖੇਡਣ ਦੀ ਇਜ਼ਾਜਤ ਨਾ ਦੇਵੇ। ਤਾਂ ਹੀ ਅਸੀਂ ਕਬੱਡੀ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ। ਉਨ੍ਹਾਂ ਆਖਿਆ ਕਿ ਪਿੰਡ ਪੱਧਰ ਦੀ ਕਬੱਡੀ 'ਚ ਜੋ ਕਬੱਡੀ ਜੁਗਾੜੀਆਂ ਵੱਲੋਂ ਆਪਣੇ ਫਾਇਦੇ ਲਈ ਠੇਕੇਦਾਰੀ ਸਿਸਟਮ ਚਲਾਇਆ ਜਾ ਰਿਹਾ ਹੈ। ਉਸ ਨੂੰ ਵੀ ਸਖਤੀ ਨਾਲ ਰੋਕਿਆ ਜਾਵੇਗਾ। ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਹੋਰ ਪ੍ਰਬੰਧਕੀ ਕਮੇਟੀ ਨੇ ਸ. ਚੱਠਾ, ਟੋਨੀ ਕਾਲਖ, ਬਿੱਟੂ ਜਸਪਾਲ ਬਾਂਗਰ ਅਤੇ ਇੰਗਲੈਂਡ ਤੋਂ ਆਏ ਦਵਿੰਦਰ ਸਿੰਘ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕੀਤਾ। ਇਸ ਮੌਕੇ ਇੰਸਪੈਕਟਰ ਕੁਲਦੀਪ ਸਿੰਘ ਕੰਗ ਪੰਜਾਬ ਪੁਲਿਸ, ਕਬੱਡੀ ਕੁਮੈਂਟੇਟਰ ਗੁਰਪ੍ਰੀਤ ਸਿੰਘ ਬੇਰਕਲਾਂ, ਤੇਜਿੰਦਰ ਸਿੰਘ ਜਰਖੜ, ਅਜੀਤ ਸਿੰਘ ਲਾਦੀਆਂ, ਪਹਿਲਵਾਨ ਹਰਮੇਲ ਸਿੰਘ ਕਾਲਾ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਯਾਦਵਿੰਦਰ ਸਿੰਘ ਤੂਰ ਬਰਮਾਲੀਪੁਰ, ਸੰਦੀਪ ਸਿੰਘ ਪੰਧੇਰ, ਸਾਹਿਬਜੀਤ ਸਿੰਘ ਸਾਬੀ, ਦਵਿੰਦਰ ਸਿੰਘ ਯੂਕੇ, ਰਣਜੀਤ ਸਿੰਘ ਆਲਮਗੀਰ ਆਦਿ ਹਾਜ਼ਰ ਸਨ।