ਸ਼ਹਿਰ ਵਾਸੀ ਸਵੱਛਤਾ ਸਰਵੇਖਣ 2023 ਵਿੱਚ ਮੋਗਾ ਦੀ ਚੰਗੀ ਰੈਕਿੰਗ ਲਈ ਨਗਰ ਨਿਗਮ ਮੋਗਾ ਦਾ ਕਰਨ ਸਹਿਯੋਗ-ਕਮਿਸ਼ਨਰ ਨਗਰ ਨਿਗਮ

ਮੋਗਾ, 30 ਨਵੰਬਰ( ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ)ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਜੋਤੀ ਬਾਲਾ ਮੱਟੂ (ਪੀ.ਸੀ.ਐਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹਰੇਕ ਸਾਲ ਸਵੱਛਤਾ ਸਰਵੇਖਣ ਕਰਵਾਇਆ ਜਾਂਦਾ ਹੈ ਜਿਸ ਵਿੱਚ ਭਾਰਤ ਦੀਆਂ ਸਾਰੀਆਂ ਅਰਬਨ ਲੋਕਲ ਬਾਡੀਜ਼ ਭਾਗ ਲੈਂਦੀਆਂ ਹਨ। ਸਾਲ-2023 ਦੋਰਾਨ ਹੋਣ ਵਾਲੇ ਸਵੱਛਤਾ ਸਰਵੇਖਣ ਵਿੱਚ ਨਗਰ ਨਿਗਮ ਮੋਗਾ ਵੱਲੋਂ ਵੀ ਭਾਗ ਲਿਆ ਜਾ ਰਿਹਾ ਹੈ। ਇਸ ਸਵੱਛਤਾ ਸਰਵੇਖਣ ਵਿੱਚ ਭਾਗ ਲੈਣ ਵਾਲੀਆਂ ਅਰਬਨ ਲੋਕਲ ਬਾਡੀਜ਼ ਦੀ ਸਫਾਈ ਵਿਵਸਥਾ ਦੇ ਪ੍ਰਬੰਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਰੈਕਿੰਗ ਕੀਤੀ ਜਾਂਦੀ ਹੈ। ਜਿਸ ਵਿੱਚ ਖਾਸ ਤੌਰ ਤੇ ਸ਼ਹਿਰਾਂ ਦੀ ਰੋਡ ਸਵੀਪਿੰਗ, ਪਲਾਸਟਿਕ ਕੈਰੀ ਬੈਗ ਦੀ ਵਰਤੋਂ ਤੇ ਪਾਬੰਦੀ, ਗਿੱਲੇ ਸੁੱਕੇ-ਕੂੜੇ ਨੂੰ ਵੱਖ-ਵੱਖ ਕਰਨਾ ਆਦਿ ਚੈਕ ਕੀਤਾ ਜਾਂਦਾ ਹੈ ਤਾਂ ਜੋ ਸਾਫ-ਸਫ਼ਾਈ ਸਬੰਧੀ ਸ਼ਹਿਰ ਨੂੰ ਉਚੇਰਾ ਸਥਾਨ ਦਿਵਾਇਆ ਜਾ ਸਕੇ।
ਕਮਿਸ਼ਨਰ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਮੋਗਾ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਸਾਰੇ ਰਲ ਕੇ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਫ਼ਾਈ ਵਿਵਸਥਾ ਨੂੰ ਪ੍ਰਭਾਵਿਤ ਕਰਦਾ ਹੈ, ਤਾਂ ਨਗਰ ਨਿਗਮ ਵੱਲੋਂ ਉਨ੍ਹਾਂ ਵਿਅਕਤੀਆਂ ਜਾਂ ਅਦਾਰਿਆਂ ਪਾਸੋਂ ਜੁਰਮਾਨਾ ਵਸੂਲਿਆ ਜਾਵੇਗਾ। ਜੁਰਮਾਨੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਖੁੱਲੇ ਵਿੱਚ ਸ਼ੌਚ ਕਰਨ ਤੇ 200 ਰੁਪਏ, ਆਪਣੇ ਘਰਾਂ/ਦੁਕਾਨਾਂ ਦੇ ਠੋਸ ਮਲਬੇ ਨੂੰ ਸੜਕਾਂ/ਰੋਡ ਉੱਪਰ 24 ਘੰਟੇ ਤੋਂ ਵੱਧ ਸਮਾਂ ਰੱਖਣ ਤੇ 500 ਰੁਪਏ, ਪਲਾਸਟਿਕ ਕੈਰੀਬੈਗ ਦੀ ਵਰਤੋਂ/ਵੇਚ/ਸਟੋਰ ਕਰਨ ਤੇ 2 ਹਜ਼ਾਰ ਤੋਂ  20 ਹਜ਼ਾਰ ਰੁਪਏ ਤੱਕ, ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਨਾ ਕਰਨ ਤੇ 200 ਰੁਪਏ, ਸੀਵਰੇਜ ਦੇ ਗਾਰ/ਮਲਬੇ ਨੂੰ ਖੁੱਲੇ ਵਿੱਚ ਸੁੱਟਣ ਤੇ 500 ਰੁਪਏ, ਕੂੜੇ ਨੂੰ ਅੱਗ ਲਗਾਉਣ ਤੇ 5 ਹਜ਼ਾਰ ਰੁਪਏ ਤੱਕ ਦੇ ਜੁਰਮਾਨੇ ਕਰਨ ਦਾ ਉਪਬੰਧ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੋਗਾ ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਵਿੱਚ ਆਪਣਾ ਨਿੱਜੀ ਯੋਗਦਾਨ ਪਾਉਣ।