ਵਿਧਾਇਕ ਲਖਵੀਰ ਸਿੰਘ ਰਾਏ ਨੇ ਆਦਮਪੁਰ ਨਹਿਰ ਦੇ  ਨਵੇਂ ਉਸਾਰੇ ਜਾਣ ਵਾਲੇ ਪੁਲ ਦਾ ਕੰਮ ਸੁਰੂ ਕਰਵਾਇਆ  

ਫਤਹਿਗੜ੍ਹ ਸਾਹਿਬ, 23 ਮਈ  (ਰਣਜੀਤ ਸਿੱਧਵਾਂ)  :  ਸਰਹਿੰਦ ਪਟਿਆਲਾ ਰੋਡ ਜਲਦ ਫੋਰਲੇਨ ਹੋਵੇਗਾ, ਜਿਸ ਦਾ ਇਲਾਕੇ ਦੇ ਲੋਕਾਂ ਨੂੰ ਵਧੇਰੇ ਲਾਭ ਹੋਵੇਗਾ। ਇਸ ਨਾਲ ਅਣਸੁਖਾਵੀਆਂ ਘਟਨਾਵਾਂ ਤੋਂ ਨਿਜਾਤ ਮਿਲੇਗੀ। ਇਹ ਪ੍ਰਗਟਾਵਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਹਿੰਦ-ਪਟਿਆਲਾ ਰੋਡ 'ਤੇ ਆਦਮਪੁਰ ਨਹਿਰ ਦੇ ਨਵੇ ਉਸਾਰੇ ਜਾਣ ਵਾਲੇ ਪੁਲ ਦੇ ਕੰਮ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਰੋਪੜ, ਸਰਹਿੰਦ, ਪਟਿਆਲਾ, ਸੰਗਰੂਰ, ਬਠਿੰਡਾ ਤੋਂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਇਸ ਸੜਕ ਦੇ ਫੋਰਲੇਨ ਹੋਣ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਪਿਛਲੇ ਲੰਮੇ ਸਮੇਂ ਤੋਂ ਸੜਕੀ ਦੁਰਘਟਨਾਵਾਂ ਦੇ ਕਾਰਨ ਬਹੁਤ ਲੋਕ ਜਾਨਾਂ ਗਵਾ ਚੁੱਕੇ ਸਨ, ਉਸ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਇਸ ਮੌਕੇ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਯੁਵਰਾਜ ਸਿੰਘ ਨੇ ਦੱਸਿਆ ਕਿ ਉਕਤ ਪ੍ਰਾਜੈਕਟ 9.68 ਕਰੋੜ ਦਾ ਹੈ ਤੇ ਡੇਢ ਸਾਲ ਦੇ ਸਮੇਂ ਵਿਚ ਪੂਰਾ ਕੀਤਾ ਜਾਵੇਗਾ। ਹਲਕਾ ਵਿਧਾਇਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੁਲ ਸਟੀਲ ਅਧਾਰਤ ਹੋਵੇਗਾ, ਜਿਸ ਦੀ ਲੰਬਾਈ 55 ਮੀਟਰ ਅਤੇ ਚੌੜਾਈ 10 ਮੀਟਰ ਰਹੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦੇ ਲਈ ਰੋਜ਼ਾਨਾ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਨਸ਼ਿਆਂ ਦੇ ਖਿਲਾਫ਼ ਮੁਹਿੰਮ ਵਿੱਢੀ ਗਈ ਹੈ, ਉੱਥੇ ਹੀ ਵਿਕਾਸ ਕਾਰਜਾਂ ਨੂੰ ਵੀ ਬੜਾਵਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੁਣ ਆਮ ਲੋਕਾਂ ਦੀ ਸਰਕਾਰ ਹੈ ਹਰ ਕਾਰਜ ਲੋਕਾਂ ਦੀ ਰਾਇ ਅਨੁਸਾਰ ਲੋਕਾਂ ਦੇ ਲਾਭ ਲਈ ਕੀਤਾ ਜਾਵੇਗਾ। ਇਸ ਮੌਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਡੀਓ ਮਨਜੀਤ ਸਿੰਘ, ਕੁਮਾਰ ਗੌਰਵ, ਹਰਵਿੰਦਰ ਸਿੰਘ, ਪੰਕਜ ਮਹਿਰਾ (ਸਾਰੇ ਜੇ.ਈ), ਮਲਕੀਤ ਸਿੰਘ ਟਿਵਾਣਾ, ਗੁਰਸਤਿੰਦਰ ਸਿੰਘ ਜੱਲ੍ਹਾ, ਰਮੇਸ਼ ਸੋਨੂੰ, ਸੰਨੀ ਚੋਪੜਾ, ਰਮੇਸ਼ ਪੂਨੀਆ, ਹਰਮੇਸ ਸਿੰਘ ਨਰੈਣਗੜ੍ਹ ਛੰਨਾ, ਨਾਹਰ ਸਿੰਘ ਆਦਮਪੁਰ,  ਪ੍ਰਿਤਪਾਲ ਸਿੰਘ ਜੱਸੀ, ਪਾਵੇਲ ਹਾਂਡਾ, ਗੁਰਮੁੱਖ ਸਿੰਘ ਸਰਹਿੰਦ, ਅਮਰੀਕ ਸਿੰਘ ਬਾਲਪੁਰ, ਨਾਹਰ ਸਿੰਘ ਖਰੋੜਾ, ਅਮਰਿੰਦਰ ਮੰਡੋਫਲ, ਨਵਦੀਪ ਨਬੀ ਆਦਿ ਵੀ ਹਾਜ਼ਰ ਸਨ