You are here

ਜੁਲਾਈ ਮਹੀਨਾ ਡੇਂਗੂ ਰੋਕਥਾਮ ਨੂੰ ਸਮਰਪਿਤ : ਡਾ. ਭੁਪਿੰਦਰ ਸਿੰਘ

ਮੌਸਮੀ ਬਦਲਾਅ ਨੂੰ ਮੁੱਖ ਰੱਖਦੇ ਹੋਏ ਵੱਖ ਵੱਖ ਥਾਵਾਂ 'ਤੇ ਗਤੀਵਿਧੀਆਂ

ਬੱਸੀ ਪਠਾਣਾਂ/ ਫਤਹਿਗੜ੍ਹ ਸਾਹਿਬ, 01 ਜੁਲਾਈ (ਰਣਜੀਤ ਸਿੱਧਵਾਂ) : ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਨੰਦਪੁਰ ਕਲੌੜ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪੀ.ਐਚ.ਸੀ ਨੰਦਪੁਰ ਕਲੌੜ ਵਿਖੇ ਸਿਹਤ ਵਿਭਾਗ ਦੀਆਂ ਹਦਾਇਤਾ ਮੁਤਾਬਕ ਜੁਲਾਈ ਮਹੀਨਾ ਡੇਂਗੂ ਰੋਕਥਾਮ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ. ਭੁਪਿੰਦਰ ਨੇ ਕਿਹਾ ਕਿ ਆ ਰਹੇ ਮੌਸਮੀ ਬਦਲਾਅ ਜਿਸ ਵਿੱਚ ਡੇਂਗੂ ਦਾ ਜੋਰ ਵੱਧ ਜਾਂਦਾ ਹੈ, ਉਸ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਨੇ ਪਹਿਲਾਂ ਤੋਂ ਹੀ ਕਮਰ ਕੱਸੀ ਹੋਈ ਹੈ। ਸਿਹਤ ਕਰਮੀ ਘਰਾਂ, ਦਫਤਰਾਂ, ਅਦਾਰਿਆ ਵਿੱਚ ਜਾ ਕੇ ਪਾਣੀ ਦੀ ਖੜੋਤ ਦੇ ਸਥਾਨਾਂ ਦਾ ਨਿਰੀਖਣ ਕਰਦੇ ਹਨ ਅਤੇ ਮੱਛਰਾਂ ਦੀ ਪੈਦਾਇਸ਼ ਮਿਲਣ 'ਤੇ ਉਸਨੂੰ ਨਸ਼ਟ ਕਰਦੇ ਹਨ। ਉਨ੍ਹਾਂ ਮਕਾਨ ਮਾਲਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਦਾ ਲਾਰਵਾ ਪਨਪਣ ਵਾਲੀ ਥਾਵਾਂ ਵੱਲ ਖਾਸ ਧਿਆਨ ਰੱਖਦੇ ਹੋਏ ਜਲਦੀ ਤੋਂ ਜਲਦੀ ਸਾਫ ਸਫ਼ਾਈ ਕਰਨ।  ਅਣਗਿਹਲੀ ਕੀਤੇ ਜਾਣ 'ਤੇ  ਚਲਾਨ ਵੀ ਕੱਟੇ ਜਾਂਦੇ ਹਨ। ਕਿਸੇ ਵੀ ਲੜਾਈ ਨੂੰ ਜਿਤਣ ਲਈ ਲੋਕਾ ਦਾ ਸਹਿਯੋਗ ਬਹੁਤ ਜਰੂਰੀ ਹੈ  ਬਿਨਾਂ ਲੋਕਾਂ ਦੇ ਸਹਿਯੋਗ ਦੇ ਸਰਕਾਰ ਕਿਸੇ ਵੀ ਪ੍ਰੋਗਰਾਮ ਨੂੰ 100 ਪ੍ਰਤੀਸ਼ਤ ਸਫਲ ਨਹੀਂ ਬਣਾ ਸਕਦੀ ਇਸ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ।