ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਵਿੱਚੋਂ ਲੁਧਿਆਣਾ ਜ਼ੋਨ ਦੇ 4 ਵਿਦਿਆਰਥੀਆਂ ਨੇ ਸੂਬਾ ਪੱਧਰੀ ਪੁਜ਼ੀਸ਼ਨਾਂ ਹਾਸਲ ਕੀਤੀਆਂ

ਲੁਧਿਆਣਾ , 17 ਅਕਤੂਬਰ ( ਟੀ. ਕੇ.  ) ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀਆਂ ਵਿੱਚ ਵਿਗਿਆਨਿਕ ਵਿਚਾਰਾਂ ਦਾ ਪਸਾਰਾ ਕਰਨ ਹਿੱਤ ਸ਼ੁਰੂ ਕੀਤੀ ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਇਸ ਵਾਰ ਪੰਜਾਬ ਪੱਧਰੀ ਪੰਜਵੀਂ ਸਾਲਾਨਾ ਪ੍ਰੀਖਿਆ ਸੀ ਜੋ ਪਿਛਲੇ ਦਿਨੀ ਚੋਣਵੇਂ ਸਕੂਲਾਂ ਦੇ ਵਿਦਿਆਰਥੀਆਂ ‘ਚ ਲਈ ਗਈ ਸੀ। ਇਸ ਪ੍ਰੀਖਿਆ ਲਈ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਸਲੇਬਸ ਦੋ ਭਾਗਾਂ ਵਿੱਚ (ਛੇਵੀਂ ਤੋਂ ਅੱਠਵੀਂ ਅਤੇ ਨੌਂਵੀਂ ਤੋਂ ਬਾਰ੍ਹਵੀਂ ਜਮਾਤ) ਵਿਦਿਆਰਥੀਆਂ ਨੂੰ ਤਿਆਰੀ ਲਈ ਦਿੱਤਾ ਗਿਆ ਸੀ। ਸੁਸਾਇਟੀ ਵੱਲੋਂ ਉਸ ਦਾ ਨਤੀਜਾ ਕੱਲ੍ਹ ਘੋਸ਼ਿਤ ਕਰ ਦਿੱਤਾ ਗਿਆ ਹੈ । ਸੁਸਾਇਟੀ ਦੇ ਜ਼ੋਨ ਲੁਧਿਆਣਾ ਜੱਥੇਬੰਦਕ ਮੁੱਖੀ ਜਸਵੰਤ ਜੀਰਖ , ਮੀਡੀਆ ਮੁੱਖੀ  ਹਰਚੰਦ ਭਿੰਡਰ , ਵਿੱਤ ਮੁੱਖੀ ਆਤਮਾ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਲੁਧਿਆਣਾ ਜ਼ੋਨ ਵਿੱਚੋਂ 4 ਵਿਦਿਆਰਥੀਆਂ ਨੇ ਸੂਬੇ ਵਿੱਚ ਆਪਣੀ ਪੁਜ਼ੀਸ਼ਨ ਬਣਾਈ ਹੈ ਉਨ੍ਹਾਂ ਵਿੱਚੋਂ ਸੁਧਾਰ ਇਕਾਈ ਵਿੱਚੋਂ  ਛੇਵੀਂ ਜਮਾਤ ਦੇ ਵਿਦਿਆਰਥੀ ਮਨਿੰਦਰ ਸਿੰਘ, ਸਰਕਾਰੀ ਮਿਡਲ ਸਕੂਲ ਅਕਾਲਗੜ੍ਹ ਨੇ 98 ਫੀਸਦੀ  ਅੰਕ ਲੈ ਕੇ ਮਿਡਲ ਪੱਧਰ ਤੇ ਸੂਬੇ ਚੋਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ।ਇਸੇ ਤਰ੍ਹਾਂ ਇਸੇ ਸਕੂਲ ਦੀਆਂ ਵਿਦਿਆਰਥਣਾਂ ਕਿਰਨ ਜੋਤ ਕੌਰ ਅਤੇ ਜਸਪ੍ਰੀਤ ਕੌਰ ਜਮਾਤ ਅੱਠਵੀਂ ਨੇ 98 ਫੀਸਦੀ  ਅਤੇ 97 ਫੀਸਦੀ ਨੰਬਰ ਪ੍ਰਾਪਤ ਕੀਤੇ ਹਨ ।ਜ਼ੋਨ ਲੁਧਿਆਣਾ ਵਿੱਚ ਪੈਂਦੀ ਮਾਲੇਰਕੋਟਲਾ ਇਕਾਈ ਵਿੱਚੋਂ ਸ ਸ ਸ ਸ ਮਾਲੇਰਕੋਟਲਾ ਦੀ ਸਾਨੀਆ ਫਜਲਦੀ ਨਾਂ ਦੀ ਵਿਦਿਆਰਥਣ ਜਮਾਤ ਗਿਆਰਵੀਂ ਨੇ 92 ਫੀਸਦੀ  ਅਤੇ ਕੋਹਾੜਾ ਇਕਾਈ ਵਿੱਚ ਪੈਂਦੇ ਐਮ. ਏ. ਐਮ. ਪਬਲਿਕ ਸਕੂਲ ਕੋਹਾੜਾ ਦੇ ਗੁਰਿੰਦਰ ਸਿੰਘ ਜਮਾਤ ਬਾਰ੍ਹਵੀਂ  ਨੇ 99 ਫੀਸਦੀ ਅੰਕ ਲੈ ਕੇ ਪੰਜਾਬ ਭਰ ਵਿੱਚ ਮੁਕਾਮ ਹਾਸਲ ਕੀਤਾ। ਇਹਨਾਂ ਤੋਂ ਬਿਨਾ ਲੁਧਿਆਣਾ ਦੇ ਸਕੂਲਾਂ ਜਵੱਦੀ, ਥਰੀਕੇ, ਸੁਨੇਤ ਅਤੇ ਸਰਾਭਾ ਨਗਰ ਸਕੂਲਾਂ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰ ਤੇ ਵੀ ਸਲਾਘਾਯੋਗ ਪ੍ਰਾਪਤੀਆਂ ਕੀਤੀਆਂ।ਸਾਰੀਆਂ ਇਕਾਈਆਂ ਦੇ ਜੱਥੇਬੰਦਕ ਮੁੱਖੀਆਂ ਮੋਹਨ ਸਿੰਘ ਬਡਲਾ ਮਾਲੇਰਕੋਟਲਾ , ਧਰਮ ਸਿੰਘ ਸੁਧਾਰ, ਬਲਵਿੰਦਰ ਸਿੰਘ ਲੁਧਿਆਣਾ, ਰਾਜਿੰਦਰ ਜੰਡਿਆਲੀ , ਕਰਤਾਰ ਸਿੰਘ ਵੀਰਾਨ ਨੇ ਕਿਹਾ ਕਿ ਜ਼ੋਨ ਦੀ ਚੰਗੀ ਕਾਰਗੁਜ਼ਾਰੀ ਨੂੰ ਉੱਪਰ ਚੁੱਕਣ ਲਈ ਹੋਰ ਵੀ ਵੱਧ ਯਤਨ ਜੁਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਸੂਬਾ ਪੱਧਰ ਤੇ ਆਏ ਉਪਰੋਕਤ ਵਿਦਿਆਰਥੀਆਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਮੌਕੇ 16 ਨਵੰਬਰ ਨੂੰ  ਤਰਕਸ਼ੀਲ ਭਵਨ ਬਰਨਾਲਾ ਵਿੱਖੇ ਸਨਮਾਨਿਤ ਕੀਤਾ ਜਾਵੇਗਾ। ਜ਼ੋਨ ਪੱਧਰ ਤੇ ਚੰਗੀ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਦਾ ਜ਼ੋਨ ਵਿੱਚ ਸਨਮਾਨ ਕੀਤਾ ਜਾਵੇਗਾ।