ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਸਵੇਰੇ 7 ਤੋਂ ਸ਼ਾਮ 3 ਵਜੇ ਤੱਕ ਖੋਲਣ ਦੇ ਹੁਕਮ ਜਾਰੀ

(ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ)

ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਹੋ ਸਕੇਗੀ ਸ਼ਰਾਬ ਦੀ ਹੋਮ ਡਿਲੀਵਰੀ

ਫੂਡ ਐਂਡ ਬੈਵਰਜ ਆੳੂਟਲੈਟਸ, ਰੈਸਟੋਰੈਂਟਾਂ ਅਤੇ ਢਾਬਿਆਂ ਤੋਂ ਹੋਵੇਗੀ ਕੇਵਲ ਹੋਮ ਡਿਲੀਵਰੀ

ਪਹਿਲਾਂ ਦੀ ਤਰਾਂ ਰੋਟੇਸ਼ਨ ਵਾਈਜ਼ ਹੀ ਖੁੱਲਣਗੀਆਂ ਦੁਕਾਨਾਂ, ਕੇਵਲ ਸਮੇਂ ’ਚ ਕੀਤੀ ਗਈ ਹੈ ਤਬਦੀਲੀ

ਕਪੂਰਥਲਾ , ਮਈ 2020-(ਹਰਜੀਤ ਸਿੰਘ ਵਿਰਕ)-
ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ ਮਿਤੀ 6 ਮਈ 2020 ਨੂੰ ਜਾਰੀ ਹਦਾਇਤਾਂ ਦੀ ਪਾਲਣਾ ਵਿਚ ਅਤੇ 4 ਮਈ 2020 ਨੂੰ ਜਾਰੀ ਕੀਤੇ ਆਪਣੇ ਹੁਕਮਾਂ ਦੀ ਲਗਾਤਾਰਤਾ ਵਿਚ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਵਿਚ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ 7 ਮਈ 2020 ਤੋਂ ਸਵੇਰੇ 7 ਵਜੇ ਤੋਂ ਸ਼ਾਮ 3 ਵਜੇ ਤੱਕ ਖੋਲਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਲਾਇਸੰਸੀਆਂ ਵੱਲੋਂ ਸ਼ਰਾਬ ਦੀ ਹੋਮ ਡਿਲੀਵਰੀ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਫੂਡ ਐਂਡ ਬੈਵਰਜ਼ ਆੳੂਟਲੈਟਸ (ਐਫ. ਬੀ. ਓਜ਼), ਜਿਨਾਂ ਵਿਚ ਰੈਸਟੋਰੈਂਟ ਅਤੇ ਢਾਬੇ ਵੀ ਸ਼ਾਮਿਲ ਹਨ, ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਮ ਡਿਲੀਵਰੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਦਕਿ ਇਨਾਂ ਨੂੰ ਸਿਟ-ਇਨ-ਡਾਇਨਿੰਗ ਜਾਂ ਟੇਕ ਅਵੇ ਦੀ ਆਗਿਆ ਨਹੀਂ ਹੋਵੇਗੀ। ਐਫ. ਬੀ. ਓਜ਼ ਦੇ ਸੰਚਾਲਕ ਗਾਹਕਾਂ ਲਈ ਆਪਣੇ ਆੳੂਟਲੈਟਸ ਦੇ ਸ਼ਟਰ ਬੰਦ ਰੱਖਣੇ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਉਹ ਇਹ ਵੀ ਯਕੀਨੀ ਬਣਾਉਣਗੇ ਕਿ ਉਨਾਂ ਦੀਆਂ ਕਿਚਨ ਬਕਾਇਦਾ ਸਾਫ਼ ਅਤੇ ਸੈਨੀਟਾਈਜ਼ਡ ਹੋਣ। ਇਸੇ ਤਰਾਂ ਉਥੋਂ ਦੇ ਵਰਕਰਾਂ ਵੱਲੋਂ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਅਨੁਸਾਰ ਸਾਫ਼-ਸਫ਼ਾਈ, ਸਮਾਜਿਕ ਦੂਰੀ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਐਫ. ਬੀ. ਓਜ਼ ਨੂੰ  ਹੋਮ ਡਿਲੀਵਰੀ ਲਈ ਸਹਾਇਕ ਕਮਿਸ਼ਨਰ (ਫੂਡ ਸੇਫਟੀ) ਕਪੂਰਥਲਾ ਤੋਂ ਪ੍ਰਵਾਨਗੀ ਲੈਣੀ ਹੋਵੇਗੀ, ਜਿਨਾਂ ਵੱਲੋਂ ਐਫ. ਓ. ਬੀ ਆੳੂਟਲੈਟਸ ਦੀ ਕਿਚਨ ਸਮੇਤ ਜਾਂਚ ਤੋਂ ਬਾਅਦ ਤੋਂ ਬਾਅਦ ਹੀ ਪ੍ਰਵਾਨਗੀ ਦਿੱਤੀ ਜਾਵੇਗੀ ਅਤੇ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਮੇਂ-ਸਮੇਂ ’ਤੇ ਉਨਾਂ ਦੀ ਰੁਟੀਨ ਚੈਕਿੰਗ ਕੀਤੀ ਜਾਵੇਗੀ। ਇਸ ਸਬੰਧੀ ਬਾਕੀ ਦਿਸ਼ਾ-ਨਿਰਦੇਸ਼ 4 ਮਈ 2020 ਨੂੰ ਜਾਰੀ  ਹੁਕਮਾਂ ਵਾਲੇ ਹੀ ਰਹਿਣਗੇ।
  ਜ਼ਿਲਾ ਮੈਜਿਸਟ੍ਰੇਟ ਨੇ ਸਪੱਸ਼ਟ ਕੀਤਾ ਹੈ ਕਿ ਦੁਕਾਨਾਂ ਦੇ ਕੇਵਲ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ ਜਦਕਿ ਇਹ ਪਹਿਲਾਂ ਤੋਂ ਜਾਰੀ ਹੁਕਮਾਂ ਅਨੁਸਾਰ ਮਿੱਥੇ ਗਏ ਦਿਨਾਂ ਅਤੇ ਕੈਟੇਗਰੀ ਵਾਈਜ਼ (ਰੋਟੇਸ਼ਨ ਵਾਈਜ਼) ਹੀ ਖੁੱਲਣਗੀਆਂ।