ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਪਿੰਡ ਕਮਾਲਕੇ ਵਿਖੇ ਮੌਕ ਡਰਿੱਲ ਦਾ ਆਯੋਜਨ

ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਪਿੰਡ ਦੇ ਲੋਕਾਂ ਨੂੰ ਦਿੱਤੀ ਸਿਖਲਾਈ

ਧਰਮਕੋਟ (ਮੋਗਾ) 23ਨਵੰਬਰ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ) ਅੱਜ ਜ਼ਿਲ੍ਹਾ ਮੋਗਾ ਦੇ ਧਰਮਕੋਟ ਡਿਵੀਜ਼ਨ ਦੇ ਪਿੰਡ ਕਮਾਲਕੇ ਵਿਖੇ ਐਨ.ਡੀ.ਆਰ.ਐਫ ਬਟਾਲੀਅਨ-7 ਬਠਿੰਡਾ ਦੀ ਟੀਮ ਵੱਲੋਂ ਲੋਕਾਂ ਨੂੰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਜਾਗਰੂਕਤਾ ਪ੍ਰੋਗਰਾਮ ਅਤੇ ਇੱਕ ਮੌਕ ਡਰਿੱਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਸ੍ਰੀਮਤੀ ਚਾਰੂ ਮਿਤਾ, ਐਨ.ਡੀ.ਆਰ.ਐਫ. ਦੇ ਅਸਿਸਟੈਂਟ ਕਮਾਂਡੈਂਟ ਡੂੰਗਰ ਲਾਲ ਜਾਖੜ, ਇੰਸਪੈਕਟਰ ਨਕੁਲ ਕੁਮਾਰ, ਆਪਦਾ ਮਿੱਤਰਾ ਦੇ ਵਲੰਟੀਅਰਜ਼, ਵੱਖ ਵੱਖ ਵਿਭਾਗਾਂ ਤੋਂ ਆਏ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਕਮਾਲਕੇ ਦੇ ਵਿਅਕਤੀ ਹਾਜ਼ਰ ਸਨ। ਦਰਿਆ ਦੇ ਨੇੜੇ ਹੋਣ ਕਰਕੇ ਇਸ ਪ੍ਰੋਗਰਾਮ ਵਿੱਚ ਪਿੰਡ ਦੇ ਲੋਕਾਂ ਨੂੰ ਹੜ੍ਹਾਂ ਵਰਗੀਆਂ ਹੰਗਾਮੀ/ਵਿਨਾਸ਼ਕਾਰੀ ਸਥਿਤੀਆਂ ਦਾ ਪ੍ਰਭਾਵਸ਼ਾਲੀ ਅਤੇ ਕੁਸ਼ਲਤਾ ਨਾਲ ਮੁਕਾਬਲਾ ਕਰਨ ਲਈ ਅਤੇ ਇਸ ਤੋਂ ਬਚਾਅ ਤੇ ਫਸਟ-ਏਡ ਸਬੰਧੀ ਸਿਖਲਾਈ ਵੀ ਦਿੱਤੀ ਗਈ। ਐਨ.ਡੀ.ਆਰ.ਐਫ. ਦੇ ਅਸਿਸਟੈਂਟ ਕਮਾਂਡੈਂਟ ਡੂੰਗਰ ਲਾਲ ਜਾਖੜ ਨੇ ਦੱਸਿਆ ਕਿ ਇਸ ਮੌਕੇ ਪਿੰਡ ਦੇ ਲੋਕਾਂ ਨੂੰ, ਐਨ.ਡੀ.ਆਰ.ਐਫ. ਵੱਲੋਂ ਅਜਿਹੀਆਂ ਹੰਗਾਮੀ/ਵਿਨਾਸ਼ਕਾਰੀ ਸਥਿਤੀਆਂ ਦਾ ਮੁਕਾਬਲਾ ਕਰਨ ਲਈ ਕਿਹੜੇ-ਕਿਹੜੇ ਤਰੀਕੇ ਅਪਣਾਏ ਜਾਂਦੇ ਹਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਜਾਗਰੂਕਤਾ ਪ੍ਰੋਗਰਾ ਮਦਾ ਮੁੱਖ ਉਦੇਸ਼ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਵਿਨਾਸ਼ਕਾਰੀ ਸਥਿਤੀਆਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਨਾਗਰਿਕਾਂ ਨੂੰ ਇਸ ਤੋਂ ਬਚਾਅ ਸਬੰਧੀ ਤਰੀਕਿਆਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਸਬੰਧੀ ਤਜਰਬਾ ਹੋਣਾ ਲਾਜ਼ਮੀ ਹੈ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕਿਸ ਤਰ੍ਹਾਂ ਘਰੇਲੂ ਵਸਤੂਆਂ ਦੀ ਵਰਤੋਂ ਕਰਕੇ ਸੁਰੱਖਿਅਤ ਸਥਾਨ ਤੇ ਆਇਆ ਜਾ ਸਕਦਾ ਹੈ ਬਾਰੇ ਜਾਣਕਾਰੀ ਦਿੱਤੀ ਗਈ। ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਸ੍ਰੀਮਤੀ ਚਾਰੂ ਮਿਤਾ ਨੇ ਐਨ.ਡੀ.ਆਰ.ਐਫ. ਵੱਲੋਂ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕੀਤੀ।