ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਨੌਜਵਾਨਾਂ ਲਈ ਮੁਫ਼ਤ ਕਿੱਤਾਮੁਖੀ ਸਿਖਲਾਈ -

ਪ੍ਰੋਗਰਾਮ ਅਧੀਨ 18-35 ਸਾਲ ਦੇ ਘੱਟੋ-ਘੱਟ ਦਸਵੀਂ ਪਾਸ ਨੌਜਵਾਨ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ - ਅਮਿਤ ਕੁਮਾਰ ਪੰਚਾਲ
ਲੁਧਿਆਣਾ, 10 ਮਈ (ਰਣਜੀਤ ਸਿੱਧਵਾਂ) - ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਅਤੇ ਐੱਲ ਐਂਡ ਟੀ ਸੀ ਐੱਸ ਟੀ ਆਈ ਪਿਲਖੁਵਾ ਦੁਆਰਾ ਪੰਜਾਬ ਦੇ ਨੌਜਵਾਨਾਂ ਲਈ 45-90 ਦਿਨਾਂ ਦੀ ਕਿੱਤਾਮੁਖੀ ਰਿਹਾਇਸ਼ੀ ਟ੍ਰੇਨਿੰਗ ਦਿੱਤੀ ਜਾਵੇਗੀ।  ਸ੍ਰੀ ਪੰਚਾਲ ਨੇ ਦੱਸਿਆ ਕਿ ਇਨ੍ਹਾਂ ਕਿੱਤਾਮੁਖੀ ਕੋਰਸਾਂ ਵਿੱਚ ਫਾਰਮਵਰਕ, ਸਕੈਫੋਲਡਿੰਗ, ਬਾਰ ਬੈਂਡਿੰਗ ਅਤੇ ਸਟੀਲ ਫਿਕਸਿੰਗ ਨਿਰਮਾਣ ਇਲੈਕਟ੍ਰੀਸ਼ੀਅਨ, ਸੋਲਰ ਪੀ.ਵੀ. ਟੈਕਨੀਸ਼ੀਅਨਜ, ਕੰਕਰੀਟ ਲੈਬ ਅਤੇ ਫੀਲਡ ਟੈਸਟਿੰਗ ਅਤੇ ਪਲੰਬਰ ਦੇ ਕੋਰਸ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸੂਬੇ ਵਿੱਚ ਬੇਰੁਜ਼ਗਾਰੀ ਨੂੰ ਘਟਾਉਣ ਦੇ ਮੰਤਵ ਨਾਲ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਗਰੀਬ ਬੇਰੋਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫ਼ਤ ਕਿੱਤਾਮੁਖੀ ਕੋਰਸ ਕਰਵਾਏ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਫਾਰਮਵਰਕ ਕੋਰਸ ਲਈ ਕਾਰਪੈਂਟਰ/ਡ੍ਰਾਫਟ ਮੈਨ ਸਿਵਲ/ਫਿਟਰ ਟਰੇਡ ਵਿੱਚ ਆਈ.ਟੀ.ਆਈ. ਜਾਂ ਦਸਵੀਂ ਪਾਸ ਨੂੰ ਤਰਜ਼ੀਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਕੈਫੋਲਡਿੰਗ ਲਈ ਫਿਟਰ/ਡ੍ਰਾਫਟਸਮੈਨ ਸਿਵਲ ਟਰੇਡ ਵਿੱਚ ਆਈ.ਟੀ.ਆਈ. ਜਾਂ ਦਸਵੀਂ ਪਾਸ, ਬਾਰ ਬੈਂਡਿੰਗ ਅਤੇ ਸਟੀਲ ਫਿਕਸਿੰਗ ਲਈ ਫਿਟਰ/ਡ੍ਰਾਫਟਸਮੈਨ ਸਿਵਲ ਟਰੇਡ ਵਿੱਚ ਆਈ.ਟੀ.ਆਈ. ਜਾਂ ਦਸਵੀਂ ਪਾਸ, ਨਿਰਮਾਣ ਇਲੈਕਟ੍ਰੀਸ਼ੀਅਨ ਲਈ ਇਲੈਕਟ੍ਰੀਸ਼ੀਅਨ/ਵਾਇਰਮੈਨ ਟਰੇਡ ਦੀ ਆਈ.ਟੀ.ਆਈ., ਸੋਲਰ ਪੀ.ਵੀ. ਟੈਕਨੀਸ਼ੀਅਨਜ ਲਈ ਇਲੈਕਟ੍ਰੀਸ਼ੀਅਨ/ਵਾਇਰਮੈਨ/ਇਲੈਕਟ੍ਰੋਨਿਕਸ ਟਰੇਡ ਵਿੱਚ ਆਈ.ਟੀ.ਆਈ., ਕੰਕਰੀਟ ਲੈਬ ਅਤੇ ਫੀਲਡ ਟੈਸਟਿੰਗ ਲਈ ਸਿਵਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ/ਡਿਪਲੋਮਾ ਅਤੇ ਪਲੰਬਰ ਲਈ ਪਲੰਬਰ ਟਰੇਡ ਵਿੱਚ ਆਈ.ਟੀ.ਆਈ. ਪਾਸ ਨੌਜਵਾਨਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿੱਤਾਮੁਖੀ ਕੋਰਸਾਂ ਲਈ ਹਰ ਮਹੀਨੇ ਲਗਭਗ 150-180 ਨੌਜਵਾਨਾਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਪ੍ਰੋਗਰਾਮ ਅਧੀਨ 18-35 ਸਾਲ ਦੇ ਘੱਟੋ ਘੱਟ ਦਸਵੀਂ ਪਾਸ ਨੌਜਵਾਨ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਨੌਕਰੀ 'ਤੇ ਵੀ ਲਗਵਾਇਆ ਜਾਵੇਗਾ। ਟ੍ਰੇਨਿੰਗ ਦੌਰਾਨ ਉਮੀਦਵਾਰਾਂ ਨੂੰ ਮੁਫ਼ਤ ਟ੍ਰੇਨਿੰਗ ਦੇਣ ਦੇ ਨਾਲ ਨਾਲ ਵਰਦੀ, ਜੁੱਤੇ ਅਤੇ ਪੀ.ਪੀ. ਵੀ ਦਿੱਤੇ ਜਾਣਗੇ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ ਤੇ ਆਤਮ ਨਿਰਭਰ ਬਣਾਉਣਾ ਹੈ। ਚਾਹਵਾਨ ਉਮੀਦਵਾਰ ਆਪਣੇ ਆਪ ਨੂੰ ਇਸ ਲਿੰਕ https://tinyurl.com/L-and-T-Skill-Training 'ਤੇ ਰਜਿਸਟਰ ਕਰਨ ਅਤੇ ਵਧੇਰੇ ਜਾਣਕਾਰੀ ਲਈ ਰੁਜ਼ਗਾਰ ਦਫ਼ਤਰ ਲੁਧਿਆਣਾ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।