ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਗਹਿਲੇਵਾਲ ਤੇ ਬੱਗਾ ਖੁਰਦ ਦੇ ਕਿਸਾਨਾਂ ਖਿਲਾਫ ਕਾਰਵਾਈ ਲਈ ਕੀਤੀ ਸ਼ਿਕਾਇਤ

ਖੇਤੀਬਾੜੀ ਵਿਭਾਗ ਵੱਲੋ ਕੀਤੀ ਪੜਤਾਲ 'ਚ ਹੋਈ ਪੁਸ਼ਟੀ, ਕਿਸਾਨਾਂ ਵੱਲੋਂ ਜਾਣ-ਬੁੱਝ ਕੇ ਕਣਕ ਦੀ ਨਾੜ ਨੂੰ ਲਾਈ ਅੱਗ

ਆਸ-ਪਾਸ ਲੱਗੇ ਦਰੱਖਤਾਂ ਦਾ ਵੀ ਹੋਇਆ ਭਾਰੀ ਨੁਕਸਾਨ
ਲੁਧਿਆਣਾ, 10 ਮਈ (ਰਣਜੀਤ ਸਿੱਧਵਾਂ) - ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀਮਤੀ ਸੁਰਭੀ ਮਲਿਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਣਕ ਦੀ ਨਾੜ ਨੂੰ ਜਾਣ-ਬੁੱਝ ਕੇ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਪੜਤਾਲ ਕੀਤੀ ਗਈ ਅਤੇ ਅਧਿਕਾਰੀਆਂ ਵੱਲੋਂ ਪਾਇਆ ਗਿਆ ਕਿ ਪਿੰਡ ਗਹਿਲੇਵਾਲ ਅਤੇ ਬੱਗਾ ਖੁਰਦ ਵਿਖੇ ਕਿਸਾਨਾਂ ਵੱਲੋਂ ਖੇਤ ਨੂੰ ਅੱਗ ਲਗਾਈ ਗਈ ਸੀ, ਜਿਸ ਕਾਰਨ ਆਸ-ਪਾਸ ਲੱਗੇ ਦਰੱਖਤਾਂ ਦਾ ਕਾਫੀ ਨੁਕਸਾਨ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਮੌਕੇ ਤੇ ਜਾ ਕੇ ਪੁਸ਼ਟੀ ਕਰਨ ਉਪਰੰਤ ਇਸ ਸਬੰਧੀ ਕਾਰਵਾਈ ਕਰਨ ਲਈ ਉਪ ਮੰਡਲ ਮੈਜਿਸਟ੍ਰੇਟ, ਮੁੱਖ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਬੰਧਤ ਥਾਣਾ ਇੰਚਾਰਜ ਨੂੰ ਲਿਖਿਆ ਗਿਆ ਹੈ।ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਨਾੜ ਨੂੰ ਖੇਤ ਵਿੱਚ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਨਾ ਕਿ ਅੱਗ ਲਗਾ ਕੇ ਪੋਸ਼ਟਿਕ ਤੱਤਾਂ ਨੂੰ ਖਤਮ ਕਰਨ। ਉਨ੍ਹਾਂ ਦੱਸਿਆ ਕਿ ਨਾੜ ਨੂੰ ਖੇਤ ਵਿੱਚ ਵਾਹੁਣਾ ਜ਼ਮੀਨ ਲਈ ਹੀ ਨਹੀਂ ਬਲਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਵੀ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਜ਼ਮੀਨਦੋਜ਼ ਪਾਣੀ ਦੀ ਬੱਚਤ ਕਰਨ ਲਈ ਸਿੱਧੀ ਬਿਜਾਈ ਨੂੰ ਪਹਿਲ ਦੇਣ ਅਤੇ ਇਸ ਸਬੰਧੀ ਵੱਡੇ ਪੱਧਰ 'ਤੇ ਖੇਤੀਬਾੜੀ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ।