ਕਰੀਬ 100 ਕੰਪਨੀਆਂ ਵੱਲੋਂ ਮੇਲੇ 'ਚ ਕੀਤੀ ਜਾਵੇਗੀ ਸ਼ਮੂਲੀਅਤ

ਲੁਧਿਆਣਾ, 23 ਮਈ (ਰਣਜੀਤ ਸਿੱਧਵਾਂ)  :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 27 ਮਈ 2022 ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸਥਾਨਕ ਫੋਕਲ ਪੁਆਇੰਟ ਵਿਖੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ.) ਕੰਪਲੈਕਸ ਵਿੱਚ 'ਮੈਗਾ ਜਾਬ ਫੇਅਰ 2022' ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੈਗਾ ਰੋਜ਼ਗਾਰ ਮੇਲੇ ਵਿੱਚ 100 ਦੇ ਕਰੀਬ ਕੰਪਨੀਆਂ ਸ਼ਿਰਕਤ ਕਰਨਗੀਆਂ ਅਤੇ ਨੌਜਵਾਨਾਂ ਨੂੰ ਵੱਖ-ਵੱਖ ਨੌਕਰੀਆਂ ਲਈ ਭਰਤੀ ਕਰਨਗੀਆਂ। ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਆਪਣੇ ਦਫ਼ਤਰ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਟਾਫ਼ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਨੌਜਵਾਨਾਂ ਨੂੰ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਕੰਪਨੀਆਂ ਵੱਲੋਂ ਵੈਲਡਰ, ਫਿਟਰ, ਹੈਲਪਰ, ਟਰਨਰ, ਮਸ਼ੀਨਿਸਟ, ਸੀ.ਐਨ. ਸੀ/ਵੀ.ਐਮ.ਸੀ. ਆਪਰੇਟਰ, ਇਲੈਕਟ੍ਰੀਸ਼ੀਅਨ ਆਪਰੇਟਰ, ਐਮ.ਐਮ.ਵੀ. ਅਤੇ ਡੀਜ਼ਲ ਮਕੈਨਿਕ, ਕੰਪਿਊਟਰ ਆਪਰੇਟਰ, ਡਿਜੀਟਲ ਮਾਰਕੀਟਿੰਗ ਐਗਜ਼ੀਕਿਊਟਿਵ, ਐਚ.ਆਰ. ਮੈਨੇਜਰ, ਅਸਿਸਟੈਂਟ ਮੈਨੇਜਰ, ਡਿਪਲੋਮਾ ਇੰਜਨੀਅਰ, ਸੰਗਠਨਾਤਮਕ ਕਾਰਜਕਾਰੀ ਆਦਿ ਦੀ ਭਰਤੀ ਕੀਤੀ ਜਾਣੀ ਹੈ।ਉਨ੍ਹਾਂ ਦੱਸਿਆ ਕਿ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ 10ਵੀਂ, 12ਵੀਂ, ਬੀ.ਏ. ਅਤੇ ਬੀ.ਕਾਮ ਪਾਸਆਊਟ ਵਿਦਿਅਕ ਯੋਗਤਾਵਾਂ ਵਾਲਾ ਕੋਈ ਵੀ ਉਮੀਦਵਾਰ ਭਾਗ ਲੈ ਸਕਦਾ ਹੈ। ਉਨ੍ਹਾਂ 27 ਮਈ, 2022 ਨੂੰ ਇਸ ਮੈਗਾ ਰੋਜ਼ਗਾਰ ਮੇਲੇ ਦੇ ਆਯੋਜਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਲਈ ਸੀਸੂ ਤੋਂ ਉਪਕਾਰ ਸਿੰਘ ਆਹੂਜਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।