ਪੰਜਾਬ ਹਰਿਆਣਾ ਦੀ ਹੱਦ ’ਤੇ ਘੱਗਰ ‘ਤੇ ਬਣੇ ਚਾਂਦਪੁਰਾ ਬੰਨ੍ਹ ਦੇ ਟੁੱਟਣ ਕਾਰਨ ਦੋਹੀਂ ਪਾਸੀ ਆਏ ਹੜ੍ਹਾਂ ਨੇ ਪਿੰਡਾਂ ਦੇ ਪਿੰਡ ਡੋਬ ਦਿੱਤੇ

ਘੱਗਰ ਨੇ ਹਰਿਆਣਾ ਦੇ ਚਾਂਦਪੁਰਾ ’ਚ ਦਾਖ਼ਲ ਹੋਣ ਤੋਂ ਬਾਅਦ ਇੰਨੀ ਦਿਨੀਂ ਫਿਰ ਦਰਿੰਦਗੀ ਦਿਖਾਉਂਦੇ ਹੋਏ ਤਬਾਹੀ ਦਾ ਮੰਜ਼ਰ ਲਿਆ ਖੜ੍ਹਾ ਕੀਤਾ 

ਮਾਨਸਾ, 23 ਜੁਲਾਈ -(ਗੁਰਕੀਰਤ ਸਿੰਘ/ਮਨਜ਼ਿੰਦਰ ਗਿੱਲ) - ਘੱਗਰ ਨੇ ਹਰਿਆਣਾ ਦੇ ਚਾਂਦਪੁਰਾ ’ਚ ਦਾਖ਼ਲ ਹੋਣ ਤੋਂ ਬਾਅਦ ਫਿਰ ਦਰਿੰਦਗੀ ਦਿਖਾਉਂਦੇ ਹੋਏ ਤਬਾਹੀ ਦਾ ਮੰਜ਼ਰ ਲਿਆ ਖੜ੍ਹਾ ਕੀਤਾ ਹੈ। ਪੰਜਾਬ ਹਰਿਆਣਾ ਦੀ ਹੱਦ ’ਤੇ ਘੱਗਰ ‘ਤੇ ਬਣੇ ਚਾਂਦਪੁਰਾ ਬੰਨ੍ਹ ਦੇ ਟੁੱਟਣ ਕਾਰਨ ਦੋਹੀਂ ਪਾਸੀ ਬੇਲਗਾਮ ਹੋਏ ਪਾਣੀ ਕਾਰਨ ਆਏ ਹੜ੍ਹਾਂ ਨੇ ਪਿੰਡਾਂ ਦੇ ਪਿੰਡ ਡੋਬ ਦਿੱਤੇ ਹਨ। ਇਸ ਦੇ ਆਸਪਾਸ ਬਣੇ ਪਿੰਡਾਂ ਨੂੰ ਇਕ ਵਾਰ ਫਿਰ ਘੱਗਰ ਦੀ ਦਹਿਸ਼ਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਨੇਕਾਂ ਪਰਿਵਾਰਾਂ ਨੂੰ ਘਰੋਂ ਬੇਘਰ ਹੁੰਦਿਆਂ ਉਜਾੜੇ ਦਾ ਦਰਦ ਹੰਢਾਉਣਾ ਪੈ ਰਿਹਾ ਹੈ | 

ਭਾਰਤੀ ਸੈਨਾ ਐੱਨਡੀਆਰਐੱਫ ਦੀ ਮਦਦ ਨਾਲ ਲੋਕਾਂ ਨੂੰ ਬਚਾਉਣ ’ਚ ਲੱਗੀ ਹੋਈ ਹੈ, ਉਥੇ ਨਾਲ ਹੀ ਚਾਂਦਪੁਰਾ ਬੰਨ੍ਹ ਪੂਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਲੋੜਵੰਦਾਂ ਨੂੰ ਖਾਣ ਪੀਣ ਦੀਆਂ ਵਸਤੂਆਂ ਤੇ ਹੋਰ ਲੁੜੀਂਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ। ਬੇਸ਼ਕ ਇਸ ਬੰਨ੍ਹ ਦੇ ਟੁੱਟਣ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਤੇ ਲੋਕਾਂ ਦੁਆਰਾ ਦਿਨ, ਰਾਤ ਪਹਿਰੇਦਾਰੀ ਕੀਤੀ ਗਈ ਸੀ। ਪਰ ਮੰਦੇਭਾਗੀ ਬੰਨ੍ਹ ਟੁੱਟ ਗਿਆ ਜੋ ਕਿ ਇਲਾਕੇ ’ਚ ਭਾਰੀ ਤਬਾਹੀ ਦਾ ਕਾਰਨ ਬਣਿਆ ਹੈ। ਲੋਕਾਂ ’ਚ ਇਹ ਨਾਰਾਜ਼ਗੀ ਪਾਈ ਜਾ ਰਹੀ ਹੈ ਕਿ ਚਾਂਦਪੁਰਾ ਬੰਨ੍ਹ ’ਤੇ ਫਸ ਰਹੀਆਂ ਬੂਟੀ ਤੇ ਟਾਹਣਿਆਂ ਨੂੰ ਪੌਕਲੇਨ ਮਸ਼ੀਨਾਂ ਲਿਆ ਕੇ ਕੱਢਿਆ ਜਾਂਦਾ ਤੇ ਸਰਕਾਰਾਂ ਸਮੇਂ ਸਿਰ ਢੁੱਕਵੇਂ ਪ੍ਰਬੰਧ ਕਰ ਲੈਂਦੀਆਂ ਤਾਂ ਹੜ੍ਹਾਂ ਕਾਰਨ ਹੋਈ ਇਸ ਤਬਾਹੀ ਤੋਂ ਬਚਿਆ ਜਾ ਸਕਦਾ ਸੀ।

ਘੱਗਰ 1962, 1988, 1993 ’ਚ ਪਹਿਲਾਂ ਵੀ ਆਪਣੀ ਵਿਨਾਸ਼ਕਾਰੀ ਲੀਲ੍ਹਾ ਖੇਡਦਾ ਹੋਇਆ ਬੁਢਲਾਡਾ ਤੇ ਸਰਦੂਲਗੜ੍ਹ ਇਲਾਕਿਆਂ ਨੂੰ ਪ੍ਰਭਾਵਿਤ ਕਰ ਚੁੱਕਿਆ ਹੈ। ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਸਰਦੂਲਗੜ੍ਹ ਦੇ ਪਿੰਡ ਰੋੜਕੀ ਤੇ ਝੰਡਾ ਕਲਾਂ ’ਚ ਪਾੜ ਪਿਆ ਤਾਂ ਆਸਪਾਸ ਪਾਣੀ ਭਰ ਗਿਆ ਤੇ ਫਿਰ ਪਿੰਡ ਸਾਧੂਵਾਲਾ ’ਚ ਪਾੜ ਪਿਆ। ਇਸ ਨਾਲ ਪੂਰੇ ਸਰਦੂਲਗੜ੍ਹ ਇਲਾਕੇ ’ਚ ਹੀ ਹਾਹਾਕਾਰ ਮੱਚ ਗਈ। ਪਿੰਡ ਸਾਧੂਵਾਲਾ, ਫੂਸਮੰਡੀ ਦੇ ਘਰਾਂ ਤੱਕ ਪਾਣੀ ਪਹੁੰਚ ਗਿਆ ਅਤੇ ਲੋਕ ਘਰਾਂ ’ਚ ਹੀ ਫਸ ਕੇ ਰਹਿ ਗਏ, ਜਦੋਂਕਿ ਸਰਦੂਲਗੜ੍ਹ ਸ਼ਹਿਰ ’ਚ ਵੀ ਪਾਣੀ ਦਾਖ਼ਲ ਹੋ ਗਿਆ। ਸਰਦੂਲਗੜ੍ਹ ’ਚ ਅਨਾਜ ਮੰਡੀ ਦੀ ਕੰਧ ਪਾਣੀ ਨੇ ਤੋੜ ਦਿੱਤੀ ਤੇ ਪਾਣੀ ਹੀ ਪਾਣੀ ਹੋ ਗਿਆ ਤੇ ਨੈਸ਼ਨਲ ਹਾਈਵੇ ਸਰਦੂਲਗੜ੍ਹ ਸਿਰਸਾ ’ਚ ਪਾਣੀ ਕਈ-ਕਈ ਫੁੱਟ ਜਮ੍ਹਾਂ ਹੋ ਗਿਆ। ਇਸ ਕਾਰਨ ਨੈਸ਼ਨਲ ਹਾਈਵੇ ਵੀ ਬੰਦ ਕਰ ਦਿੱਤਾ ਗਿਆ। ਇਸ ਦੇ ਇਕ ਪਾਸੇ ਪੂਰੀ ਤਰ੍ਹਾਂ ਪਾਣੀ ਭਰ ਗਿਆ, ਜਦੋਂਕਿ ਦੂਜੇ ਪਾਸੇ ਲੋਕਾਂ ਨੇ ਮਿੱਟੀ ਨਾਲ ਵੱਡੇ-ਵੱਡੇ ਬੰਨ੍ਹ ਬਣਾ ਕੇ ਇਹ ਪਾਣੀ ਨੂੰ ਰੋਕ ਲਿਆ। ਸਰਦੂਲਗੜ੍ਹ ’ਚ ਉਦੋਂ ਸਭ ਹੈਰਾਨ ਰਹਿ ਗਏ ਜਦ ਇਕ ਬਜ਼ੁਰਗ ਔਰਤ ਨੂੰ ਪਾਣੀ ਘਿਰੇ ਹੋਣ ’ਤੇ ਉਸ ਦੇ ਤਿੰਨ ਪੁੱਤਾਂ ’ਚੋਂ ਕੋਈ ਵੀ ਕੱਢਣ ਨਾ ਆਇਆ ਅਤੇ ਕੁਝ ਨੌਜਵਾਨਾਂ ਨੇ ਜਾ ਕੇ ਉਸ ਦੀ ਸਾਰ ਲਈ ਤੇ ਪਾਣੀ ’ਚੋਂ ਕੱਢ ਕੇ ਲਿਆਂਦਾ। 

ਹਰਿਆਣਾ ਪੰਜਾਬ ਦੇ ਕਈ ਪਿੰਡਾਂ ਦਾ ਆਪਸ ’ਚ ਟੁੱਟਿਆ ਸੰਪਰਕ ਹਰਿਆਣਾ ਦੇ ਚਾਂਦਪੁਰਾ ਤੋਂ ਟੁੱਟੇ ਬੰਨ੍ਹ ਦੇ ਕਾਰਨ ਪੰਜਾਬ ਦੇ ਲੱਗਦੇ ਪਿੰਡਾਂ ਦਾ ਆਪਸ ਵਿਚ ਸੰਪਰਕ ਟੁੱਟ ਗਿਆ ਹੈ, ਜਦੋਂਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਹੀ ਪਿੰਡਾਂ ’ਚ ਖੜ੍ਹੇ ਪਾਣੀ ਕਾਰਨ ਇਕ-ਦੂਜੇ ਕੋਲ ਪਹੁੰਚਣਾ ਮੁਸ਼ਕਿਲ ਹੋਇਆ ਪਿਆ ਹੈ। ਚੋਣਾਂ ਵੇਲੇ ਕੀਤੇ ਵਾਅਦੇ ਨਹੀਂ ਹੁੰਦੇ ਵਫ਼ਾ  ਘੱਗਰ ਦਰਿਆ ’ਚ ਆਉਂਦੇ ਹੜ੍ਹਾਂ ਦੇ ਸਥਾਈ ਹੱਲ ਨੂੰ ਲੈ ਕੇ ਹਰ ਵਾਰ ਚੋਣਾਂ ਨੇੜੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਫੋਕੀ ਬਿਆਨਬਾਜ਼ੀ ਕੀਤੀ ਜਾਂਦੀ ਹੈ। ਆਫ਼ਤ ਦੇ ਦਿਨਾਂ ਦੌਰਾਨ ਵੀ ਸਿਆਸੀ ਆਗੂਆਂ ਦੇ ਦੌਰੇ ਲੋਕਾਂ ਦੇ ਦਿਲਾਂ ’ਤੇ ਮੱਲ੍ਹਮ ਲਗਾਉਣ ਦੀ ਬਜਾਏ ਉਨ੍ਹਾਂ ਦੇ ਦਿਲਾਂ ’ਚ ਡੂੰਘੀ ਸੱਟ ਮਾਰ ਜਾਂਦੇ ਹਨ। ਘੱਗਰ ਦੇ ਨਾਲ ਵਸਦੇ ਪਿੰਡਾਂ ਲੋਕਾਂ ਦੇ ਦਿਲਾਂ ’ਚ ਅੱਜ ਵੀ ਇਹੀ ਚੀਸ ਨਿਕਲਦੀ ਹੈ ਕਿ ਹਕੂਮਤਾਂ ਬਦਲਦੀਆਂ ਰਹੀਆਂ, ਪਰ ਉਨ੍ਹਾਂ ਦੀ ਤਕਦੀਰ ਕਦੇ ਨਹੀਂ ਬਦਲੀ। ਪਰ ਸਮੇਂ ਦੀਆਂ ਹਕੂਮਤਾਂ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਲੋਕਾਂ ਲਈ ਸਰਾਪ ਬਣ ਗਿਆ ਹੈ। ਕਦੇ ਲੋਕਾਂ ਨੂੰ ਘੱਗਰ ਦੇ ਪਾਣੀ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਦੇ ਇਸ ਵਿਚ ਆਉਂਦੇ ਜ਼ਹਿਰੀਲੇ ਫੈਕਟਰੀਆਂ ਦੇ ਪਾਣੀ ਕਾਰਨ ਲੱਗਦੀਆਂ ਬਿਮਾਰੀਆਂ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਲੋਕਾਂ ਨੂੰ ਕੈਂਸਰ, ਜਿਗਰ, ਹੈਪੇਟਾਈਟਸ ਬੀ, ਸਾਧਾਰਨ ਪੀਲੀਆ, ਚਮੜੀ, ਵਾਲ ਸਫ਼ੈਦ ਹੋਣਾ, ਦਮਾ ਤੇ ਦਿਲ ਦੀਆਂ ਬਿਮਾਰੀਆਂ ਘੇਰ ਰਹੀਆਂ ਹਨ। ਪਿੰਡਾਂ ’ਚ ਫੈਲ ਰਹੀ ਕੈਂਸਰ ਵਰਗੀ ਮਾਰੂ ਬਿਮਾਰੀ ਚਿੰਤਾ ਵਿਸ਼ਾ ਹੈ।

  ਪੰਜਾਬੀ ਲੋਕ ਬਿਪਤਾ ਸਮੇਂ ਹਮੇਸ਼ਾ ਦੂਜਿਆਂ ਦੀ ਮਦਦ ਕਰਦੇ ਆਏ ਹਨ ਇਸੇ ਪਿਰਤ ਨੂੰ ਕਾਇਮ ਰੱਖਦਿਆਂ ਸਮੁੱਚੇ ਪੰਜਾਬ ਦੇ ਪੰਜਾਬੀਆਂ ਤੇ ਬਾਹਰ ਵਿਦੇਸ਼ਾਂ ’ਚ ਵਸਦੇ ਪੰਜਾਬੀਆਂ ਨੇ ਹੜ੍ਹ ਪੀੜਤਾਂ ਲਈ ਦਿਲ ਖੋਲ੍ਹ ਦਿੱਤੇ ਹਨ ਅਤੇ ਦਰਿਆਦਿਲੀ ਨਾਲ ਉਨ੍ਹਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਭਾਵੇਂਕਿ ਇਸ ਦੇ ਨਾਲ ਹਰਿਆਣਾ ਰਾਜਸਥਾਨ ਤੇ ਹੋਰਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ। ਇੱਥੇ ਵੱਡੀ ਗਿਣਤੀ ’ਚ ਪੰਜਾਬ, ਰਾਜਸਥਾਨ ਤੇ ਹਰਿਆਣਾ ਤੋਂ ਵੀ ਲੋਕਾਂ ਨੂੰ ਸਮੱਗਰੀ ਦੇਣ ਲਈ ਪਹੁੰਚ ਰਹੇ ਹਨ, ਪਰ ਉਨ੍ਹਾਂ ਨੇ ਨਾਲ ਹੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸਬੰਧਤ ਹੜ੍ਹ ਪ੍ਰਭਾਵਿਤ ਮੋਹਤਵਰਾਂ ਨਾਲ ਗੱਲਬਾਤ ਕਰ ਕੇ ਹੀ ਸਬੰਧਤ ਪਿੰਡਾਂ ਵਿਚ ਸਮੱਗਰੀ ਲੈ ਕੇ ਆਉਣ ਤਾਂ ਜੋ ਕੋਈ ਸਮੱਸਿਆ ਆਵੇ। ਇਕ ਕਿਸਾਨ ਨੇ 5 ਏਕੜ ’ਚੋਂ ਮਿੱਟੀ ਹੀ ਚੁਕਵਾ ਦਿੱਤੀ ਤੇ ਬੰਨ੍ਹ ਮਰਵਾਏ ਜਾ ਰਹੇ ਹਨ ਅਤੇ ਵੱਡੀ ਗਿਣਤੀ ’ਚ ਲੋਕ ਖ਼ੁਦ ਦੇ ਟਰੈਕਟਰ, ਟਰਾਲੀਆਂ ਲੈ ਕੇ ਪਹੁੰਚ ਰਹੇ ਹਨ।