ਅਕਾਲੀ ਦਲ ਵੱਲੋਂ ਦਲਿਤ ਨੌਜਵਾਨ ਉੱਤੇ ਜਾਬਰਾਨਾ ਅੱਤਿਆਚਾਰ ਦੀ ਨਿਖੇਧੀ

ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਦੋਂ ਦਲਿਤਾਂ ਉੱਤੇ ਅਜਿਹੇ ਅੱਤਿਆਚਾਰ ਹੋ ਰਹੇ ਹਨ ਤਾਂ ਮੁੱਖ ਮੰਤਰੀ ਯੂਰਪ 'ਚ ਛੁੱਟੀਆਂ ਮਨਾ ਰਿਹਾ ਹੈ

ਜਗਮੇਲ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਉਹਨਾਂ ਲਈ ਇਨਸਾਫ ਦੀ ਲੜਾਈ ਲੜੇਗਾ

ਚੰਡੀਗੜ੍ਹ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸੀ ਹਕੂਮਤ ਦੌਰਾਨ ਇੱਕ ਦਲਿਤ ਨੌਜਵਾਨ ਉੱਤੇ ਕੀਤੇ ਜਾਬਰਾਨਾ ਅੱਤਿਆਚਾਰਾਂ ਦੀ ਨਿਖੇਧੀ ਕੀਤੀ ਹੈ। ਉਹਨਾਂ ਨੇ 37 ਸਾਲ ਦਲਿਤ ਮਜ਼ਦੂਰ ਦੀ ਮੌਤ ਉੱਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ, ਜਿਸ ਦੀ ਬੁਰੀ ਤਰ੍ਹਾਂ ਕੁੱਟਣ ਅਤੇ ਪਿਸ਼ਾਬ ਪੀਣ ਲਈ ਮਜ਼ਬੂਰ ਕਰਨ ਵਰਗੇ ਅਣਮਨੁੱਖੀ ਅੱਤਿਆਚਾਰਾਂ ਤੋਂ ਬਾਅਦ ਅੱਜ ਮੌਤ ਹੋ ਗਈ ਹੈ।

ਇਹ ਟਿੱਪਣੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਪੰਜਾਬ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਦਲਿਤਾਂ ਉੱਤੇ ਅੱਤਿਆਚਾਰਾਂ ਦੀ ਘਟਨਾਵਾਂ ਵਾਰ ਵਾਰ ਵਾਪਰ ਰਹੀਆਂ ਹਨ ਅਤੇ 37 ਸਾਲ ਦੇ ਸੰਗਰੂਰ ਵਾਸੀ ਜਗਮੇਲ ਦੇ ਤਾਜ਼ਾ ਮਾਮਲੇ ਨੇ ਹਰ ਸੰਵੇਦਨਸ਼ੀਲ ਪੰਜਾਬੀ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਜਗਮੇਲ ਨੂੰ ਇੱਕ ਖੰਭੇ ਨਾਲ ਬੰਨ੍ਹਣ ਮਗਰੋਂ ਕੁੱਝ ਲੋਕਾਂ ਨੇ ਉਸ ਉੱਤੇ ਅਣਮਨੁੱਖੀ ਅੱਤਿਆਚਾਰ ਕੀਤਾ ਸੀ। ਉਹਨਾਂ ਉਸ ਦੀ ਲੱਤਾਂ ਉੱਤੇ ਤੇਜ਼ਾਬ ਪਾ ਦਿੱਤਾ ਅਤੇ ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਜਬਰਦਸਤੀ ਪਿਸ਼ਾਬ ਪਿਲਾਇਆ ਗਿਆ। ਬੁਰੀ ਤਰ੍ਹਾਂ ਜ਼ਖਮੀ ਹੋਣ ਕਰਕੇ ਜਗਮੇਲ ਦੀਆਂ ਲੱਤਾਂ ਨੂੰ ਕੱਟਣਾ ਪਿਆ ਸੀ ਅਤੇ ਅੱਜ ਪੀਜੀਆਈਐਮਈਆਰ ਵਿਖੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ।

ਇਹ ਟਿੱਪਣੀ ਕਰਦਿਆਂ ਕਿ ਸੂਬੇ ਅੰਦਰ ਪ੍ਰਸਾਸ਼ਨ ਨਾਂ ਦੀ ਕੋਈ ਸ਼ੈਅ ਨਹੀਂ ਹੈ, ਸਰਦਾਰ ਬਾਦਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਦੋਂ ਸਮਾਜ ਦੇ ਸਾਰੇ ਵਰਗਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਹੈ ਤਾਂ ਅਜਿਹੇ ਸਮੇਂ ਮੁੱਖ ਮੰਤਰੀ 14 ਦਿਨਾਂ ਲਈ ਛੁੱਟੀਆਂ ਮਨਾਉਣ ਯੂਰਪ ਚਲਾ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਲੋਕਾਂ ਪ੍ਰਤੀ ਇੰਨੀ ਲਾਪਰਵਾਹੀ ਹੈਰਾਨ ਕਰਦੀ ਹੈ। ਉਹਨਾਂ ਕਿਹਾ ਕਿ ਸਰਕਾਰ ਜਗਮੇਲ ਦੇ ਹਮਲਾਵਰਾਂ ਖ਼ਿਲਾਫ ਕੋਈ ਵੀ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ ਅਤੇ ਨਾ ਹੀ ਇਹ ਜਗਮੇਲ ਦਾ ਸਹੀ ਢੰਗ ਨਾਲ ਇਲਾਜ ਕਰਵਾ ਪਾਈ ਹੈ। ਉਹਨਾਂ ਕਿਹਾ ਕਿ ਜਗਮੇਲ ਦਾ ਇਲਾਜ ਕਰਵਾਉਣ ਵਿਚ ਕੀਤੀ ਦੇਰੀ ਇੱਕ ਅਪਰਾਧਿਕ ਲਾਪਰਵਾਹੀ ਦੇ ਸਮਾਨ ਹੈ ,ਜਿਸ ਲਈ ਜ਼ਿੰਮੇਵਾਰੀ ਅਧਿਕਾਰੀਆਂ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਸਭ ਮੁੱਖ ਮੰਤਰੀ ਵੱਲੋਂ ਸੂਬੇ ਦੇ ਮਾਮਲਿਆਂ ਵਿਚ ਰਤੀ ਭਰ ਵੀ ਦਿਲਚਸਪੀ ਨਾ ਲੈਣ ਕਰਕੇ ਵਾਪਰਿਆ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਡਟ ਕੇ ਜਗਮੇਲ ਦੇ ਪਰਿਵਾਰ ਨੂੰ ਇਨਸਾਫ ਦੀ ਲੜਾਈ ਲੜੇਗਾ। ਉਹਨਾਂ ਕਿਹਾ ਕਿ ਅਸੀਂ ਦਲਿਤਾਂ ਅਤੇ ਸਮਾਜ ਦੇ ਬਾਕੀ ਵਰਗਾਂ ਖ਼ਿਲਾਫ ਅਜਿਹੇ ਅੱਤਿਆਚਾਰ ਨਹੀਂ ਹੋਣ ਦਿਆਂਗੇ। ਉਹਨਾਂ ਇਹ ਵੀ ਮੰਗ ਕੀਤੀ ਕਿ ਜਗਮੇਲ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।