ਦੂਜੇ ਨੰਬਰ ਦੀ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਪੱਛੜ ਕੇ ਪਹੁੰਚੀ ਚੌਥੇ ਸਥਾਨ ਤੇ
2021 ਮਰਦਮ ਸ਼ੁਮਾਰੀ ਦੇ ਅੰਕੜੇ ਹੋਏ ਜਾਰੀ
ਲੰਡਨ, 30 ਨਵੰਬਰ (ਅਮਨਜੀਤ ਸਿੰਘ ਖਹਿਰਾ) ਬੀਤੇ ਕੱਲ੍ਹ 29 ਨਵੰਬਰ 2022 ਨੂੰ www.ons.gov.uk ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਯੂਕੇ ਵਿੱਚ ਪਹਿਲੇ ਨੰਬਰ ਤੇ ਬੋਲੀ ਜਾਣ ਵਾਲੀ ਬੋਲੀ ਇੰਗਲਿਸ਼, ਦੂਸਰੇ ਨੰਬਰ ਤੇ ਪੋਲਿਸ਼ , ਤੀਸਰੇ ਨੰਬਰ ਤੇ ਰੋਮੀਨੀਅਨ ਤੇ ਚੌਥੇ ਨੰਬਰ ਤੇ ਪੰਜਾਬੀ। ਜਦੋਂ ਕਿ 2011 ਵਿੱਚ ਹੋਈ ਮਰਦਮਸ਼ੁਮਾਰੀ ਵੇਲੇ ਪੰਜਾਬੀ ਤੀਸਰੇ ਸਥਾਨ ਤੇ ਸੀ। 2011 ਮਰਦਮਸ਼ੁਮਾਰੀ ਮੌਕੇ 273231 ਲੋਕਾਂ ਵੱਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਸੀ ਤੇ ਹੁਣ 21 ਮਾਰਚ 2021 ਨੂੰ ਹੋਈ ਮਰਦਮਸ਼ੁਮਾਰੀ ਮੌਕੇ 290645 ਲੋਕਾਂ ਵੱਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਹੈ । ਹੁਣ 17514 ਵੱਧ ਲੋਕਾਂ ਨੇ ਲਿੱਖਵਾਇਆ ਹੈ ਕਿ ਉਂਨਾਂ ਦੇ ਘਰਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਪੰਜਾਬੀ ਹੈ । ਪੰਜਾਬੀ ਬੋਲੀ ਦੇ ਚੌਥੇ ਅਸਥਾਨ ਉਪਰ ਰਹਿਣ ਨਾਲ ਇਕ ਵੇਰ ਤਾਂ ਬਰਤਾਨੀਆ ਅੰਦਰ ਵਸਣ ਵਾਲੇ ਪੰਜਾਬੀ ਮਾਂ ਬੋਲੀ ਦੇ ਪ੍ਰੇਮੀਆਂ ਨੂੰ ਇਸ ਗੱਲ ਨੂੰ ਵੱਡੇ ਪੱਧਰ ਉਪਰ ਪੜਚੋਲ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਗਿਆਨੀ ਰਵਿੰਦਰਪਾਲ ਸਿੰਘ ਜੀ ਨੇ ਆਖਿਆ ਕੇ ਅੱਜ ਸਮਾਂ ਇਹ ਦਸਦਾ ਹੈ ਕੇ ਜੇਕਰ ਪੰਜਾਬੀ ਮਾਂ ਬੋਲੀ ਨੂੰ ਬਚੋਣਾ ਹੈ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਇਕੱਠੀ ਹੋ ਕੇ ਬੱਚਿਆਂ ਨੂੰ ਪੰਜਾਬੀ ਵੱਲ ਪ੍ਰੇਰਿਤ ਕਰਨ ਲਈ ਪਲੇਟਫਾਰਮ ਤਿਆਰ ਕਰਨੇ ਪੈਣਗੇ। ਬਾਕੀ ਇਹ ਤਾਂ ਸਮਾ ਦੱਸੇ ਕਿ ਕੀ ਸੋਚਦੀ ਹੈ ਪੰਜਾਬੀਆਂ ਦੀ ਯੂ ਕੇ ਵਿੱਚ ਵੱਸਦੀ ਨੌਜਵਾਨ ਪੀੜ੍ਹੀ।