ਸਤਿਕਾਰ ਕਮੇਟੀ ਨੇ ਲਾਈਵ ਹੋ ਕੇ ਖ਼ਰੀਦੀ ਨਸ਼ੀਲੀ ਦਵਾਈ

ਮੋਗਾ,  ਜੁਲਾਈ 2019-(gurdev galib,manjit gill)- ਇੱਥੇ ਡਰੱਗ ਇੰਸਪੈਕਟਰ ਤੇ ਪੁਲੀਸ ਨੇ ਮੈਡੀਕਲ ਸਟੋਰ ਉੱਤੇ ਛਾਪਾ ਮਾਰ ਕੇ ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਜ਼ਬਤ ਕੀਤੀਆਂ ਹਨ। ਇਹ ਛਾਪਾ ਸਤਿਕਾਰ ਕਮੇਟੀ ਵੱਲੋਂ ਨਸ਼ੇ ਦੀ ਰੂਪ ’ਚ ਵਰਤੋਂ ਹੋਣ ਵਾਲੀ ਦਵਾਈ ਦੀ ਲਾਈਵ ਖਰੀਦ ਕਰਨ ਬਾਅਦ ਮਾਰਿਆ ਗਿਆ। ਸਿਹਤ ਵਿਭਾਗ ਦੀ ਮਿਲੀਭੁਗਤ ਨਾਲ ਸ਼ਹਿਰ’ਚ ਕਿਰਾਏ ’ਤੇ ਲਏ ਕੁਝ ਮੈਡੀਕਲ ਸਟੋਰਾਂ ’ਤੇ ਇਹ ਧੰਦਾ ਚੱਲ ਰਿਹਾ ਹੈ।
ਡਰੱਗ ਇੰਸਪੈਕਟਰ ਅਮਿਤ ਬਾਂਸਲ ਨੇ ਕਿਹਾ ਕਿ ਉਨ੍ਹਾਂ ਸਾਰੀ ਦਵਾਈ ਕਬਜ਼ੇ ’ਚ ਲੈ ਲਈ ਹੈ ਅਤੇ ਉਹ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜੋ ਦਵਾਈ ਵੇਚੀ ਗਈ ਹੈ ਉਹ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਵੇਚੀ ਜਾ ਸਕਦੀ ਸੀ। ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਤਿਰਲੋਚਨ ਸਿੰਘ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਕਿਹਾ ਕਿ ਡਰੱਗ ਇੰਸਪੈਕਟਰ ਵੱਲੋਂ ਜੋ ਰਿਪੋਰਟ ਦਿੱਤੀ ਜਾਵੇਗੀ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਤਿਕਾਰ ਕਮੇਟੀ ਆਗੂ ਅਰਸ਼ਦੀਪ ਸਿੰਘ, ਰਾਜਾ ਸਿੰਘ ਖੁਖਰਾਣਾ ਤੇ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ ਨਸ਼ੇ ਦੀ ਆਦੀ 12 ਸਾਲ ਦੀ ਬੱਚੀ ਨੇ ਸੰਪਰਕ ਕੀਤਾ ਸੀ। ਉਸ ਨੇ ਇਸ ਮੈਡੀਕਲ ਸਟੋਰ ਤੋਂ ਦਵਾਈ ਖਰੀਦ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਖੁਦ ਲਾਈਵ ਹੋ ਕੇ ਕਥਿਤ ਨਸ਼ੇ ਦੀ ਰੂਪ ’ਚ ਵਰਤੋਂ ਹੋਣ ਵਾਲੀ ਦਵਾਈ ਖਰੀਦ ਕੀਤੀ।
ਉਨ੍ਹਾਂ ਕਿਹਾ ਕਿ ਛੋਟੇ ਛੋਟੇ ਇਲਾਕਿਆਂ ਵਿੱਚ ਬਿਨਾਂ ਹਸਪਤਾਲ ਦੇ ਖੁੱਲ੍ਹੇ ਮੈਡੀਕਲ ਸਟੋਰਾਂ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਤਾਂ ਹੈਰਾਨੀਜਨਕ ਤੱਥ ਸਾਹਮਣੇ ਆ ਸਕਦੇ ਹਨ। ਪਿੰਡਾਂ ਤੇ ਸ਼ਹਿਰਾਂ ਅੰਦਰ ਕਥਿਤ ਕਿਰਾਏ ਦੇ ਲਾਇਸੈਂਸਾਂ ਅਤੇ ਕੁਝ ਬਿਨਾਂ ਲਾਇਸੈਂਸਾਂ ’ਤੇ ਚੱਲ ਰਹੇ ਮੈਡੀਕਲ ਸਟੋਰ ਸਿਹਤ ਵਿਭਾਗ ਦੀ ਕਥਿਤ ਢਿੱਲੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੇ ਹਨ। ਕਈ ਮੈਡੀਕਲ ਸਟੋਰ ਮਾਲਕ ਗੈਰਕਾਨੂੰਨੀ ਢੰਗ ਨਾਲ ਵਿਭਾਗੀ ਨਿਯਮਾਂ ਨੂੰ ਟਿੱਚ ਸਮਝ ਕੇ ਸਰੇਆਮ ਕਥਿਤ ਰੂਪ’ਚ ਨਸ਼ੇ ’ਚ ਵਰਤੋਂ ਹੋਣ ਵਾਲੀਆਂ ਦਵਾਈਆ ਵੇਚ ਰਹੇ ਹਨ। ਵਿਭਾਗ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਅਜੇ ਤੱਕ ਕਿਸੇ ਵਿਭਾਗੀ ਅਧਿਕਾਰੀ ਦੀ ਅੱਖ ਨਹੀਂ ਖੁੱਲ੍ਹੀ।