‘ਤਵਾਰੀਖ ਸ਼ਹੀਦ-ਏ-ਖ਼ਾਲਿਸਤਾਨ’ ਕਿਤਾਬ ਰਿਲੀਜ਼

ਅੰਮ੍ਰਿਤਸਰ,ਸਤੰਬਰ 2019 -( ਇਕਬਾਲ ਸਿੰਘ ਰਸੂਲਪੁਰ )- ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਲੋਂ ਮੌਜੂਦਾ ਸਿੱਖ ਸੰਘਰਸ਼ ਸਬੰਧੀ ਲਿਖੀ ਕਿਤਾਬ ‘ਤਵਾਰੀਖ ਸ਼ਹੀਦ-ਏ-ਖ਼ਾਲਿਸਤਾਨ’ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਆਗੂਆਂ ਵਲੋਂ ਰਿਲੀਜ਼ ਕੀਤੀ ਗਈ।
ਕਿਤਾਬ ਦੀ ਪਹਿਲੀ ਕਾਪੀ ਸਿੱਖ ਸੰਘਰਸ਼ ਦੇ ਆਗੂ ਭਾਈ ਦਲਜੀਤ ਸਿੰਘ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਭਰਾ ਭਾਈ ਚਮਕੌਰ ਸਿੰਘ, ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ ਦੀ ਭੈਣ ਬੀਬੀ ਸਰਬਜੀਤ ਕੌਰ, ਸ਼ਹੀਦ ਸਤਨਾਮ ਸਿੰਘ ਛੀਨਾ ਦੀ ਸਿੰਘਣੀ ਬੀਬੀ ਜਸਮੀਤ ਕੌਰ ਅਤੇ ਜਨਰਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਨੂੰ ਭੇਟ ਕੀਤੀ। ਇਸ ਮੌਕੇ ਦਲ ਖਾਲਸਾ ਦੇ ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੁਮਾਣ, ਭਾਈ ਮਨਧੀਰ ਸਿੰਘ ਅਤੇ ਨਰਾਇਣ ਸਿੰਘ ਚੌੜਾ ਹਾਜ਼ਰ ਸਨ। ਇਸ ਕਿਤਾਬ ਵਿਚ ਸਰਬੱਤ ਖਾਲਸਾ ਵਲੋਂ ਚੁਣੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਦਲ ਖਾਲਸਾ ਦੇ ਜਲਾਵਤਨ ਆਗੂ ਗਜਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਦੇ ਸੰਦੇਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਉਨ੍ਹਾਂ ਲੇਖਕ ਦੇ ਸਿੱਖ ਆਜ਼ਾਦੀ ਸੰਘਰਸ਼ ਦੇ ਨਾਇਕਾਂ ਦਾ ਇਤਿਹਾਸ ਸਾਂਭਣ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ।
ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਇਸ ਕਿਤਾਬ ਦੇ ਪਹਿਲੇ ਭਾਗ ਵਿਚ ਮੌਜੂਦਾ ਸਿੱਖ ਸੰਘਰਸ਼ ਦੇ 100 ਜੁਝਾਰੂ ਸਿੰਘ-ਸਿੰਘਣੀਆਂ ਦੀਆਂ ਜੀਵਨੀਆਂ ਅਤੇ ਕੁਝ ਅਹਿਮ ਦਸਤਾਵੇਜ਼ ਹਨ। ਪ੍ਰਸਿੱਧ ਜੁਝਾਰੂ-ਜਰਨੈਲਾਂ ਤੋਂ ਇਲਾਵਾ ਅਣਗੌਲੇ ਸ਼ਹੀਦਾਂ ਦਾ ਇਸ ਕਿਤਾਬ ਵਿਚ ਜ਼ਿਕਰ ਹੈ। ਇਸ ਮੌਕੇ ਭਾਈ ਬਲਵੰਤ ਸਿੰਘ ਗੋਪਾਲਾ, ਹਰਬੀਰ ਸਿੰਘ ਸੰਧੂ, ਭਾਈ ਪਰਮਜੀਤ ਸਿੰਘ ਮੰਡ, ਭਾਈ ਰਣਜੀਤ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਮੋਹਕਮ ਸਿੰਘ ਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।