You are here

ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਸੰਪੂਰਨਤਾ ਮੌਕੇ ਪਹੁੰਚੀਆਂ ਸਿੱਖ ਸ਼ਖਸ਼ੀਅਤਾਂ ਦਾ ਧੰਨਵਾਦ- ਬਾਬਾ ਬਲਬੀਰ ਸਿੰਘ

ਤਲਵੰਡੀ ਸਾਬੋ, 17 ਮਾਰਚ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਦੇ ਮੌਜੂਦਾ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ ਨੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਸੰਪੂਰਨਤਾ ਮੌਕੇ ਪਹੁੰਚੇ ਤਖਤ ਸਾਹਿਬਾਨ ਦੇ ਜਥੇਦਾਰ, ਸਿੱਖ ਸ਼ਖਸ਼ੀਅਤਾਂ, ਸੰਤ ਸਮਾਜ, ਨਿਹੰਗ ਸਿੰਘ ਦਲਾਂ ਦੇ ਮੁਖੀ ਜਥੇਦਾਰਾਂ ਦਾ ਧੰਨਵਾਦ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਥ ਬੁੱਢਾ ਦਲ ਵੱਲੋਂ ਪਿਛਲੇ ਸਾਲ ਤੋਂ ਮਹਾਨ ਸਮਾਗਮ ਆਰੰਭ ਕੀਤੇ ਸਨ। ਇਹ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਦੀਵਾਨ ਹਾਲ ਮੰਜੀ ਸਾਹਿਬ ਤੋਂ ਆਰੰਭ ਹੋਏ ਤੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ ਉਥੇ ਹੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਸਥਿਤ ਵੱਡੇ ਵੱਡੇ ਸ਼ਹਿਰਾਂ ਦਿੱਲੀ, ਇੰਦੌਰ, ਨਾਗਪੁਰ ਹੈਦਰਾਬਾਦ, ਮੁੰਬਈ, ਗਵਾਲੀਅਰ, ਕਰਨਾਲ, ਜਲੰਧਰ, ਲੁਧਿਆਣਾ ਤੇ ਪਟਿਆਲਾ ਆਦਿ ਸ਼ਹਿਰਾਂ ਵਿੱਚ ਵੀ ਪੰਥ ਬੁੱਢੇ ਦਲ ਦੇ ਖਜ਼ਾਨੇ ਵਿੱਚ ਪੁਰਾਤਨ ਗੁਰੂ ਸਾਹਿਬਾਨਾਂ ਅਤੇ ਜਥੇਦਾਰ ਸਾਹਿਬਾਨਾਂ ਦੇ ਧਾਰਮਿਕ ਸ਼ਾਸਤਰਾਂ ਦੇ ਦਰਸ਼ਨ ਦੀਦਾਰ ਵੀ ਕਰਵਾਏ ਗਏ। ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਰੰਭੇ ਇਨਾਂ ਗੁਰਮਤਿ ਸਮਾਗਮ ਦੇ ਇੱਕ ਸਾਲ ਪੂਰੇ ਹੋਣ 'ਤੇ ਅੱਜ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਛਾਉਣੀ ਬੁੱਢਾ ਦਲ ਵਿਖੇ ਸਥਿਤ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸ਼ਤਾਬਦੀ ਸੰਪੂਰਨਤਾ ਗੁਰਮਤਿ ਸਮਾਗਮ ਕਰਵਾਏ ਗਏ। ਇਨਾਂ ਮਹਾਨ ਗੁਰਮਤਿ ਸਮਾਗਮਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਤੋਂ ਇਲਾਵਾ ਦਮਦਮੀ ਟਕਸਾਲ ਦੇ ਨੁਮਾਇੰਦੇ, ਸੰਤ ਸਮਾਜ ਦੇ ਆਗੂ ਸਾਹਿਬਾਨ, ਮਾਤਾ ਕੌਲਾਂ ਜੀ ਭਲਾਈ ਕੇਂਦਰ ਦੇ ਭਾਈ ਗੁਰਇਕਬਾਲ ਸਿੰਘ, ਬੀਬਾ ਵਿਪਨਪ੍ਰੀਤ ਕੌਰ ਲੁਧਿਆਣਾ ਨਾਨਕਸਰ ਸੰਪਰਦਾ ਦੇ ਤਜਿੰਦਰ ਸਿੰਘ ਜਿੰਦੂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਸ੍ਰੀ ਅੰਮ੍ਰਿਤਸਰ ਸਾਹਿਬ, ਨਿਹੰਗ ਸਿੰਘ ਦਲਾਂ ਦੇ ਵੱਖ-ਵੱਖ ਜਥੇਦਾਰ ਸਾਹਿਬਾਨ ਤੋਂ ਇਲਾਵਾ ਰਾਜਨੀਤਿਕ ਸਮਾਜਿਕ ਤੇ ਪੰਥ ਬੁੱਢਾ ਦਲ ਦੀਆਂ ਛਾਉਣੀਆਂ ਦੇ ਸੰਤਾਂ, ਮਹੰਤਾਂ, ਸੇਵਾਦਾਰਾਂ ਤੇ ਗੱਤਕਾ ਟੀਮਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਹਨਾਂ ਮਹਾਨ ਸ਼ਹੀਦੀ ਸ਼ਤਾਬਦੀ ਸੰਪੂਰਨਤਾ ਦਿਵਸ ਮੌਕੇ ਪਹੁੰਚੇ ਇਹਨਾਂ ਸਭਨਾਂ ਦਾ ਪੰਥ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ ਹੈ। ਜਿੰਨਾ ਸਭਨਾਂ ਨੇ ਰਲ ਕੇ ਪੰਥ ਦੇ ਮਹਾਨ ਜਰਨੈਲ ਬਚਨ ਕੇ ਬਲੀ ਸੂਰਬੀਰ ਯੋਧੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਯਾਦ ਕਰਦਿਆ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ।