Punjab Weekend Lockdown, ਨਾਈਟ ਕਰਫਿਊ ਦਾ ਸਮਾਂ ਵੀ ਵਧਾਇਆ, ਸਰਕਾਰ ਨੇ ਮੰਤਰੀ ਮੰਡਲ ਦੀ ਬੈਠਕ ’ਚ ਲਿਆ ਫ਼ੈਸਲਾ

ਚੰਡੀਗੜ੍ਹ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਸੂਬੇ ’ਚ ਬੇਕਾਬੂ ਹੁੰਦੇ ਕੋਰੋਨਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ’ਚ ਵੀਕੈਂਡ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਇਹ ਲਾਕਡਾਊਨ ਸ਼ੁੱਕਰਵਾਰ ਸ਼ਾਮ ਛੇ ਵਜੇ ਤੋਂ ਲੈ ਕੇ ਸੋਮਵਾਰ ਸਵੇਰੇ ਪੰਜ ਵਜੇ ਤਕ ਹੋਵੇਗਾ। ਇਸਦੇ ਨਾਲ ਹੀ ਨਾਈਟ ਕਰਫਿਊ ਨੂੰ ਵੀ ਲਾਕਡਾਊਨ ’ਚ ਬਦਲਦੇ ਹੋਏ ਸੂਬੇ ’ਚ ਬਾਜ਼ਾਰ ਬੰਦ ਕਰਨ ਦੇ ਸਮੇਂ ’ਚ ਬਦਲਾਅ ਕੀਤਾ ਗਿਆ ਹੈ। ਹੁਣ ਰੋਜ਼ਾਨਾ ਸ਼ਾਮ ਪੰਜ ਵਜੇ ਬਾਜ਼ਾਰ ਬੰਦ ਹੋ ਜਾਣਗੇ। ਇਹ ਫ਼ੈਸਲਾ ਸੋਮਵਾਰ ਨੂੰ ਮੰਤਰੀ ਮੰਡਲ ਦੀ ਬੈਠਕ ’ਚ ਕੀਤਾ ਗਿਆ।

ਬੈਠਕ ’ਚ ਮੌਜੂਦ ਰਹੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੈਬਨਿਟ ’ਚ ਚਰਚਾ ਕਰਨ ਤੋਂ ਬਾਅਦ ਇਹ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਪੂਰੀ ਤਰ੍ਹਾਂ ਲਾਕਡਾਊਨ ਲਾਉਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਸ ਨਾਲ ਜਿੱਥੇ ਆਰਥਿਕ ਸਰਗਰਮੀਆਂ ਰੁਕਦੀਆਂ ਹੀ ਹਨ, ਉੱਥੇ ਰੋਜ਼ ਕਮਾ ਕੇ ਖਾਣ ਵਾਲਿਆਂ ਨੂੰ ਵੀ ਮੁਸ਼ਕਲ ਹੁੰਦੀ ਹੈ।

ਬੈਠਕ ’ਚ ਆਕਸੀਜਨ ਦੀ ਵੱਧ ਰਹੀ ਮੰਗ ਤੇ ਸਪਲਾਈ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਇਹ ਮਾਮਲਾ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਵਿਵਾਦ ਦਾ ਮੁੱਦਾ ਬਣਦਾ ਜਾ ਰਿਹਾ ਹੈ। ਪੰਜਾਬ ਸਰਕਾਰ 300 ਟਨ ਆਕਸੀਜਨ ਦੀ ਮੰਗ ਕਰ ਰਹੀ ਹੈ ਤਾਂ ਕੇਂਦਰ ਸਰਕਾਰ 105 ਟਨ ਆਕਸੀਜਨ ਮੁਹੱਈਆ ਕਰਵਾ ਰਹੀ ਹੈ। ਬੈਠਕ ਮਗਰੋਂ ਮੀਡੀਆ ਨਾਲ ਗੱਲ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਪਾਕਿਸਤਾਨ ਦੀ ਇੰਡਸਟਰੀ ਕੋਲ ਆਕਸੀਜਨ ਦਾ ਕਾਫ਼ੀ ਭੰਡਾਰ ਹੈ ਪਰ ਉਸ ਨੂੰ ਲੈਣ ਲਈ ਕੇਂਦਰ ਸਰਕਾਰ ਇਜਾਜ਼ਤ ਨਹੀਂ ਦੇ ਰਹੀ। ਮੁੱਖ ਮੰਤਰੀ ਨੇ ਬੈਠਕ ’ਚ ਕਿਹਾ ਕਿ ਉਹ ਇਸ ਮਾਮਲੇ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਕੋਲ ਉਠਾ ਰਹੇ ਹਨ। ਜੇਕਰ ਇਹ ਆਕਸੀਜਨ ਸਾਨੂੰ ਮਿਲ ਜਾਂਦੀ ਹੈ ਤਾਂ ਇਸ ਦਾ ਸਾਰਾ ਖ਼ਰਚ ਸੂਬਾ ਸਰਕਾਰ ਚੁੱਕੇਗੀ। ਜਾਖੜ ਨੇ ਕਿਹਾ ਕਿ ਜੇਕਰ ਆਕਸੀਜਨ ਦੀ ਕਮੀ ਕਾਰਨ ਕਿਸੇ ਮਰੀਜ਼ ਦੀ ਮੌਤ ਹੋਈ ਤਾਂ ਕੇਂਦਰ ਸਰਕਾਰ ਇਸ ਲਈ ਜ਼ਿੰਮੇਵਾਰ ਹੋਵੇਗੀ।

ਜਾਖੜ ਨੇ ਕਿਹਾ ਕਿ ਅੰਮ੍ਰਿਤਸਰ ’ਚ ਇਕ ਐਕਸਪੋਰਟ ਕੰਪਨੀ ਕੋਲ ਰੈਮਡੇਸਿਵਿਰ ਦੇ 50 ਹਜ਼ਾਰ ਟੀਕੇ ਪਏ ਹਨ ਤੇ ਉਹ ਮੁਫ਼ਤ ’ਚ ਦੇਣ ਲਈ ਤਿਆਰ ਹੈ ਪਰ ਕੇਂਦਰ ਸਰਕਾਰ ਨੇ ਇਸ ਤੋਂ ਵੀ ਮਨ੍ਹਾ ਕਰ ਦਿੱਤਾ ਹੈ ਜਦਕਿ ਰਾਜਸਥਾਨ ਨੇ 20 ਹਜ਼ਾਰ ਟੀਕੇ ਪੰਜਾਬ ਨੂੰ ਭੇਜ ਦਿੱਤੇ ਹਨ। ਸੂਬੇ ’ਚ ਇਸ ਸਮੇਂ ਵੈਕਸੀਨ ਦੀ ਵੀ ਕਮੀ ਹੈ।