ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ (ਪੰਜਾਬ) ਵੱਲੋਂ, ਰੂ-ਬ-ਰੂ,

ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ

  ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਰੂ-ਬ-ਰੂ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸ਼ਾਨਦਾਰ ਸਮਾਰੋਹ ਵਿੱਚ ਕਾਰਜਕਾਰੀ ਪ੍ਰਿੰਸੀਪਲ ਡਾ. ਕੰਵਲਦੀਪ ਸਿੰਘ (ਸਰਕਾਰੀ  ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ) ਨੇ ਮੁੱਖ-ਮਹਿਮਾਨ ਵਜੋਂ ਅਤੇ ਸ. ਦਵਿੰਦਰ ਸਿੰਘ (ਮਾਸਟਰਜ਼ ਵਰਲਡ ਇਮੀਗ੍ਰੇਸ਼ਨ ਅਤੇ ਆਇਲੈਟਸ ਸੈਂਟਰ, ਫ਼ਰੀਦਕੋਟ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਦੌਰਾਨ ਪ੍ਰਸਿੱਧ ਚਿੱਤਰਕਾਰ, ਲੇਖਕ ਅਤੇ ਗੀਤਕਾਰ ਪ੍ਰੀਤ ਭਗਵਾਨ ਦਾ ਰੂ-ਬ-ਰੂ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਸਰੋਤਿਆਂ ਨਾਲ ਆਪਣੇ ਜੀਵਨ, ਚਿੱਤਰਕਾਰੀ, ਸਾਹਿਤ ਦੇ ਤਜ਼ਰਬੇ ਸਾਂਝੇ ਕਰਦਿਆਂ ਖੁਬਸੂਰਤ ਗੀਤ, ਗ਼ਜ਼ਲਾਂ ਪੇਸ਼ ਕੀਤੀਆਂ। ਇਸ ਸਮਾਰੋਹ ਦੀ ਪ੍ਰਧਾਨਗੀ ਪ੍ਰੋ. ਸੰਦੀਪ ਸਿੰਘ ਨੇ ਕੀਤੀ। ਇਸ ਸਮਾਰੋਹ ਦੀ ਸ਼ੁਰੂਆਤ ਵਿੱਚ ਪ੍ਰੋ. ਬੀਰ ਇੰਦਰ ਸਰਾਂ ਨੇ ਮੁੱਖ-ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ।
ਇਸ ਮੌਕੇ ਮੁੱਖ-ਮਹਿਮਾਨ ਡਾ. ਕੰਵਲਦੀਪ ਸਿੰਘ ਅਤੇ ਸ. ਦਵਿੰਦਰ ਸਿੰਘ ਨੇ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਭਾ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਲਈ ਹੈ ਅਤੇ ਇਸ ਸਭਾ ਤੋਂ ਪੰਜਾਬੀ ਸਾਹਿਤ ਅਤੇ ਸਮਾਜ ਨੂੰ ਬਹੁਤ ਉਮੀਦਾਂ ਹਨ। ਉਹਨਾਂ ਨੇ ਸਭਾ ਦੇ ਚੇਅਰਮੈਨ, ਪ੍ਰਧਾਨ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ । ਪ੍ਰੀਤ ਭਗਵਾਨ ਨੇ ਕਿਹਾ ਕਿ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ (ਪੰਜਾਬ) ਵੱਲੋਂ ਇਕ ਨਵੇਕਲੀ ਪਹਿਲਕਦਮੀ ਕਰਦਿਆਂ ਸਾਹਿਤ ਦੇ ਨਾਲ ਚਿੱਤਰਕਾਰੀ ਦੇ ਖੇਤਰ ਨੂੰ ਵੀ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਹੈ। ਇਸ ਦੌਰਾਨ ਸਭਾ ਵੱਲੋਂ ਪ੍ਰਿੰਸੀਪਲ ਡਾ. ਕੰਵਲਦੀਪ ਸਿੰਘ, ਸ. ਦਵਿੰਦਰ ਸਿੰਘ ਤੇ ਸ. ਪ੍ਰੀਤ ਭਗਵਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਤੋਂ ਇਲਾਵਾ ਸਭਾ ਦੇ ਸਹਾਇਕ ਖਜਾਨਚੀ ਕਸ਼ਮੀਰ ਮਾਨਾ ਨੂੰ ਜਨਮ ਦਿਨ ਮੌਕੇ ਅਤੇ ਜਸਵੀਰ ਫ਼ੀਰਾ ਨੂੰ ਸਟੇਜ ਸੰਚਾਲਨ ਲਈ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ ਅਤੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਸਾਹਿਤਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।

ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਸਾਂਝੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਪੰਜਾਬੀ ਮਾਂ-ਬੋਲੀ ਅਤੇ ਸਾਹਿਤ ਦੀ ਸੇਵਾ ਨੂੰ ਸਮਰਪਿਤ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਸਭਾ ਵੱਲੋਂ ਸਮੇਂ ਸਮੇਂ ‘ਤੇ ਰੂ-ਬ-ਰੂ, ਆਨਲਾਈਨ ਕਵੀ ਦਰਬਾਰ, ਸਾਹਿਤ ਸਭਾਵਾਂ, ਉੱਭਰ ਰਹੇ, ਨਵੇਂ ਤੇ ਸਥਾਪਿਤ ਕਲਮਕਾਰਾਂ ਦਾ ਸਨਮਾਨ ਅਤੇ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ । ਇਸ ਮੌਕੇ ਇੱਕ ਸ਼ਾਨਦਾਰ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਸ ਸਮਾਗਮ ਵਿੱਚ ਸ਼ਬਦ-ਸਾਂਝ ਕੋਟਕਪੂਰਾ, ਪੰਜਾਬੀ ਸਾਹਿਤ ਸਭਾ ਸਾਦਿਕ, ਪੰਜਾਬੀ ਲੇਖਕ ਮੰਚ ਫ਼ਰੀਦਕੋਟ ਅਤੇ ਹੋਰ ਕਈ ਸੰਸਥਾਵਾਂ ਤੇ ਸਭਾਵਾਂ ਤੋਂ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਨੇ ਸ਼ਿਰਕਤ ਕੀਤੀ ਅਤੇ ਕਵੀ ਦਰਬਾਰ ਦੌਰਾਨ ਖੂਬਸੂਰਤ ਰਚਨਾਵਾਂ ਦਾ ਦੌਰ ਚੱਲਿਆ ।
ਇਹ ਸਮਾਰੋਹ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ, ਮੀਤ ਪ੍ਰਧਾਨ ਜਸਵੀਰ ਫ਼ੀਰਾ ਤੇ ਸਿਕੰਦਰ ਚੰਦਭਾਨ, ਜਨਰਲ ਸਕੱਤਰ ਵਤਨਵੀਰ ਵਤਨ, ਸਕੱਤਰ ਰਾਜ ਗਿੱਲ ਭਾਣਾ, ਸਹਾਇਕ ਸਕੱਤਰ ਸੁਖਵੀਰ ਸਿੰਘ ਬਾਬਾ, ਪ੍ਰੈਸ ਸਕੱਤਰ ਧਰਮ ਪ੍ਰਵਾਨਾ,  ਪ੍ਰਚਾਰ ਸਕੱਤਰ ਸਾਗਰ ਸ਼ਰਮਾ ਤੇ ਪਰਵਿੰਦਰ ਸਿੰਘ, ਖਜਾਨਚੀ ਜਤਿੰਦਰਪਾਲ ਟੈਕਨੋ, ਸਹਾਇਕ ਖਜਾਨਚੀ ਕਸ਼ਮੀਰ ਸਿੰਘ ਮਾਨਾ, ਸਲਾਹਕਾਰ ਕੁਲਵਿੰਦਰ ਵਿਰਕ ਤੇ ਪ੍ਰੀਤ ਭਗਵਾਨ, ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਸਿੰਘ, ਕਾਰਜਕਾਰੀ ਮੈਂਬਰ ਪ੍ਰੋ. ਸੰਦੀਪ ਸਿੰਘ, ਜਸਵਿੰਦਰ ਗੀਤਕਾਰ,  ਬਲਵਿੰਦਰ ਗਰਾਈਂ, ਗਗਨ ਫੂਲ ਆਦਿ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ । ਮੰਚ ਸੰਚਾਲਕ ਦੀ ਭੂਮਿਕਾ ਜਸਵੀਰ ਫ਼ੀਰਾ ਅਤੇ ਧਰਮ ਪ੍ਰਵਾਨਾ ਨੇ ਬਾਖੂਬੀ ਢੰਗ ਨਾਲ ਨਿਭਾਈ। ਭੁਪਿੰਦਰ ਕੌਰ ਦੁਆਰਾ ਲਗਾਈ ਗਈ ਪੋਸਟਰ ਪ੍ਰਦਰਸ਼ਨੀ ਵੀ ਆਕਰਸ਼ਣ ਦਾ ਕੇਂਦਰ ਰਹੀ। ਅੰਤ ਵਿੱਚ ਪ੍ਰਧਾਨ ਸ਼ਿਵਨਾਥ ਦਰਦੀ ਨੇ ਸਭ ਦਾ ਧੰਨਵਾਦ ਕੀਤਾ।