ਪਿੰਡ ਸ਼ਹਿਜਾਦਪੁਰ ਵਿਖੇ ਸ਼ੁਰੂ ਕੀਤਾ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪ੍ਰਦਰਸ਼ਨੀ ਪਲਾਂਟ
ਬੱਸੀ ਪਠਾਣਾਂ/ ਫਤਹਿਗੜ੍ਹ ਸਾਹਿਬ, 18 ਮਈ (ਰਣਜੀਤ ਸਿੱਧਵਾਂ) : ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਹੈ ਤਾਂ ਜੋ ਦਿਨੋ-ਦਿਨ ਡੂੰਘੇ ਹੋ ਰਹੇ ਪਾਣੀ ਦੇ ਸੰਕਟ ਤੋਂ ਨਿਜਾਤ ਪਾਈ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬੱਸੀ ਪਠਾਣਾਂ ਤੋਂ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਬਲਾਕ ਬੱਸੀ ਪਠਾਣਾ ਅਧੀਨ ਪੈਂਦੇ ਪਿੰਡ ਵਿੱਚ ਸ਼ਹਿਜਾਦਪੁਰ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪ੍ਰਦਰਸ਼ਨੀ ਪਲਾਟ ਬਿਜਵਾਉਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣਗੇ ਤਾਂ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਤਰ੍ਹਾਂ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਲੇਬਰ ਦੇ ਖਰਚੇ ਵੀ ਘੱਟਦੇ ਹਨ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪਾਣੀ ਬਚਾਓ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਦਰਸ਼ਨ ਲਾਲ ਦੀ ਯੋਗ ਅਗਵਾਈ ਹੇਠ ਡਾ. ਕਿਰਪਾਲ ਸਿੰਘ ਮਹੰਤ ਬੀਜ ਵਿਕਾਸ ਅਫਸਰ-ਕਮ- ਖੇਤੀਬਾੜੀ ਅਫ਼ਸਰ ਬੱਸੀ ਪਠਾਣਾ ਵੱਲੋਂ ਸ੍ਰੀਮਤੀ ਮਨਦੀਪ ਕੌਰ ਗਿੱਲ ਖੇਤੀਬਾੜੀ ਵਿਸਥਾਰ ਅਫ਼ਸਰ ਦੇ ਸਹਿਯੋਗ ਨਾਲ ਝੋਨੇ ਦੀ ਸਿੱਧੀ ਬਿਜਾਈ ਦੇ ਪ੍ਰਦਰਸ਼ਨੀ ਪਲਾਟ ਦਾ ਆਰੰਭ ਕੀਤਾ ਗਿਆ। ਇਸ ਮੌਕੇ ਵੱਲੋਂ ਐੱਸ.ਡੀ.ਐੱਸ ਸ੍ਰੀ ਰਵਿੰਦਰ ਸਿੰਘ ਜੌਹਲ ਅਤੇ ਸ੍ਰੀ ਰਾਜ ਪੂਰੀ ਐੱਮ.ਸੀ.ਜੀ. ਵੱਲੋਂ ਖੇਤੀਬਾੜੀ ਵਿਭਾਗ ਦੇ ਸਾਰੇ ਕਰਮਚਾਰੀਆਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ । ਇਸ ਮੌਕੇ ਅਗਾਂਹਵਧੂ ਕਿਸਾਨ ਭਗਵੰਤ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ (ਗੋਪਾਲ), ਮੇਜਰ ਸਿੰਘ, ਸਰਪੰਚ ਬਲਜਿੰਦਰ ਸਿੰਘ , ਧਰਮਜੀਤ ਸਿੰਘ, ਅਵਤਾਰ ਸਿੰਘ, ਰੁਲਦਾ ਸਿੰਘ, ਹਰਜੀਤ ਸਿੰਘ, ਬਹਾਦਰ ਸਿੰਘ ਆਦਿ ਕਿਸਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਹਨਾਂ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਆ। ਡਾ. ਕਿਰਪਾਲ ਸਿੰਘ ਮਹੰਤ ਬੀਜ ਵਿਕਾਸ ਅਫਸਰ-ਕਮ- ਖੇਤੀਬਾੜੀ ਅਫ਼ਸਰ ਬਸੀ ਪਠਾਣਾ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਖਾਦਾਂ, ਪਾਣੀ ਆਦਿ ਦੀ ਬੱਚਤ ਹੁੰਦੀ ਹੈ ਉੱਥੇ ਹੀ ਅਗਲੀਆਂ ਫਸਲਾਂ ਲਈ ਜਮੀਨ ਵਿੱਚ ਤੱਤ ਅਤੇ ਤਾਕਤ ਵੱਧਦੀ ਹੈ ਕਿਸਾਨੀ ਖਰਚੇ ਵੀ ਘਟਦੇ ਹਨ ਅਤੇ ਖੇਤੀ ਮਾਹਿਰਾਂ ਦੀਆਂ ਨਵੀਂਆਂ ਖੋਜਾਂ ਨੂੰ ਹੁੰਗਾਰਾ ਮਿਲਦਾ ਹੈ। ਸੁਚੱਜੇ ਬੀਜ ਪ੍ਰਬੰਧਨ, ਮਿਆਰੀ ਖਾਦਾਂ, ਕੀੜੇਮਾਰ ਜ਼ਹਿਰਾਂ ਦੀ ਸਪਲਾਈ ਬਾਰੇ ਡਾ. ਕਿਰਪਾਲ ਸਿੰਘ ਮਹੰਤ (ਖੇਤੀਬਾੜੀ ਅਫਸਰ) ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਹਨਾਂ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।