ਸਿਹਤ ਵਿਭਾਗ ਵਲੋਂ ਮਨਾਇਆ ਗਿਆ ਵਿਸ਼ਵ ਡਾਕਟਰ ਦਿਵਸ

ਫਾਜ਼ਿਲਕਾ 1 ਜੁਲਾਈ (ਰਣਜੀਤ ਸਿੱਧਵਾਂ) : ਆਜ਼ਾਦੀ ਦਾ ਅੰਮ੍ਰਿਤ  ਮਹਾਂਉਤਸਵ ਦੇ ਤਹਿਤ ਅੱਜ ਵਿਸ਼ਵ ਡਾਕਟਰ ਦਿਵਸ ਦੇ ਮੌਕੇ ਤੇ ਸਿਵਲ ਸਰਜਨ ਫਾਜ਼ਿਲਕਾ ਡਾ. ਤੇਜਵੰਤ ਢਿੱਲੋਂ ਨੇ ਜ਼ਿਲ੍ਹੇ ਦੇ 5 ਡਾਕਟਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਡਾਕਟਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ ਕਿਉਂਕਿ ਡਾਕਟਰਾਂ ਤੋਂ ਬਿਨਾਂ ਸਿਹਤ ਵਿਭਾਗ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਕਿਹਾ ਕਿ ਅੱਜ ਦਾ ਵਿਸਵ ਡਾਕਟਰ ਦਿਵਸ ਨੈਸ਼ਨਲ ਹੈਲਥ ਐਥੋਂਰਿਟੀ ਵੱਲੋਂ ਸਾਰੇ ਦੇਸ ਵਿੱਚ ਡਾਕਟਰਾਂ ਨੂੰ ਸਨਮਾਨਿਤ ਕਰ ਕੇ ਮਨਾਇਆ ਜਾ ਰਿਹਾ ਹੈ। ਪੰਜਾਬ ਵਿੱਚ ‘ਰਾਜ ਸਿਹਤ ਏਜੰਸੀ ਪੰਜਾਬ‘ ਵੱਲੋ ਇਹ ਦਿਨ ਪੰਜਾਬ ਦੇ ਡਾਕਟਰਾਂ ਨੂੰ ਸਨਮਾਨਿਤ ਕਰ ਕੇ ਮਨਾਇਆ ਜਾ ਰਿਹਾ ਹੈ।ਇਸ ਮੌਕੇ ਤੇ ਡਾ. ਢਿੱਲੋ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਡਾ. ਨਿਸ਼ਾਂਤ ਸੇਤੀਆ ਅਤੇ ਡਾ. ਵਿਕਾਸ ਗਾਂਧੀ ਹੱਡੀਆਂ ਦੇ ਰੋਗਾਂ ਦੇ ਮਾਹਿਰ ਹਨ। ਇਹਨਾਂ ਦੀ ‘ਟੀਮ ਓਰਥੋਂ‘ ਬਹੁਤ ਤਨਦੇਹੀ ਨਾਲ ਆਪਣੀਆ ਸੇਵਾਵਾਂ ਦੇ ਰਹੀ ਹੈ। ਗੋਡਿਆਂ ਦੇ ਕਿੰਨੇ ਹੀ ਸਫਲ ਆਪ੍ਰੇਸ਼ਨ  ਇਹ ਟੀਮ ਕਰ ਚੁੱਕੀ ਹੈ। ਇਸੇ ਤਰ੍ਹਾਂ ਡਾ. ਗਗਨਦੀਪ ਸਿੰਘ, ਡਾ. ਰੋਹਿਤ ਗੋਇਲ ਅਤੇ ਡਾ. ਕਿਰਤੀ ਗੋਇਲ ਜੋ ਕਿ ਆਪ੍ਰੇਸ਼ਨਾਂ ਦੇ ਮਾਹਿਰ ਹਨ, ਲਗਾਤਾਰ ਲੋਕਾਂ ਦੀ ਸੇਵਾ ਕਰ ਰਹੇ ਹਨ। ਸਮਾਜ ਨੂੰ ਵੀ ਡਾਕਟਰਾਂ ਦੇ ਪ੍ਰਤੀ ਅਪਣਾ ਰਵੱਈਆ ਅਤੇ ਸੋਚ ਬਦਲਣ ਦੀ ਲੋੜ ਹੈ। ਜਿਸ ਤਰ੍ਹਾਂ  ਅੱਜ ਡਾਕਟਰਾਂ ਦੇ ਪ੍ਰਤੀ ਕੁਝ ਲੋਕਾਂ ਵੱਲੋਂ ਇੱਕ ਨੈਗੇਟਿਵ ਮਾਨਸਿਕਤਾ ਦੇਖਣ ਨੂੰ ਮਿਲ ਰਹੀ ਹੈ। ਉਹ ਸਮਾਜ ਲਈ ਬਹੁਤ ਨੁਕਸਾਨ ਦੇਹ ਹੈ। ਇਸੇ ਮਾਨਸਿਕਤਾ ਕਰਕੇ ਡਾਕਟਰਾਂ ਦੇ ਖਿਲਾਫ਼ ਮਾਰਕੁੱਟ, ਗਾਲੀ ਗਲੋਚ ਆਦਿ ਸ਼ਰਮਸ਼ਾਰ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅੱਜ ਦੇ ਪੜੇ ਲਿਖੇ ਸਮਾਜ ਵਿੱਚ ਐਹੋ ਜਿਹੀ ਕਿਸੇ ਵੀ ਮਾਨਸਿਕਤਾ ਦੀ ਕੋਈ ਥਾਂ ਨਹੀਂ ਹੈ। ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਨਿਲ ਧਾਮੂ ਨੇ ਕਿਹਾ ਅੱਜ ਜਰੂਰਤ ਹੈ ਸਾਡੀ ਸਿਹਤ ਦੇ ਰੱਖਵਾਲਿਆਂ ਨੂੰ ਉਚਿਤ ਮਾਨ ਸਨਮਾਨ ਅਤੇ ਕੰਮ ਕਰਨ ਲਈ ਵਧੀਆ ਮਾਹੌਲ ਦੇਣ ਦੀ। ਆਓ ਅੱਜ ਦੇ ਦਿਨ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਆਪਣੇ ਡਾਕਟਰਾਂ ਨੂੰ ਉਚਿਤ ਮਾਨ ਸਨਮਾਨ ਦੇਵਾਂਗੇ।