ਜੱਦੀ ਪਿੰਡ ਸਵੱਦੀ ਕਲਾਂ ਵਿੱਚ ਖੁਸ਼ੀ ਦੀ ਲਹਿਰ
ਮੁੱਲਾਂਪੁਰ ਦਾਖਾ,7 ਸਤੰਬਰ(ਸਤਵਿੰਦਰ ਸਿੰਘ ਗਿੱਲ)—ਕਿਸੇ ਵੇਲੇ ਪੂਰੇ ਪੰਜਾਬ ਵਿੱਚ ਮਾਸਟਰਾਂ ਵਾਲੀ ਸਵੱਦੀ ਕਲਾਂ ਦੇ ਨਾਮ ਨਾਲ ਜਾਣਿਆ ਜਾਂਦਾ ਪਿੰਡ ਅੱਜ ਫੇਰ ਉਸ ਸਮੇਂ ਸੁਰਖੀਆਂ ਵਿੱਚ ਆ ਗਿਆ ਜਦੋਂ ਇਸ ਪਿੰਡ ਦੇ ਜੰਮਪਲ ਵਿਨੋਦ ਕੁਮਾਰ ਨੂੰ ਸਟੇਟ ਐਵਾਰਡ ਮਿਲਿਆ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋ ਕੱਲ ਅਧਿਆਪਕ ਦਿਵਸ ਮੌਕੇ ਪ੍ਰਿੰਸੀਪਲ ਵਿਨੋਦ ਕੁਮਾਰ ਨੂੰ ਸਟੇਟ ਐਵਾਰਡ ਦਿੱਤਾ ਤਾਂ ਸਮੁੱਚੇ ਪਿੰਡ ਸਵੱਦੀ ਕਲਾਂ ਵਿੱਚ ਵੀ ਨਹੀਂ ਬਲਕਿ ਇਲਾਕੇ ਭਰ ਦੇ ਲੋਕਾਂ ਨੇ ਇਸ ਦੀ ਬੇਹੱਦ ਖੁਸ਼ੀ ਮਨਾਈ।ਪ੍ਰਿੰਸੀਪਲ ਵਿਨੋਦ ਕੁਮਾਰ ਇਸ ਸਮੇਂ ਜਗਰਾਓ ਲਾਗੇ ਪਿੰਡ ਸ਼ੇਰਪੁਰ ਕਲਾਂ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਅ ਰਹੇ ਹਨ।ਉਹਨਾ ਦਾ ਜਨਮ 1965 ਚ ਸਵੱਦੀ ਕਲਾਂ ਹੋਇਆ ਉਪਰੰਤ ਉਹਨਾਂ ਨੇ ਆਪਣੀ ਮੁੱਢਲੀ ਵਿੱਦਿਆ ਸਵੱਦੀ ਕਲਾਂ ਦੇ ਸਕੂਲ ਤੋਂ ਹਾਸਲ ਕੀਤੀ।ਦਸਵੀਂ ਕਲਾਸ 1981ਵਿੱਚ ਕੀਤੀ ਅਤੇ ਉਸ ਤੋ ਬਾਅਦ ਉਹਨਾਂ ਨੇ 1985 ਚ ਸਿੱਖਿਆ ਵਿਭਾਗ ਵਿਚ ਨੌਕਰੀ ਸ਼ੁਰੂ ਕੀਤੀ ਅਤੇ ਮਿਹਨਤ ਅਤੇ ਲਗਨ ਨਾਲ ਨੌਕਰੀ ਕਰਦੇ ਹੋਏ ਉਹ 2010 ਤੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਆਏ ਤੇ ਪਿੰਡ ਦੀ ਪੰਚਾਇਤ ਦੀ ਸਹਾਇਤਾ ਨਾਲ ਉਹਨਾਂ ਨੇ 2019 ਚ ਆਨ ਲਾਈਨ ਸਿੱਖਿਆ ਵਿੱਚ ਆਪਣਾ ਯੋਗਦਾਨ ਪਾਇਆ।ਉਪਰੰਤ ਇਸ ਸਕੂਲ ਦਾ ਕਾਫੀ ਸਰਵਪੱਖੀ ਵਿਕਾਸ ਕਰਵਾਇਆ।ਇਸ ਤੋਂ ਬਿਨਾਂ ਸਕੂਲ ਵਿੱਚ ਸੀ ਸੀ ਟੀ ਵੀ ਕੈਮਰੇ ਤੇ ਵਾਟਰ ਕੂਲਰ ਲਗਵਾਏ ਤੇ ਪਾਰਕ ਵੀ ਬਣਵਾਈ।ਵਿਨੋਦ ਕੁਮਾਰ ਨੇ ਸਟਾਫ ਦੀ ਮੱਦਦ ਨਾਲ ਸਕੂਲ ਨੂੰ ਰੰਗ ਰੋਗਨ ਵੀ ਕਰਵਾਇਆ।ਏਥੇ ਹੀ ਬੱਸ ਨਹੀਂ ਉਹਨਾਂ ਨੇ ਸਕੂਲੀ ਵਿਦਿਆਰਥੀਆਂ ਵਾਸਤੇ ਬੱਸ ਵੀ ਲਗਵਾਈ ਅਤੇ ਆਪਣੇ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ ਵਧਾਈ।ਪ੍ਰਿੰਸੀਪਲ ਵਿਨੋਦ ਕੁਮਾਰ ਦੀਆਂ ਇਹਨਾ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਕੱਲ ਅਧਿਆਪਕ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋ ਸਟੇਟ ਐਵਾਰਡ ਦਿੱਤਾ ਗਿਆ। ਪ੍ਰਿੰਸੀਪਲ ਵਿਨੋਦ ਕੁਮਾਰ ਨੂੰ ਸਟੇਟ ਐਵਾਰਡ ਮਿਲਣ ਦੀ ਖੁਸ਼ੀ ਵਿੱਚ ਉਹਨਾਂ ਦੇ ਜੱਦੀ ਪਿੰਡ ਸਵੱਦੀ ਕਲਾਂ ਵਿੱਚ ਹੀ ਨਹੀਂ ਬਲਕਿ ਇਲਾਕੇ ਭਰ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ।