ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਜ਼ੈੱਡ ਦੌਰ ਅਤੇ ਮੌਜੂਦਾ ਅਣ ਐਲਾਨੀ ਐਮਰਜੈਂਸੀ ਵਿਰੁੱਧ, ਜੱਥੇਬੰਦ ਹੋਣ ਦਾ ਸੱਦਾ 

ਮੋਦੀ ਘਟ ਗਿਣਤੀਆਂ ਤੇ ਇਨਕਲਾਬੀ ਲੋਕਾਂ ਦੀ ਅਵਾਜ਼ ਦਬਾਉਣ ਚਾਹੁੰਦਾ: ਬੈਨੀਪਾਲ, ਡਾ ਕਾਲਖ, ਹਰਨੇਕ ਗੁੱਜਰਵਾਲ...
 ਮਹਿਲ ਕਲਾਂ , 26 ਜੂਨ (ਡਾ ਸੁਖਵਿੰਦਰ /ਗੁਰਸੇਵਕ ਸੋਹੀ ) 26 ਜੂਨ 1975 ਨੂੰ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਐਮਰਜੈਂਸੀ ਲਗਾਕੇ ਲੋਕਾਂ ਦੇ ਜਮਹੂਰੀ ਹੱਕਾਂ ਨੂੰ , ਹਕੂਮਤੀ ਜਬਰ ਨਾਲ ਕੁਚਲਣ ਦਾ ਭਰਮ ਪਾਲਿਆ ਸੀ। ਪਰ ਲੋਕਾਂ ਨੇ ਹਕੂਮਤੀ ਜਬਰ ਨੂੰ ਲਲਕਾਰਦਿਆਂ , ਆਪਣੀ ਹੱਕੀ ਆਵਾਜ ਜੇਲ੍ਹਾਂ ਅੰਦਰ ਵੀ ਬੁਲੰਦ ਰੱਖਦਿਆਂ , ਸਰਕਾਰੀ ਜਬਰ ਦਾ ਟਾਕਰਾ ਕਰਦਿਆਂ ਹਾਕਮਾਂ ਨੂੰ ਆਪਣੇ ਕੀਤੇ ਦਾ ਪਛਤਾਵਾ ਕਰਵਾਇਆ ਸੀ। ਪਰ ਅੱਜ ਫਿਰ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ  ਰਾਜ ਸੱਤ੍ਹਾ ਪ੍ਰਾਪਤ ਕਰਨ ਲਈ ਲੋਕਾਂ ਤੋਂ ਵੋਟਾਂ ਲੈਣ ਸਮੇਂ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ, ਹਕੂਮਤੀ ਜਬਰ ਦੁਆਰਾ ਅਣ ਐਲਾਨੀ  ਐਮਰਜੈਸੀ ਲਗਾਕੇ ਹੱਕੀ ਆਵਾਜ ਨੂੰ ਦਬਾਉਣ ਦਾ ਭਰਮ ਦੁਹਰਾਇਆ ਜਾ ਰਿਹਾ ਹੈ । ਅੱਜ  ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ‘ ਵੱਲੋਂ ਇਸ ਸਰਕਾਰੀ ਜਬਰ ਵਿਰੁੱਧ ਸੂਬੇ ਭਰ ਵਿੱਚ ਲੋਕਾਂ ਨੂੰ ਜੱਥੇਬੰਦ ਹੋਣ ਦਾ ਸੱਦਾ ਦੇਣ ਲਈ , ਜ਼ਿਲ੍ਹਾ / ਤਹਿਸੀਲ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਲੁਧਿਆਣਾ ਵਿੱਖੇ ਆਰ ਐਮ ਪੀ ਆਈ, ਇਨਕਲਾਬੀ ਕੇਂਦਰ ਪੰਜਾਬ , ਸੀ ਪੀ ਆਈ ( ਐਮ ਐਲ ਲਿਬਰੇਸਨ ) , ਸੀ ਪੀ ਆਈ ਐਮ ਐਲ ਨਿਊ ਡੈਮੋਕਰੇਸੀ ) ਜਮਹੂਰੀ ਅਧਿਕਾਰ ਸਭਾ ਪੰਜਾਬ , ਬੀ ਕੇ ਯੂ ( ਡਕੌਂਦਾ) ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਆਦਿ ਜੱਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਭਾਰਤ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ,ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਰਘਵੀਰ ਸਿੰਘ ਬੈਨੀਪਾਲ, ਐਡਵੋਕੇਟ ਹਰਪ੍ਰੀਤ ਜੀਰਖ ,ਜਸਵੰਤ ਜੀਰਖ,  ਕਾ ਸੁਰਿੰਦਰ , ਸੁਖਵਿੰਦਰ ਹੰਬੜਾਂ, ਕਾ ਜਗਦੀਸ਼ , ਕਾ ਪ੍ਰਮਜੀਤ ਸਿੰਘ , ਡਾ ਜਸਵਿੰਦਰ ਕਾਲਖ,  ਹਰਨੇਕ ਗੁੱਜਰਵਾਲ, ਪ੍ਰੋ ਏ ਕੇ ਮਲੇਰੀ , ਕਾ ਜੈ ਪ੍ਰਕਾਸ਼ ਨਰਾਇਨ, ਨੇ ਕੇਂਦਰ ਸਰਕਾਰ ਵੱਲੋਂ ਮਨੁੱਖਤਾ ਨੂੰ ਧਰਮਾਂ, ਜਾਤਾਂ ਵਿੱਚ ਵੰਡਕੇ ਮੁਸਲਮਾਨਾਂ, ਦਲਿਤਾਂ, ਔਰਤਾਂ ਉੱਪਰ ਕੀਤੇ ਜਾ ਰਹੇ ਤਸੱਦਦ ਦੀ ਸਖ਼ਤ ਨਿੰਦਾ ਕੀਤੀ। ਸਰਕਾਰ ਦੀ ਬਲਡੋਜਰ ਰਾਜਨੀਤੀ ਰਾਹੀਂ ਵਿਰੋਧੀ ਆਵਾਜ ਨੂੰ ਦਬਾਉਣ ਨੂੰ ਵੀ ਲੰਮੇ ਹੱਥੀਂ ਲਿਆ। ਪਾਸ ਕੀਤੇ ਮਤਿਆਂ ਰਾਹੀਂ  ਲੋਕਾਂ ਨੂੰ ਆਪਣੇ ਹੱਕਾਂ ਲਈ ਚੇਤਨ ਕਰਨ ਵਾਲੇ ਬੁੱਧੀ-ਜੀਵੀਆਂ ,  ਲੇਖਿਕਾਂ, ਵਕੀਲਾਂ, ਡਾਕਟਰਾਂ ਰੰਗ ਕਰਮੀਆਂ, ਪੱਤਰਕਾਰਾਂ ਸਮੇਤ ਆਪਣੀ ਸਜਾ ਪੂਰੀ ਕਰ ਚੁੱਕੇ ਕੈਦੀਆਂ ਖਿਲਾਫ ਐਮਰਜੈਸੀ ਦੇ ਕਾਲੇ ਦਿਨਾਂ ਦੀ ਤਰ੍ਹਾਂ ਹੀ ਝੂਠੇ ਕੇਸਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਜੇਲ੍ਹੀਂ ਡੱਕਣ ਦੀ ਵੀ ਸਖ਼ਤ ਨਿੰਦਾ ਕਰਦਿਆਂ ਤੁਰੰਤ ਹੀ ਰਿਹਾਅ ਕਰਨ ਦੀ ਮੰਗ ਕੀਤੀ।ਮਨੁੱਖੀ ਹੱਕਾਂ ਦੀ ਉੱਘੀ ਕਾਰਕੁੰਨ ਤੀਤਸਾ ਸੀਤਲਵੜ ਜੋ ਹਾਜ਼ਰ ਜਾਫ਼ਰੀ ਨਾਲ ਗੁਜਰਾਤ ਦੰਗਿਆਂ ਦੇ ਜ਼ੁੰਮੇਵਾਰਾਂ ਵਿਰੁੱਧ ਸੁਪਰੀਮ ਕੋਰਟ ਵਿੱਚ ਜਾਕਰ ਜਾਫ਼ਰੀ ਨਾਲ ਸਹਿ ਪਟੀਸ਼ਨਰ ਹੈ ਨੂੰ ਮੁੰਬਈ ਤੋਂ ਉਸ ਦੇ ਘਰੋਂ ਗ੍ਰਿਫਤਾਰ ਕਰਨ ਦੀ ਨਿਖੇਧੀ ਕਰਦਿਆਂ ਤੁਰੰਤ ਰਿਹਾਅ ਕਰਨ ਦਾ ਮਤਾ ਵੀ ਪਾਸ ਕੀਤਾ। ਅੰਤ ਵਿੱਚ ਰੋਸ ਮਜਾਹਰਾ ਕਰਦਿਆਂ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਵਾਲੀਆਂ ਸਰਕਾਰਾਂ ਦੇ ਪੁੱਤਲੇ ਵੀ ਫੂਕੇ ਗਏ। ਸਟੇਜ ਸੰਚਾਲਨ ਜਸਵੰਤ ਜੀਰਖ ਨੇ ਨਿਭਾਇਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ , ਡਾ ਪ੍ਰਣਬ ਰਾਏ, ਡਾ ਰਾਜਵੰਤ ਸਿੰਘ ਰਾਂਚੀ ਕਲੋਨੀ, ਨਿਰਪਾਲ ਜਲਾਲਦੀਵਾਲ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਹਾਜਰ ਸਨ। ਰੋਸ ਧਰਨੇ ਤੋ ਬਾਅਦ ਮੋਦੀ ਹਕੂਮਤ ਦੇ ਪੁਤਲੇ ਵੀ ਫੂਕੇ ਗਏ ।