ਰੂਸ ਨੇ ਬਣਾ ਲਈ ਕੋਰੋਨਾ ਵਾਇਰਸ ਵੈਕਸੀਨ

ਰਾਸ਼ਟਰਪਤੀ ਪੁਤਿਨ ਦੀ ਬੇਟੀ ਨੇ ਲਿਆ 'ਡੋਜ਼

ਵੈਕਸੀਨ ਬਣਨ ਸਾਰ ਸ਼ੱਕ ਦੇ ਦਾਇਰੇ ’ਚ ਆਈ

ਮਾਸਕੋ,ਅਗਸਤ 2020-(ਏਜੰਸੀ )

ਰੂਸ ਨੇ ਕੋਵਿਡ-19 ਮਹਾਮਾਰੀ ਤੋਂ ਛੁਟਕਾਰਾ ਪਾਉਣ ਲਈ ਵੈਕਸੀਨ ਵਿਕਸਿਤ ਕਰਨ 'ਚ ਸਫ਼ਲਤਾ ਪਾ ਲਈ ਹੈ। ਮੰਗਲਵਾਰ ਨੂੰ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰਪਤੀ ਨੇ ਦੱਸਿਆ ਕਿ ਇਸ ਵੈਕਸੀਨ ਦੀ ਪਹਿਲੀ ਡੋਜ਼ ਜਿਸਨੂੰ ਦਿੱਤੀ ਗਈ ਹੈ, ਉਸ 'ਚ ਉਨ੍ਹਾਂ ਦੀ ਬੇਟੀ ਵੀ ਸ਼ਾਮਿਲ ਹੈ

ਵੈਕਸੀਨ ਬਣਨ ਸਾਰ ਸ਼ੱਕ ਦੇ ਦਾਇਰੇ ’ਚ ਆਈ

ਇਸ ਗੱਲ ’ਤੇ ਵੀ  ਬਹਿਸ ਛਿੜ ਪਈ ਹੈ ਕਿ ਜਿੰਨੀ ਤੇਜ਼ੀ ਨਾਲ ਕਰੋਨਾਵਾਇਰਸ ਨਾਲ ਨਜਿੱਠਣ  ਲਈ ਦਵਾਈ ‘ਸਪੂਤਨਿਕ V’ ਬਣਾਈ ਗਈ ਹੈ, ਉਸ ਨੇ ਕਈ ਮੋਹਰੀ ਕੰਪਨੀਆਂ ਆਕਸਫੋਰਡ  ਸਟਰਾਜੈਂਸਾ, ਮੌਡੇਰਨਾ ਤੇ ਪਫਿਜ਼ਰ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਇਸ ਗੱਲ ’ਤੇ ਵੀ  ਬਹਿਸ ਹੋ ਰਹੀ ਹੈ ਕਿ ਸਰਕਾਰ ਨੇ ਨਿਯਮ ਤਾਕ ’ਤੇ ਰੱਖ ਦਿੱਤੇ ਹਨ ਤੇ ਇਹ ਲੋਕਾਂ ਦੀ ਜਾਨ  ਨੂੰ ਖ਼ਤਰੇ ’ਚ ਪਾ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਵੈਕਸੀਨ ਦੇ ਟਰਾਇਲ ’ਚ ਕਈ ਸਾਲ ਲੱਗ ਜਾਂਦੇ ਹਨ ਤੇ ਸਰਕਾਰ ਨੇ ਦੋ ਮਹੀਨਿਆਂ ’ਚ ਹੀ ਸਾਰੀ ਪ੍ਰਕਿਰਿਆ ਪੂਰੀ ਕਰ ਦਿੱਤੀ ਹੈ। ਦੂਜੇ ਪਾਸੇ, ਰੂਸ ਦਾ ਦਾਅਵਾ ਹੈ ਕਿ ਇਹ ਸਭ ਇਸ ਲਈ ਜਲਦੀ ਸੰਭਵ ਹੋ ਸਕਿਆ ਕਿਉਂਕਿ ਇਸਦੇ ਕੋਵਿਡ-19 ਉਮੀਦਵਾਰ ਨੇ ‘ਮਿਡਲ ਈਸਟ ਰੈਸਪੀਰੇਟਰੀ ਡਿਸੀਜ਼’ (ਐੱਮਈਆਰਐੱਸ) ਦੀ ਟੈਸਟਿੰਗ (ਜੋ ਇੱਕ ਕਰੋਨਾਵਾਇਰਸ ਕਿਸਮ ਤੋਂ ਹੀ ਪੈਦਾ ਹੋਈ ਸੀ) ਵਿੱਚ ਵੀ ਹਿੱਸਾ ਲਿਆ ਸੀ ਤੇ ਜਿਸ ਬਾਰੇ ਪਹਿਲਾਂ ਹੀ ਕਾਫ਼ੀ ਟੈਸਟਿੰਗ ਹੋ ਚੁੱਕੀ ਹੈ। 

ਅੱਜ ਸ੍ਰੀ ਪੂਤਿਨ ਨੇ  ਕਰੋਨਾਵਾਇਰਸ ਖ਼ਿਲਾਫ਼ ਇਹ ਵੈਕਸੀਨ ਤਿਆਰ ਕਰਨ ’ਚ ਲੱਗੇ ਸਾਰੇ ਵਿਅਕਤੀਆਂ ਦਾ ਧੰਨਵਾਦ  ਕਰਦਿਆਂ ਆਸ ਪ੍ਰਗਟਾਈ  ਕਿ ਰੂਸ ਜਲਦੀ ਹੀ ਇਸ ਵੈਕਸੀਨ ਦਾ ਵੱਡੇ ਪੱਧਰ ’ਤੇ ਉਤਪਾਦਨ ਕਰਨ  ਯੋਗ ਹੋਵੇਗਾ। ਇਸ ਦੌਰਾਨ ਰੂਸ ਦੇ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਨੇ ਦੱਸਿਆ ਕਿ ਇਹ  ਵੈਕਸੀਨ ਗਮਾਲੀਆ ਰਿਸਰਚ ਇੰਸਟੀਚਿਊਟ ਤੇ ਰੂਸ ਦੇ ਰੱਖਿਆ ਮੰਤਰਾਲੇ ਨੇ ਇਕੱਠਿਆਂ ਬਣਾਈ  ਹੈ। ਇਸ ਵੈਕਸੀਨ ’ਚ ਦੋ ਵੱਖ-ਵੱਖਰੇ ਇੰਜੈਕਸ਼ਨ ਸ਼ਾਮਲ ਹਨ, ਜੋ ਇਸ ਵਾਇਰਸ ਖ਼ਿਲਾਫ਼ ਲੜਨ  ਲਈ ਲੰਮੇ ਸਮੇਂ ਤੱਕ ਰੋਗ ਪ੍ਰਤੀਰੋਧੀ ਸਮਰੱਥਾ ਵਧਾਉਂਦੇ ਹਨ।

ਕੁਸ ਮੁਲਕਾਂ ਦੀ ਕੋਰੋਨਾ ਵੈਕਸੀਨ ਵਿੱਚ ਰੁਚੀ 

ਇਸ ਦੌਰਾਨ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐੱਫ) ਦੇ ਮੁਖੀ ਕਿਰਿੱਲ ਦਿਮਿਤਰੀਏਵ ਨੇ ਕਿਹਾ ਕਿ 20 ਮੁਲਕਾਂ ਨੇ ਇਸ ਵੈਕਸੀਨ ’ਚ ਰੁਚੀ ਵਿਖਾਈ ਹੈ। ਇਨ੍ਹਾਂ ’ਚ ਬ੍ਰਾਜ਼ੀਲ, ਭਾਰਤ ਤੇ ਹੋਰ ਕਈ ਦੇਸ਼ ਸ਼ਾਮਲ ਹਨ ਜਦਕਿ ਬਰਤਾਨੀਆ ਆਪਣੇ ਲੋਕਾਂ ਲਈ ਰੂਸ ਦੀ ਇਹ ਵੈਕਸੀਨ ਦੀ ਵਰਤੋਂ ਲਈ ਤਿਆਰ ਨਹੀਂ ਹੈ।

ਅਮਰੀਕਾ ਨੇ ਕੋਰੋਨਾ ਵੈਕਸੀਨ ਨੂੰ ਲਿਆ ਸ਼ੱਕ ਦੇ ਘੇਰੇ ਚ

ਤਾਈਪੋਈ: ਅਮਰੀਕਾ ਦੇ ਸਿਹਤ ਤੇ ਮਨੁੱਖੀ ਸੇਵਾਵਾਂ ਬਾਰੇ ਸਕੱਤਰ ਅਲੈਕਸ ਅਜ਼ਾਰ ਨੇ ਕਿਹਾ ਕਿ ਕਰੋਨਾਵਾਇਰਸ ਦੇ ਇਲਾਜ ਲਈ ਪਹਿਲੀ ਵੈਕਸੀਨ ਤਿਆਰ ਕਰਨ ਦੀ ਬਜਾਇ ਜ਼ਿਆਦਾ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਵੈਕਸੀਨ ਤਿਆਰ ਕਰਨਾ ਹੈ। ਸ੍ਰੀ ਅਜ਼ਾਰ ਵੱਲੋਂ ਤਾਇਵਾਨ ਦੇ ਦੌਰੇ ਮੌਕੇ ਏਬੀਸੀ ਵੱਲੋਂ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਰੂਸ ਵੱਲੋਂ ਕਰੋਨਾਵਾਇਰਸ ਖ਼ਿਲਾਫ਼ ਪਹਿਲੀ ਵੈਕਸੀਨ ਤਿਆਰ ਕਰਨ ਵਾਲਾ ਪਹਿਲਾ ਮੁਲਕ ਬਣਨ ਸਬੰਧੀ ਐਲਾਨ ਕਰਨ ਬਾਰੇ ਉਨ੍ਹਾਂ ਦਾ ਕੀ ਖਿਆਲ ਹੈ? ਇਸ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ,‘ਵੈਕਸੀਨ ਦੇ ਸੁਰੱਖਿਅਤ ਤੇ ਇਸ ਦੇ ਪ੍ਰਭਾਵਸ਼ਾਲੀ ਹੋਣ ਸਬੰਧੀ ਸਪੱਸ਼ਟ ਅੰਕੜੇ ਹੋਣੇ ਵੱਧ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ‘ਅਪਰੇਸ਼ਨ ਰੈਪ ਸਪੀਡ’ ਮੁਹਿੰਮ  ਤਹਿਤ ਛੇ ਵੈਕਸੀਨਾਂ ’ਤੇ ਕੰਮ ਚੱਲ ਰਿਹਾ ਹੈ।ਇਸ ਦੌਰਾਨ ਵਾਈ੍ਹਟ ਹਾਊਸ ਦੀ ਕਾਊਂਸਲਰ ਕੇਲਯਾਨ ਕੌਨਵੇ ਨੇ ਰੂਸ ਵੱਲੋਂ ਕੋਵਿਡ- 19 ਵੈਕਸੀਨ ਤਿਆਰ ਕਰਨ ਸਬੰਧੀ ਵਰਤੀ ਗਈ ਟੈਸਟਿੰਗ ਪ੍ਰਣਾਲੀ ’ਤੇ ਵੀ ਖਦਸ਼ਾ ਜ਼ਾਹਰ ਕੀਤਾ।