ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ

-ਕੰਬਾਇਨਾਂ ਦੇ ਚਲਾਉਣ ਲਈ ਸਮਾਂ ਨਿਰਧਾਰਤ

-ਖੇਤੀ ਮਸ਼ੀਨਰੀ ਦੀਆਂ ਸਪੇਅਰ ਪਾਰਟਸ ਦੁਕਾਨਾਂ ਅਤੇ ਵਰਕਸ਼ਾਪਾਂ ਖੋਲਣ ਦੀ ਆਗਿਆ

-ਜ਼ਿਲਾ ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ

ਲੁਧਿਆਣਾ, ਅਪ੍ਰੈੱਲ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਵਿਸ਼ਵ ਭਰ ਵਿੱਚ ਫੈਲੀ ਭਿਆਨਕ ਬਿਮਾਰੀ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਲਗਾਏ ਗਏ ਕਰਫਿਊ/ਲੌਕਡਾਊਨ ਦੌਰਾਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਖੇਤੀ ਦੇ ਨਾਲ ਸੰਬੰਧਤ ਕਟਾਈ ਅਤੇ ਬਿਜਾਈ ਕਰਨ ਦੀ ਛੋਟ ਦਿੱਤੀ ਗਈ ਹੈ। ਇਸ ਸੰਬੰਧੀ ਇੱਕ ਹੁਕਮ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਅੱਜ ਜਾਰੀ ਕੀਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਦੱਸਿਆ ਕਿ ਆਗਾਮੀ ਸਮੇਂ ਦੌਰਾਨ ਕਣਕ ਫਸਲ ਦੀ ਕਟਾਈ ਅਤੇ ਅਗਲੀ ਫਸਲ ਦੀ ਬਿਜਾਈ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮੂਹ ਕੰਬਾਇਨਾਂ ਕਟਾਈ ਦੇ ਸੀਜ਼ਨ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਖੇਤੀ ਨਾਲ ਸੰਬੰਧਤ ਕੰਮ ਕਰ ਸਕਣਗੀਆਂ। ਖੇਤੀ ਲਈ ਵਰਤੋਂ ਹੋਣ ਵਾਲੀ ਮਸ਼ੀਨਰੀ ਦੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ (ਤਿੰਨ ਘੰਟੇ) ਤੱਕ ਹੀ ਖੁੱਲ ਸਕਣਗੀਆਂ। ਮਸ਼ੀਨਰੀ ਦੀ ਮੁਰੰਮਤ ਵਰਕਸ਼ਾਪ ਦੇ ਅੰਦਰ ਹੀ ਕੀਤੀ ਜਾਵੇਗੀ।ਅਗਰਵਾਲ ਨੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ ਕਿ ਉਹ ਸਮੂਹ ਕਿਸਾਨਾਂ, ਖੇਤ ਮਜ਼ਦੂਰਾਂ, ਕੰਬਾਇਨ ਮਾਲਕਾਂ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਵਿੱਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਅਤੇ ਉਨਾਂ ਦੇ ਦਫ਼ਤਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਾਈ ਜਾਵੇ। ਉਨਾਂ ਸਮੂਹ ਧਿਰਾਂ ਨੂੰ ਕਿਹਾ ਕਿ ਆਪਸ ਵਿੱਚ 1.50 ਮੀਟਰ ਤੋਂ 2.00 ਮੀਟਰ ਦੀ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਕੰਮ ਦੌਰਾਨ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਕੀਤੀ ਜਾਵੇ। ਮਸ਼ੀਨਰੀ ਨੂੰ ਸਮੇਂ-ਸਮੇਂ 'ਤੇ ਸੈਨੀਟਾਈਜ਼ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕਿਸੇ ਵੀ ਹਾਲਤ ਵਿੱਚ 10 ਤੋਂ ਜਿਆਦਾ ਵਿਅਕਤੀਆਂ ਦਾ ਇਕੱਠ ਨਾ ਹੋਣ ਦਿੱਤਾ ਜਾਵੇ।