11 ਸਤੰਬਰ ਨੂੰ ਜਨਮ-ਦਿਨ ਤੇ

ਕਲਮ ਦੇ ਧਨੀ-ਪਿ੍ੰ: ਨਰਿੰਦਰ ਸਿੰਘ ‘ਸੋਚ’
ਪਿ੍ੰ ਨਰਿੰਦਰ ਸਿੰਘ ‘ਸੋਚ’ ਦਾ ਜਨਮ 11 ਸਤੰਬਰ 1908 ਈ: ਨੂੰ ਗਦਰੀ ਬਾਬਾ ਸੋਭਾ ਸਿੰਘ ਦੇ ਘਰ ਮਾਤਾ ਰੂਪ ਕੌਰ ਦੀ ਕੁੱਖ ਤੋਂ ਹਰੀ ਕੇ ਪੱਤਣ ਨੇੜੇ  ਪਿੰਡ ਮਰ੍ਹਾਣਾ ,ਪੱਤੀ ਬਾਬਾ ਲਾਲ ਸਿੰਘ ਜੀ, ਤਹਿਸੀਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਹਨਾਂ ਗੁਰਮਤਿ ਪ੍ਰਚਾਰਕ ਵਿਦਿਆਲਾ ਤਰਨਤਾਰਨ ਤੋਂ ਗੁਰਮਤਿ ਦਾ ਕੋਰਸ ਕਰਨ ਉਪਰੰਤ ਸੰਤ ਗਿਆਨੀ ਅਮੀਰ ਸਿੰਘ ਜੀ ਸੱਤੋਵਾਲੀ ਗਲੀ ਅੰਮ੍ਰਿਤਸਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਰਦਾਈ ਅਰਥਾਂ ਦੀ ਸੰਥਿਆ ਪ੍ਰਾਪਤ ਕੀਤੀ। 1926 ਈ: ਵਿੱਚ ਉਹਨਾਂ ਲਿਖਣਾ ਸ਼ੁਰੂ ਕੀਤਾ ਤੇ ਉਹਨਾਂ ਦੇ ਲੇਖ ਅਖ਼ਬਾਰਾਂ ਵਿੱਚ ਛਪਣੇ ਸ਼ੁਰੂ ਹੋ ਗਏ। 1930 ਈ: ਵਿੱਚ ਉਹਨਾਂ ਨੇ ਆਪਣੀ ਪਹਿਲੀ ਕਾਵਿ ਰਚਨਾ ‘ਉਡਾਰੀਆਂ’ ਪ੍ਰਕਾਸ਼ਿਤ ਕੀਤੀ, ਜਿਸ ਵਿੱਚ 102 ਰੁਬਾਈਆਂ ਸ਼ਾਮਲ ਸਨ। ‘ਸੋਚ’ ਜੀ ਨੇ 1933 ਈ: ਵਿੱਚ ਨਾਵਲ ‘ਸਤੀ ਸਵਿਤਰੀ’ ਲਿਖਿਆ। 1926-27 ਈ: ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰਦੁਆਰਾ ਦੁੱਖ-ਭੰਜਨੀ ਬੇਰੀ ’ਤੇ ਗ੍ਰੰਥੀ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਦੋ ਸਾਲ ਆਪ ਨੇ ਇਹ ਸੇਵਾ ਨਿਭਾਈ।
ਪਿ੍ੰ: ਨਰਿੰਦਰ ਸਿੰਘ ਸੋਚ ਦਾ ਵਿਆਹ 4 ਮਾਰਚ 1934 ਈ: ਨੂੰ ਗਿਆਨੀ ਲਾਲ ਸਿੰਘ ਦੀ ਸਪੁੱਤਰੀ ਬੀਬੀ ਸੁਖਵੰਤ ਕੌਰ ਨਾਲ ਹੋਇਆ ਉਹਨਾਂ ਦੇ ਗ੍ਰਹਿ ਚਾਰ ਲੜਕੇ ਤੇ ਇੱਕ ਲੜਕੀ ਨੇ ਜਨਮ ਲਿਆ। ਉਹਨਾਂ ਦਾ ਵੱਡਾ ਬੇਟਾ ਡਾ: ਹਰਭਜਨ ਸਿੰਘ ਸੋਚ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੇਵਾ ਮੁਕਤ ਹੋਇਆ। ਛੋਟਾ ਬੇਟਾ ਪਰਮਿੰਦਰ ਸਿੰਘ ਅਤੇ ਬੇਟੀ ਡਾ: ਇੰਦੁੂ ਅਮਰੀਕਾ ਵਿੱਚ ਹਨ। 1935 ਵਿੱਚ ਉਹਨਾਂ ਗਿਆਨੀ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ। 1936 ਵਿੱਚ ਲਖਨਉੂ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗ੍ਰੰਥੀ ਦੀ ਸੇਵਾ ਨਿਭਾਈ। ਇੱਥੇ ਹੀ ਸੇਵਾ ਦੌਰਾਨ ਆਪ ਨੇ 200 ਭੱਠਾ ਮਜ਼ਦੂਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਤਿੰਨ ਸਾਲ ਸੇਵਾ ਕਰਨ ਤੋਂ ਬਾਅਦ ਵਾਪਸ ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਤੋਂ ਛਪ ਰਹੇ ਪੰਜਾਬੀ ਅਖ਼ਬਾਰ ‘ਪੰਚਕ’ ਦੇ ਐਡੀਟਰ ਲੱਗੇ । ਫਿਰ ਖ਼ਾਲਸਾ ਹਾਈ ਸਕੂਲ ਕੋਟਾ ਵਿਖੇ ਪੰਜਾਬੀ ਟੀਚਰ ਦੇ ਤੌਰ ’ਤੇ ਚਾਰ ਸਾਲ ਪੜ੍ਹਾਉਣ ਦੀ ਸੇਵਾ ਕੀਤੀ। ਇੱਥੇ ਹੀ ਸੋਚ ਜੀ ਸਵੇਰ ਸਮੇਂ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਦੇ ਰਹੇ। ਇੱਥੇ ਹੀ ਪੰਜਾਬੀ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਗਿਆਨੀ ਕਾਲਜ ਖੋਲ੍ਹਿਆ। ਕੁਝ ਸਮਾਂ ਖ਼ਾਲਸਾ ਹਾਈ ਸਕੂਲ ਅੰਬਾਲਾ ਵਿਖੇ ਸੇਵਾ ਕਰਨ ਤੋਂ ਬਾਅਦ ਸ਼੍ਰੀ ਗੁਰੂ ਰਾਮਦਾਸ ਸਕੂਲ ਅੰਮ੍ਰਿਤਸਰ ਵਿਖੇ ਆ ਕੇ 1945 ਈ: ਤੱਕ ਧਾਰਮਿਕ ਅਧਿਆਪਕ ਦੀ ਸੇਵਾ ਨਿਭਾਉਂਦੇ ਰਹੇ। ਇਸ ਸਮੇਂ ਦੌਰਾਨ ਧਰਮ ਪ੍ਰਚਾਰ ਕਮੇਟੀ ਵੱਲੋਂ ਲਈ ਜਾਂਦੀ ਧਾਰਮਿਕ ਪ੍ਰੀਖਿਆ ਲਈ ਧਾਰਮਿਕ ਪੁਸਤਕਾਂ ਲਿਖੀਆਂ।
1945 ਵਿੱਚ ਉਹਨਾਂ ਕਹਾਣੀ ਸੰਗ੍ਰਹਿ ‘ਰਾਹ ਜਾਂਦਿਆਂ’ ਪੰਜਾਬੀ ਸਾਹਿਤ ਦੀ ਝੋਲੀ ਪਾਇਆ। ਇਸ ਤੋਂ ਬਾਅਦ ਸੋਚ ਜੀ ਲਾਹੌਰ ਚਲੇ ਗਏ ਤੇ ਗਿਆਨੀ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ।
1947 ਦੀ ਵੰਡ ਤੋਂ ਬਾਅਦ ਉਹਨਾਂ ਅੰਮ੍ਰਿਤਸਰ ਆ ਕੇ ਪੰਜਾਬੀ ਦਾ ਰੋਜ਼ਾਨਾ ਅਖ਼ਬਾਰ ‘ਵਰਤਮਾਨ’ ਕੱਢਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਸ਼ਤਾਬਦੀ ਮਨਾਉਣ ਸਮੇਂ ਉਹਨਾਂ ਨੂੰ ਸ਼ਤਾਬਦੀ ਸਮਾਰੋਹ ਦਾ ਇੰਚਾਰਜ ਥਾਪਿਆ ਗਿਆ। 9 ਸੂਬਿਆਂ ਵਿੱਚ ਪੰਜਵੀਂ ਸ਼ਤਾਬਦੀ ਨੂੰ ਸਫਲਤਾ ਸਹਿਤ ਮਨਾਉਣ ਲਈ ਕਮੇਟੀਆਂ ਦਾ ਗਠਨ ਕੀਤਾ। ਛੇ ਸੂਬਿਆਂ ਵਿੱਚ ਪ੍ਰਦਰਸ਼ਨੀਆਂ ਲਗਵਾਈਆਂ। ਇਸ ਸਮੇਂ ਸੋਚ ਜੀ ‘ਗੁਰਮਤਿ ਪ੍ਰਕਾਸ਼’ ਮੈਗਜ਼ੀਨ ਦੇ ਸੰਪਾਦਕ ਦੀ ਸੇਵਾ ਨਿਭਾ ਰਹੇ ਸਨ। ਪੰਜਵੀਂ ਸ਼ਤਾਬਦੀ ਸਮੇਂ ‘ਗੁਰੂ ਨਾਨਕ ਬਾਣੀ ਦਰਸ਼ਨ’ ਵਿਸ਼ੇਸ਼ ਅੰਕ ਕੱਢਿਆ। ਗੁਰਦਿਆਲ ਸਿੰਘ ਫੋਟੋਗ੍ਰਾਫਰ ਨੂੰ ਨਾਲ ਲੈ ਕੇ ਉਹਨਾਂ ਪੰਜਾਬ ਅਤੇ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀਆਂ ਫੋਟੋਆਂ ਖਿੱਚੀਆਂ ਤੇ ਇਤਿਹਾਸ ਲਿਖਿਆ। ਡੇਰਾ ਸੰਤਪੁਰਾ ਯਮੁਨਾ ਨਗਰ (ਹਰਿਆਣਾ) ਵਿਖੇ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਦੀ ਸਰਪ੍ਰਸਤੀ  ਹੇਠ ਛਪ ਰਹੇ ਮੈਗਜ਼ੀਨ ‘ਗੁਰ ਸੰਦੇਸ਼’ ਦੀ ਉਹਨਾਂ ਚਾਰ ਸਾਲ ਤੱਕ ਸੇਵਾ ਕੀਤੀ।
ਪ੍ਰਿੰ : ਸੋਚ ਨੇ ਵਿਸ਼ਵ ਪ੍ਰਸਿੱਧ ਪੁਸਤਕਾਂ---ਚਾਰਲਸ ਡਿੰਕਨਜ਼ ਦਾ ਨਾਵਲ ‘ਟੇਲ ਆਫ ਟੂ ਸਿਟੀਜ਼’ ,ਵਿਕਟਰ ਹਿਉੂਗੋ ਦਾ ਨਾਵਲ ‘ਨਾਇਨਟੀ ਥਰੀ’ ਅਤੇ ਰਵਿੰਦਰ ਨਾਥ ਠਾਕੁਰ ਦੀ ਨੋਬਲ ਇਨਾਮ ਜੇਤੂ ਪੁਸਤਕ ‘ਗੀਤਾਂਜਲੀ’ ਦੇ ਪੰਜਾਬੀ ਅਨੁਵਾਦ ਕ੍ਰਮਵਾਰ ਕੈਦੀ, ਮਾਂ ਅਤੇ ਗੀਤਾਂਜਲੀ ਸਿਰਲੇਖ ਅਧੀਨ ਕੀਤੇ। 1942-43 ਵਿੱਚ ਗੋਰਕੀ ਦੇ ਪ੍ਰਸਿੱਧ ਨਾਵਲ ‘ਦਾ ਮਦਰ’ (ਮਾਂ) ਨੂੰ ਪੰਜਾਬੀ ਵਿੱਚ ਪਹਿਲੀ ਵਾਰ ਅਨੁਵਾਦ ਕੀਤਾ। ਖਲੀਲ ਜ਼ਿਬਰਾਨ ਦੀ ਪ੍ਰਸਿੱਧ ਪੁਸਤਕ ‘ਪ੍ਰਾਫੇਟ’ ਦਾ ਅਨੁਵਾਦ ‘ਜ਼ਿੰਦਗੀ’, ਗੋਰਕੀ ਦਾ ਨਾਵਲ ‘ਥ੍ਰੀ’ ਦਾ ਅਨੁਵਾਦ ‘ਚਮਕਦੇ ਤਾਰੇ’, ਸਪੈਨਿਸ਼ ਇਨਕਲਾਬ ਨਾਲ ਸੰਬੰਧਿਤ ਪ੍ਰਸਿੱਧ ਪੁਸਤਕ ‘ਸੈਵਨ ਰੈੱਡ ਸੰਡੇ’ ਦਾ ਅਨੁਵਾਦ ‘ਸੱਤ ਖ਼ੂਨੀ ਐਤਵਾਰ’ ਦੇ ਨਾਂ ਹੇਠ ਕੀਤਾ। 1949 ਵਿੱਚ ਉਹਨਾਂ ਨੇ ‘ਨੋਬਲ ਪ੍ਰਾਈਜ਼ ਜੇਤੂ’ ਕਿਤਾਬ ਲਿਖੀ ਜਿਸ ਵਿੱਚ ਸੰਸਾਰ ਦੇ 35 ਨੋਬਲ ਇਨਾਮ ਜੇਤੂ ਲੇਖਕਾਂ ਤੇ ਉਹਨਾਂ ਦੀਆਂ ਰਚਨਾਵਾਂ ਦਾ ਹਵਾਲਾ ਪੇਸ਼ ਕੀਤਾ। ਸ਼ੈਕਸਪੀਅਰ ਦੀਆਂ ਕਹਾਣੀਆਂ ਦਾ ਅਨੁਵਾਦ ‘ਸ਼ਾਮਾਂ ਪੈ ਗਈਆਂ’ ਅਤੇ ‘ਤਾਰੇ ਗਿਣਦਿਆਂ’ ਪ੍ਰਕਾਸ਼ਿਤ ਕੀਤਾ।
ਪ੍ਰਿੰ: ਨਰਿੰਦਰ ਸਿੰਘ ‘ਸੋਚ’ ਨੇ ਗੁਰੂ ਨਾਨਕ ਦਰਸ਼ਨ, ਬਾਣੀ ਤੇ ਸ਼ਬਦਾਰਥ, ਬ੍ਰਹਮ-ਗਿਆਨੀ ਬਾਬਾ ਬੁੱਢਾ ਜੀ, ਜੀਵਨ ਦਰਸ਼ਨ ਬਾਬਾ ਖੜਕ ਸਿੰਘ ਜੀ, ਸੁਧਾਸਰ ਦੇ ਹੰਸ, ਪੰਜਾਬ ਦਾ ਖ਼ੂਨੀ ਇਤਿਹਾਸ, ਜੀਵਨ ਤੇ ਜੀਵਨ ਦਰਸ਼ਨ ਬ੍ਰਹਮ-ਗਿਆਨੀ ਬਾਬਾ ਜਗਤਾ ਜੀ, ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾਮਾਰੁੂ, ਜੀਵਨ ਗਿਆਨੀ ਕਿ੍ਰਪਾਲ ਸਿੰਘ ਜੀ, ਅਮੀਰ ਸਿਧਾਂਤ ਸੰਤ ਗਿਆਨੀ ਅਮੀਰ ਸਿੰਘ ਜੀ, ਪਰਮਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਮਾਜ ਦਾ ਨਰਕ (ਨਾਵਲ), ਟੁੱਟਦੇ ਤਾਰੇ (ਨਾਵਲ), ਰਾਤ ਹਨੇਰੀ (ਨਾਵਲ), ਫਾਂਸੀ (ਨਾਵਲ), ਜ਼ਿੰਦਗੀ, ਦੁਨੀਆਂ ਵਿੱਚ ਪਹਿਲੀ ਮੌਤ, ਪਿੰਡ ਫਾਟਾ ਮਾਰਾ (ਨਾਵਲ), ਬੱਚਿਆਂ ਲਈ ਸਿੱਖ ਇਤਿਹਾਸ, ਸੰਤ ਮਰਾਲ ਜੀਵਨ ਤੇ ਜੀਵਨ ਦਰਸ਼ਨ, ਨਹਿਰੂ ਪਰਿਵਾਰ, ਚਿੜੀਆ ਘਰ, ਬਾਬਾ ਲਖਮੀ ਚੰਦ, ਬਾਬਾ ਸ੍ਰੀ ਚੰਦ ਦਰਸ਼ਨ, ਅਣਕੰਡਿਆਲਾ ਗੁਲਾਬ ਬੀਬੀ ਕਰਤਾਰ ਕੌਰ, ਅਣਮੋਲ ਹੀਰੇ, ਭਗਤ ਪੂਰਨ ਸਿੰਘ ਜੀਵਨ (ਦੋ ਭਾਗਾਂ ਵਿੱਚ), ਮਰਯਾਦਾ ਪੁਰਸ਼ੋਤਮ ਸੰਤ ਬਾਬਾ ਸੁੱਚਾ ਸਿੰਘ ਜੀ, ਹਮ ਰੁਲਤੇ ਫਿਰਤੇ ਸਵੈ-ਜੀਵਨੀ ਸਮੇਤ 70 ਤੋਂ ਵੱਧ ਪੁਸਤਕਾਂ ਅਨੁਵਾਦ, ਸੰਪਾਦਨਾ ਤੇ ਕਲਮ ਰਾਹੀਂ ਲਿਖ ਕੇ ਸਿੱਖ ਜਗਤ ਨੂੰ ਭੇਟ ਕੀਤੀਆਂ।
ਪ੍ਰਿੰ: ਨਰਿੰਦਰ ਸਿੰਘ ਸੋਚ ਆਪਣੇ ਆਪ ਵਿੱਚ ਇੱਕ ਮੁਕੰਮਲ ਕੋਸ਼ ਸਨ। ਉਹਨਾਂ ਜ਼ਲ੍ਹਿਆਂਵਾਲਾ ਬਾਗ਼ ਦਾ ਸਾਕਾ, ਦੁਨੀਆਂ ਦੀਆਂ ਦੋਵੇਂ ਜੰਗਾਂ, 1947 ਦੀ ਵੰਡ ਦਾ ਦੁਖਾਂਤ, ਅਕਾਲੀ ਲਹਿਰ ਦੇ ਉਤਰਾਅ-ਚੜ੍ਹਾਅ, ਅਕਾਲੀਆਂ ਦੇ ਮੋਰਚੇ, ਪੰਜਾਬੀ ਸੂਬੇ ਲਈ ਜੱਦੋ-ਜਹਿਦ, 1978 ਤੋਂ ਆਰੰਭ ਹੋਏ ਪੰਜਾਬ ਦੇ ਸੰਤਾਪ, 1984 ਵਿੱਚ ਵਾਪਰੇ ਦੁਖਾਂਤ ਪਿੱਛੋਂ ਖੁੰਬਾਂ ਵਾਂਗ ਉੱਗਦੀਆਂ ਢਹਿੰਦੀਆਂ ਸਰਕਾਰਾਂ ਦੇ ਉਹ ਚਸ਼ਮਦੀਦ ਗਵਾਹ ਸਨ।
ਪ੍ਰਿੰ: ਨਰਿੰਦਰ ਸਿੰਘ ਸੋਚ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੰਤ ਪੰਡਿਤ ਨਿਸ਼ਚਲ ਸਿੰਘ ਜੀ ‘ਸੇਵਾਪੰਥੀ’ ਤੋਂ ਹੋਏ। ਡੇਰਾ ਸੰਤਪੁਰਾ ਯਮੁਨਾ ਨਗਰ ਵਿਖੇ ਰਹਿ ਕੇ ਉਹਨਾਂ ‘ਗੁਰ ਸੰਦੇਸ਼’ ਮੈਗਜ਼ੀਨ ਦੇ ਸੰਪਾਦਕ ਦੇ ਨਾਲ-ਨਾਲ ਗੁਰਬਾਣੀ, ਗੁਰਮਤਿ ਦੀਆਂ ਕਲਾਸਾਂ ਲੈ ਕੇ ਹਜ਼ਾਰਾਂ ਹੀ ਬੱਚੇ-ਬੱਚੀਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਿਆ। ਉਹਨਾਂ ਦਾ ਰੋਜ਼ਾਨਾ ਨੇਮ ਸੀ ਕਿ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰੀਲੇਅ (ਸਿੱਧਾ ਪ੍ਰਸਾਰਣ) ਹੋ ਰਹੇ ਕੀਰਤਨ ਨੂੰ ਰੇਡੀਓ ਤੋਂ ਸੁਣਦੇ ਸਨ। ਫਿਰ ਇਸ਼ਨਾਨ ਕਰਨ ਉਪਰੰਤ ਨਿੱਤ-ਨੇਮ ਕਰਦੇ ਸਨ। ਫਿਰ ਸੈਰ ਕਰਨ ਵਾਸਤੇ ਚਲੇ ਜਾਂਦੇ ਸਨ। ਸੈਰ ਤੋਂ ਬਾਅਦ ਆਪ ਨਾਸ਼ਤਾ ਕਰਕੇ ਲਿਖਣਾ ਆਰੰਭ ਕਰ ਦਿੰਦੇ ਸਨ। ਪ੍ਰਿੰ: ਸੋਚ ਮਿਲਣ ਵਾਲਿਆਂ ਨੂੰ ਪੂਰਾ ਖੁੱਲ੍ਹਾ ਸਮਾਂ ਦਿੰਦੇ ਸਨ। ਉਹਨਾਂ ਦੇਸ਼ ਦੀ ਵੰਡ ਸਮੇਂ ਅੰਮ੍ਰਿਤਸਰ ਦੇ ਲੋਕਾਂ ਨੂੰ ਲੁੱਟ-ਮਾਰ ਤੋਂ ਬਚਾਇਆ ਤੇ ਫਿਰ ਜੱਜ ਨੂੰ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਲਾ ਕੇ ਸ਼ਰਨਾਰਥੀਆਂ ਨੂੰ ਅਲਾਟਮੈਂਟ ਕਰਵਾਈ।
ਪ੍ਰਿੰ: ਨਰਿੰਦਰ ਸਿੰਘ ‘ਸੋਚ’ ਬਹੁਤ ਹੀ ਮਿੱਠਬੋਲੜੇ ਤੇ ਮਿਲਣਸਾਰ ਸਨ। ਉਹਨਾਂ ਦੇ ਮਿੱਠੇ ਬੋਲ ਹੀ ਵਿਅਕਤੀ ਨੂੰ ਆਪਣੇ ਵੱਲ ਖਿੱਚ ਲੈਂਦੇ ਸਨ। ਉਹ ਪੰਜਾਬੀ, ਹਿੰਦੀ, ਸੰਸਕ੍ਰਿਤ, ਬ੍ਰਜ, ਉਰਦੂ, ਫ਼ਾਰਸੀ, ਅਰਬੀ ਤੇ ਅੰਗਰੇਜ਼ੀ ਭਾਸ਼ਾਵਾਂ ਚੰਗੀ ਤਰ੍ਹਾਂ ਪੜ੍ਹ ਲੈਂਦੇ ਸਨ। ਉਹਨਾਂ ਦੀ ਯਾਦ ਸ਼ਕਤੀ ਬਹੁਤ ਤੇਜ਼ ਸੀ। ਪ੍ਰਿੰ: ‘ਸੋਚ’ ਨੇ ‘ਜੀਵਨ ਤੇ ਜੀਵਨ ਦਰਸ਼ਨ ਬਾਬਾ ਤੀਰਥ ਸਿੰਘ ਸੇਵਾਪੰਥੀ’ ਲਿਖਣਾ ਸ਼ੁਰੂ ਕੀਤਾ। ਇਹਨਾਂ ਸਤਰਾਂ ਦਾ ਲੇਖਕ ਅੰਮ੍ਰਿਤਸਰ ਜਾ ਕੇ ‘ਭਾਈ ਕਨੱਈਆ ਸੇਵਾ ਜੋਤੀ’ ਪੰਜਾਬੀ ਮਾਸਿਕ ਮੈਗਜ਼ੀਨ ਵਿੱਚ ਛਾਪਣ ਲਈ ਮਹੰਤ ਤੀਰਥ ਸਿੰਘ ਜੀ ਦੇ ਜੀਵਨ-ਗਾਥਾ ਦੀਆਂ ਕਿਸ਼ਤਾਂ ਸੋਚ ਜੀ ਪਾਸੋਂ ਲਿਖਵਾ ਕੇ ਲਿਆਉਂਦਾ ਰਿਹਾ ਜੋ ਮੈਗਜ਼ੀਨ ਵਿੱਚ ਛਪਦੀਆਂ ਰਹੀਆਂ।
ਨਰਿੰਦਰ ਸਿੰਘ ਸੋਚ ਜਿਨ੍ਹਾਂ ਨੇ ਸੇਵਾਪੰਥੀ ਮਹਾਂਪੁਰਸ਼ ਬਾਬਾ ਜਗਤਾ ਜੀ ਦਾ ਜੀਵਨ ਮਾਖਿਓਂ ਮਿੱਠੀ ਤੇ ਬਹੁਤ ਹੀ ਸੁਖੈਨ ਬੋਲੀ ਵਿੱਚ ਲਿਖਿਆ, ਜਿਸ ਨੂੰ ਪਾਠਕਾਂ ਨੇ ਬਹੁਤ ਪਸੰਦ ਕੀਤਾ। ਇਸ ਪੁਸਤਕ ਦੇ ਸੱਤ ਐਡੀਸਨ  ਛਪ ਚੁੱਕੇ ਹਨ। ਮੈਨੂੰ ਯਾਦ ਹੈ,ਦਸੰਬਰ 1996 ਵਿੱਚ  ਦਾਸ ਨਾਲ ਬਚਨ ਬਿਲਾਸ ਕਰਦਿਆਂ  ਮਹੰਤ ਤੀਰਥ ਸਿੰਘ ਜੀ 'ਸੇਵਾਪੰਥੀ' ਨੇ ਕਿਹਾ ਕਿ ਬਾਬਾ ਜਗਤਾ ਜੀ ਦੇ ਸਾਲਾਨਾ ਯੱਗ- ਸਮਾਗਮ ਤੇ ਪ੍ਰਿੰ: ਨਰਿੰਦਰ ਸਿੰਘ 'ਸੋਚ' ਨੂੰ ਸਨਮਾਨਿਤ ਕਰਨਾ ਹੈ। ਜਦੋਂ ਮੈਂ (ਲੇਖਕ) ਸੋਚ  ਜੀ ਕੋਲ ਗਿਆ ਤਾਂ ਉਹਨਾਂ ਕਿਹਾ ਕਿ  ਬਿਰਧ ਅਵਸਥਾ ਹੋਣ ਕਰਕੇ ਹੁਣ ਚੱਲ ਨਹੀਂ ਸਕਦਾ। ਮੈਂ ਜਦ ਅੰਮ੍ਰਿਤਸਰ ਤੋਂ ਵਾਪਸ ਆ ਕੇ ਮਹੰਤ ਤੀਰਥ ਸਿੰਘ ਜੀ ਨੂੰ ਦੱਸਿਆ ਤਾਂ ਮਹੰਤ ਤੀਰਥ ਸਿੰਘ ਜੀ ਨੇ ਸ੍ਰ: ਜੋਗਿੰਦਰ ਸਿੰਘ ਘੜੀਆਂ ਵਾਲੇ ਜੋ ਹਾਲ ਬਜ਼ਾਰ ਅੰਮ੍ਰਿਤਸਰ ਰਹਿੰਦੇ ਸਨ, ਉਹਨਾਂ ਦੀ ਡਿਊਟੀ ਲਗਾ ਦਿੱਤੀ ਤੇ ਕਿਹਾ ਕਿ ਜਦੋਂ ਆਪ ਯੱਗ -ਸਮਾਗਮ ਤੇ ਆਉ  ਤਾਂ ਪ੍ਰਿੰ :  ਨਰਿੰਦਰ ਸਿੰਘ 'ਸੋਚ' ਨੂੰ ਗੱਡੀ (ਕਾਰ) ਵਿੱਚ ਨਾਲ ਲੈਂਦੇ ਆਉਣਾ। ਮਹੰਤ ਪਰਮਜੀਤ ਸਿੰਘ ਜੀ 'ਸੇਵਾਪੰਥੀ ' ਰੋਹਤਕ ਵਾਲੇ 14 ਜਨਵਰੀ ਨੂੰ ਸਵੇਰੇ ਅੰਮ੍ਰਿਤਸਰ ਕਿਸੇ ਪ੍ਰੋਗਰਾਮ ਤੇ ਗਏ ਹੋਏ ਸਨ। ਮਹੰਤ ਤੀਰਥ ਸਿੰਘ ਜੀ ਨੇ ਫੋਨ ਕਰਕੇ ਮਹੰਤ ਪਰਮਜੀਤ ਸਿੰਘ ਜੀ ਨੂੰ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ -ਚਾਂਸਲਰ ਡਾਕਟਰ ਹਰਭਜਨ ਸਿੰਘ 'ਸੋਚ' ਦੇ ਪਿਤਾ ਪ੍ਰਿੰ: ਨਰਿੰਦਰ ਸਿੰਘ 'ਸੋਚ' ਨੂੰ ਅੱਜ ਰਾਤ ਨੂੰ ਸਨਮਾਨਿਤ ਕਰਨਾ ਹੈ , ਉਹਨਾਂ ਨੂੰ ਨਾਲ ਲੈਂਦੇ ਆਉਣਾ। ਪ੍ਰਿੰ: ਨਰਿੰਦਰ ਸਿੰਘ ‘ਸੋਚ’ ਨੂੰ ਮਹੰਤ ਤੀਰਥ ਸਿੰਘ ‘ਸੇਵਾਪੰਥੀ’ ਨੇ 14 ਜਨਵਰੀ 1997 ਈ: ਰਾਤ ਨੂੰ ਭਰੇ ਹੋਏ ਦੀਵਾਨ ਹਾਲ ਵਿੱਚ ਸੰਗਤਾਂ ਦੇ ਜੈਕਾਰਿਆਂ ਦੀ ਗੂੰਜਾਰ ਵਿੱਚ 11000 ਰੁਪਏ ਨਕਦ, ਸ਼ਾਲ ਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ। ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ’ਤੇ 16 ਸਤੰਬਰ 1993 ਈ: ਨੂੰ ਪ੍ਰਿੰ: ਨਰਿੰਦਰ ਸਿੰਘ ‘ਸੋਚ’ ਨੂੰ ਸਨਮਾਨਿਤ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਨਾਲ ਸੋਚ ਜੀ ਨੂੰ ਸਨਮਾਨਿਤ ਕੀਤਾ ਗਿਆ। ਹੋਰ ਵੀ ਬਹੁਤ ਮਾਣ-ਸਨਮਾਨ ਪ੍ਰਾਪਤ ਹੋਏ।
ਪ੍ਰਿੰ: ਨਰਿੰਦਰ ਸਿੰਘ ‘ਸੋਚ’ ਅਲਾਮਾ ਇਕਬਾਲ, ਪੋ੍: ਪੂਰਨ ਸਿੰਘ, ਭਾਈ ਵੀਰ ਸਿੰਘ, ਭਾਈ ਜੋਧ ਸਿੰਘ, ਸਿਰਦਾਰ ਕਪੂਰ ਸਿੰਘ, ਪ੍ਰਿੰ: ਤੇਜਾ ਸਿੰਘ, ਡਾ: ਗੰਡਾ ਸਿੰਘ, ਸ੍ਰ: ਸਾਧੂ ਸਿੰਘ ਹਮਦਰਦ, ਸ੍ਰ: ਨਾਨਕ ਸਿੰਘ ਦੇ ਬਹੁਤ ਨਿਕਟਵਰਤੀ ਰਹੇ। ਪ੍ਰਿੰ: ਨਰਿੰਦਰ ਸਿੰਘ ਸੋਚ 98 ਸਾਲ ਦੀ ਉਮਰ ਬਤੀਤ ਕਰਕੇ 16 ਮਈ 2006 ਈ: ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
Email- karnailSinghma@gmail.com