ਰਾਸ਼ਟਰਪਤੀ ਚੋਣ ਬਾਇਕਾਟ ਦੇ ਫੈਸਲੇ ਦਾ ਸਹਿਯੋਗ ਦੇਣ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ
ਮੁੱਲਾਂਪੁਰ ਦਾਖਾ, 7 ਅਗਸਤ(ਸਤਵਿੰਦਰ ਸਿੰਘ ਗਿੱਲ) ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਅਤੇ ਵਿਧਾਨ ਸਭਾ ਅੰਦਰ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਸਮੁੱਚੇ ਪੰਜਾਬੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਪੰਜਾਬ ਪੰਜਾਬੀ ਅਤੇ ਕੌਮ ਦੇ ਮਸਲਿਆਂ ਦੇ ਹੱਲ ਲਈ ਲੜਾਈ ਲੜਦੇ ਰਹਿਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਨਿਰੰਤਰ ਯਤਨਸ਼ੀਲ ਰਹਿਣਗੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਅਸਲ ਹਿਤੈਸ਼ੀ ਪਾਰਟੀ ਹੈ ਜਿਸ ਨੇ ਪੰਜਾਬ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਸੌ ਸਾਲ ਤੱਕ ਸੰਘਰਸ਼ ਕੀਤਾ, ਪ੍ਰੰਤੂ ਪਿਛਲੇ ਸਮੇਂ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਲਏ ਫ਼ੈਸਲਿਆਂ ਕਾਰਨ ਬੇਸ਼ੱਕ ਮੌਜੂਦਾ ਸਮੇਂ ਲੋਕ ਅਕਾਲੀ ਦਲ ਦੀਆਂ ਨੀਤੀਆਂ ਤੋਂ ਦੂਰ ਹੋ ਗਏ ਹਨ ਪਰ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਪੰਜਾਬੀਆਂ ਦੀ ਹਰਮਨ ਪਿਆਰੀ ਪਾਰਟੀ ਹੈ।
ਵਿਧਾਇਕ ਇਯਾਲੀ ਨੇ ਕਿਹਾ ਕਿ ਉਹ ਪਿਛਲੇ ਸਮੇਂ ਦੌਰਾਨ ਰਾਜਨੀਤੀ ਨੂੰ ਛੱਡ ਕੇ ਮਹਿਜ਼ ਲੋਕ ਸੇਵਾ ਕਰਨਾ ਚਾਹੁੰਦੇ ਸਨ ਪ੍ਰੰਤੂ ਜ਼ਿਮਨੀ ਚੋਣ ਆ ਜਾਣ ਕਾਰਨ ਲੜਾਈ ਵਿੱਚੋਂ ਭੱਜਣ ਦੀ ਬਜਾਏ ਮੁਕਾਬਲੇ ਲਈ ਮੈਦਾਨ ਵਿੱਚ ਡਟ ਗਏ ਅਤੇ ਹਲਕੇ ਦੇ ਵੋਟਰਾਂ ਨੇ ਜ਼ਿਮਨੀ ਚੋਣ ਵਿੱਚ ਵੱਡੇ ਫਰਕ ਨਾਲ ਜੇਤੂ ਬਣਾਉਣ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਤੀਜੀ ਵਾਰ ਵਿਧਾਇਕ ਬਣਾ ਕੇ ਮਾਣ ਦਿੱਤਾ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਸਮੇਂ ਪਾਰਟੀ ਵੱਲੋਂ ਭਾਜਪਾ ਦਾ ਸਮਰਥਨ ਕੀਤੇ ਜਾਣ ਤੋਂ ਬਾਅਦ ਹਲਕੇ ਦੇ ਵੋਟਰਾਂ ਸਪੋਟਰਾਂ ਅਤੇ ਬੁੱਧੀਜੀਵੀ ਵਰਗ ਨਾਲ ਸਲਾਹ ਕਰਨ ਤੋਂ ਬਾਅਦ ਹੀ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਗਿਆ ਸੀ ਜਿਸ ਉਪਰੰਤ ਪਾਰਟੀ ਦੇ ਵੱਡੀ ਗਿਣਤੀ ਵਰਕਰਾਂ ਆਗੂਆਂ ਅਤੇ ਸਪੋਟਰਾਂ ਵੱਲੋਂ ਮੇਰੇ ਇਸ ਫ਼ੈਸਲੇ ਦਾ ਭਰਪੂਰ ਸਮਰਥਨ ਕੀਤਾ ਗਿਆ, ਇੱਥੋਂ ਤੱਕ ਕਿ ਪਿਛਲੇ ਸਮੇਂ ਦੌਰਾਨ ਪਾਰਟੀ ਤੋਂ ਦੂਰ ਹੋਏ ਕਈ ਵਰਕਰਾਂ ਵੱਲੋਂ ਵੀ ਜਨਤਕ ਤੌਰ ਤੇ ਮੇਰੇ ਇਸ ਫ਼ੈਸਲੇ ਤੇ ਸਹਿਮਤੀ ਦੀ ਮੋਹਰ ਲਗਾਈ ਗਈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਝੂੰਦਾਂ ਕਮੇਟੀ ਵੱਲੋਂ ਸੌ ਹਲਕਿਆਂ ਦੇ ਵੋਟਰਾਂ ਨਾਲ ਰਾਬਤਾ ਕਰਨ ਤੋਂ ਬਾਅਦ ਰਿਪੋਰਟ ਬਣਾਈ ਗਈ ਸੀ ਜਿਸ ਨੂੰ ਇੰਨ ਬਿੰਨ ਲਾਗੂ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਅਤੇ ਪੰਜਾਬੀ ਦੇ ਪੱਖ ਵਿਚ ਖੜ੍ਹਨ ਵਾਲੇ ਹਰ ਇਨਸਾਨ ਪਾਰਟੀ ਦੇ ਫ਼ੈਸਲੇ ਦਾ ਸਮਰਥਨ ਕਰਦੇ ਰਹਾਂਗੇ ਅਤੇ ਪੰਜਾਬ ਪੰਜਾਬੀ ਤੇ ਕੌਮ ਦੇ ਮਸਲਿਆਂ ਲਈ ਸੰਘਰਸ਼ ਜਾਰੀ ਰਹੇਗਾ ਇਸ ਦੇ ਨਾਲ ਹੀ ਪੰਜਾਬੀਆਂ ਲਈ ਚੰਗਾ ਸਮਾਜ ਸਿਰਜਣ ਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਨਿਰੰਤਰ ਯਤਨਸ਼ੀਲ ਰਹਾਂਗੇ।