ਹੋਪ ਫਾਰ ਮਹਿਲ ਕਲਾਂ ਵੱਲੋਂ ਸੰਵਿਧਾਨ ਦਿਵਸ ਮੌਕੇ ਸੈਮੀਨਾਰ 

ਭਾਰਤੀ ਸੰਵਿਧਾਨ ਨੂੰ ਪੜਨ ਤੇ ਸਮਝਣ ਦੀ ਜਰੂਰਤ- ਲੱਧੜ -- ਸਮਾਜ ਵਿੱਚ ਸੰਵਿਧਾਨ ਪ੍ਰਤੀ ਸਮਝ ਦੀ ਘਾਟ- ਕੁਲਵੰਤ ਸਿੰਘ ਟਿੱਬਾ --

ਬਰਨਾਲਾ/ਮਹਿਲ ਕਲਾਂ 27ਨਵੰਬਰ (ਗੁਰਸੇਵਕ ਸੋਹੀ) ਸੰਵਿਧਾਨ ਦਿਵਸ ਮੌਕੇ ਇਲਾਕੇ ਦੀ ਨਾਮਵਰ ਸਮਾਜਿਕ ਸੰਸਥਾ ਹੋਪ ਫਾਰ ਮਹਿਲ ਕਲਾਂ ਵੱਲੋਂ "ਭਾਰਤੀ ਸੰਵਿਧਾਨ ਦੀ ਸਮਾਜ ਨੂੰ ਦੇਣ" ਵਿਸ਼ੇ 'ਤੇ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐੱਸ.ਆਰ.ਲੱਧੜ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਸਾਮਿਲ ਹੋਏ। ਸਮਾਗਮ ਦੀ ਸੁਰੂਆਤ ਸੰਸਥਾ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਦੀਪ ਰੋਸ਼ਨ ਕਰਨ ਦੀ ਰਸਮ ਡੀਐੱਸਪੀ ਮਹਿਲ ਕਲਾਂ ਗਮਦੂਰ ਸਿੰਘ ਚਹਿਲ, ਐੱਸਐੱਚਓ ਕਮਲਜੀਤ ਸਿੰਘ ਗਿੱਲ, ਕੰਵਰਪ੍ਰੀਤ ਪੁਰੀ ਤੇ ਪ੍ਰਿੰਸੀਪਲ ਨਵਜੋਤ ਕੌਰ ਟੱਕਰ,ਸੁਸ਼ੀਲ ਕੁਮਾਰ ਗੋਇਲ, ਸਮਾਜਸੇਵੀ ਸਰਬਜੀਤ ਸਿੰਘ ਸੰਭੂ ਤੇ ਰਾਜਿੰਦਰ ਸਿੰਘ ਗੋਗੀ ਛੀਨੀਵਾਲ ਨੇ ਸਾਂਝੇ ਤੌਰ ਤੇ ਕੀਤੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਹਤ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ.ਮੱਖਣ ਸਿੰਘ ਨੇ ਕਿਹਾ ਕਿ ਭਾਰਤੀ ਸੰਵਿਧਾਨ ਕਰਕੇ ਮਹਿਲਾਵਾਂ ਨੂੰ ਦੇਸ਼ ਅੰਦਰ ਬਰਾਬਰ ਦੇ ਅਧਿਕਾਰ ਮਿਲ ਸਕੇ ਹਨ। ਸੇਵਾਮੁਕਤ ਤਹਿਸੀਲਦਾਰ ਕੰਵਰਪ੍ਰੀਤ ਪੁਰੀ ਨੇ ਕਿਹਾ ਕਿ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਨੇ ਸੰਵਿਧਾਨ ਵਿੱਚ ਲਿੰਗ, ਜਾਤੀ ਤੇ ਧਰਮ ਅਧਾਰਿਤ ਵਿਤਕਰੇ ਵਿਰੁੱਧ ਕਾਨੂੰਨ ਬਣਾ ਕੇ ਇੱਕ ਨਵੇਂ ਭਾਰਤ ਦੀ ਨੀਂਹ ਰੱਖੀ। ਐੱਸ.ਆਰ.ਲੱਧੜ ਨੇ ਕਿਹਾ ਕਿ ਸਾਨੂੰ ਭਾਰਤੀ ਸੰਵਿਧਾਨ ਨੂੰ ਪੜ੍ਹਨ ਤੇ ਸਮਝਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਵਿੱਚ ਇਕੱਲੇ ਦਲਿਤਾਂ ਜਾਂ ਪਛੜੇ ਵਰਗਾਂ ਦੀ ਉਥਾਨ ਲਈ ਕਾਨੂੰਨ ਨਹੀਂ ਬਣਾਏ ਸਗੋਂ ਸਿੱਖ ਫਲਸਫੇ ਨੂੰ ਅਸਲ ਮਾਇਨਿਆ 'ਚ ਲਾਗੂ ਕੀਤਾ ਤੇ ਸਰਬ ਸਾਂਝੀਵਾਲਤਾ ਲਈ ਕੰਮ ਕੀਤਾ।ਲੱਧੜ ਨੇ ਕਿਹਾ ਕਿ ਬਾਬਾ ਸਾਹਿਬ ਨੇ ਦੋ ਸਾਲ ਗਿਆਰਾਂ ਮਹੀਨੇ ਤੇ ਅਠਾਰਾਂ ਦਿਨ ਸਖ਼ਤ ਮਿਹਨਤ ਕਰਕੇ ਤਿਆਰ ਕੀਤਾ ਸੀ। ਸਮਾਗਮ ਨੂੰ ਇੰਟਰਨੈਸ਼ਨਲ ਢਾਡੀ ਨਾਥ ਸਿੰਘ ਹਮੀਦੀ, ਮਜਦੂਰ ਆਗੂ ਡਾ. ਸਰਬਜੀਤ ਸਿੰਘ ਖੇੜੀ, ਆਰੁਣਪ੍ਰਤਾਪ ਸਿੰਘ ਢਿੱਲੋਂ, ਸੰਤ ਬਾਬਾ ਰਾਜਵਰਿੰਦਰ ਸਿੰਘ ਟਿੱਬੇ ਵਾਲੇ, ਪ੍ਰਮਿੰਦਰ ਸਿੰਘ ਹਮੀਦੀ ਆਦਿ ਆਗੂਆਂ ਨੇ ਸੰਬੋਧਨ ਕੀਤਾ।ਇਸ ਮੌਕੇ ਸਮਾਜਸੇਵੀ ਪਿਆਰਾ ਸਿੰਘ ਮਾਹਮਦਪੁਰ, ਹਰਵਿੰਦਰ ਕੁਮਾਰ ਜਿੰਦਲ, ਬਾਬਾ ਜੰਗ ਸਿੰਘ ਦੀਵਾਨਾ, ਡਾ.ਕਮਲਜੀਤ ਸਿੰਘ ਟਿੱਬਾ, ਡਾ.ਸੋਮਾ ਸਿੰਘ ਗੰਡੇਵਾਲ,ਗੁਰਸੇਵਕ ਸਿੰਘ ਸਹੋਤਾ, ਗੁਰਸੇਵਕ ਸਿੰਘ ਸੋਹੀ, ਬਲਤੇਜ ਸਿੰਘ ਮਹਿਲ ਕਲਾਂ, ਸਿੰਗਾਰਾ ਸਿੰਘ ਨਰਾਇਣਗੜ ਸੋਹੀਆਂ, ਬੱਗਾ ਸਿੰਘ ਮਹਿਲ ਖੁਰਦ, ਰਿੰਕਾ ਕੁਤਬਾ ਬਾਹਣੀਆਂ, ਸੂਰਤ ਸਿੰਘ ਬਾਜਵਾ, ਬਲਦੇਵ ਸਿੰਘ ਭੁੱਚਰ, ਜਸਵੀਰ ਸਿੰਘ ਸੀਰਾ ਮਾਹਮਦਪੁਰ,ਮਿੱਠੂ ਮੁਹੰਮਦ, ਆਰਟਿਸਟ ਲਖਵੀਰ ਸਿੰਘ ਗੰਗੋਹਰ, ਸਰਪੰਚ ਬਲਦੀਪ ਸਿੰਘ ਮਹਿਲ ਖੁਰਦ, ਸਰਪੰਚ ਗੁਰਦੀਪ ਸਿੰਘ ਸੰਧੂ, ਅਮਰਜੀਤ ਸਿੰਘ ਖਹਿਰਾ,ਜਗਜੀਤ ਸਿੰਘ ਮਾਹਲ, ਬਾਬਾ ਸ਼ੇਰ ਸਿੰਘ ਮਹਿਲ ਕਲਾਂ ਆਦਿ ਆਗੂ ਵੀ ਹਾਜ਼ਰ ਸਨ।ਸਟੇਜ ਸਕੱਤਰ ਦੀ ਭੂਮਿਕਾ ਹਰਪਾਲ ਪਾਲੀ ਵਜੀਦਕੇ ਨੇ ਬਾਖੂਬੀ ਨਿਭਾਈ।