ਸੁਵੱਖਤੇ ਗੁਰੂ ਘਰ ਦੇ ਸਪੀਕਰ ਚੋਂ ਜਦੋਂ ਪਾਠੀ ਸਿੰਘ ਦੀ ਆਵਾਜ਼ ਉਸ ਦੇ ਕੰਨੀਂ ਪੈਣੀ ਉਹ ਇੱਕ ਦਮ ਉੱਭੜਵਾਹੇ ਵਾਂਗੂੰ ਉੱਠ ਪੈਂਦੀ ਹੈ । ਸਿਰ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਦੇ ਹੇਠਾਂ ਤੱਕ ਤ੍ਰੇਲੀਓ -ਤ੍ਰੇਲੀ ਹੋਇਆ ਉਸ ਦਾ ਸਰੀਰ ਝੂਠਾ ਪੈ ਜਾਂਦਾ ਸੀ । ਹੱਥ -ਪੈਰ ਤਾਂ ਜਾਣੋ ਸੁੰਨ ਹੋ ਕੇ ਕੰਮ ਹੀ ਛੱਡ ਜਾਂਦੇ ਸੀ, ਪੋਹ ਦੇ ਮਹੀਨੇ ਦੀਆਂ ਸਰਦ ਕਾਲੀਆਂ ਰਾਤਾਂ ਦਾ ਪਹਿਲਾ ਪਹਿਰ, ਕੁੱਕੜ ਦੀ ਬਾਂਗ ਰੋਂਦੇ ਹੋਏ ਕੁੱਤਿਆਂ ਦੀਆਂ ਹੂਕਾਂ, ਸ਼ੀ-ਸ਼ੀ ਦੀਆਂ ਆਵਾਜ਼ਾਂ ਸੁਣ ਕੇ ਉਸ ਦਾ ਦਿਲ ਨਿਕਲ ਕੇ ਬਾਹਰ ਨੂੰ ਆਉਂਦਾ ਸੀ ।ਮੰਜੇ ਤੇ ਪਈ ਦੀ ਜਦੋਂ ਉਸ ਦੀ ਅੱਖ ਖੁੱਲ੍ਹਦੀ ਹੈ ਤਾਂ ਉਹ ਟਸਰ ਦੇ ਗਦੈਲੇ ‘ਤੇ ਖੱਦਰ ਦੀ ਫੁੱਲਾਂ ਵਾਲੀ ਰਜਾਈ ਚੋਂ ਬਾਹਰ ਨਿਕਲਦੀ, ਸਾਹੋ ਸਾਹ ਹੋਈ ਅੱਖਾਂ ਫੇਰਦੀ ਹੋਈ, ਉਹ ਆਪਣੇ ਖਿੱਲਰੇ ਲੰਮੇ ਕਾਲੇ ਵਾਲਾਂ ਦਾ ਜੂੜਾ ਬਣਾਉਂਦੇ ਹੋਏ, ਇਕ ਦਮ ਮੰਜੀ ਤੋਂ ਉੱਠਦੀ ਚੱਕਵੇਂ ਪੈਰੀਂ ਸਵਾਤ ਦਾ ਇੱਕ ਗੇੜਾ ਕੱਢ ਕੇ ਸਹਿਮ ਅਤੇ ਈਰਖਾ ਨਾਲ ਭਰੀ ਪੀਤੀ ਆਪਣੀ ਮਾਂ ਦੇ ਮੰਜੇ ਕੋਲ ਆ ਕੇ ਮਾਂ ਨੂੰ ਘੂਕ ਸੁੱਤੀ ਪਈ ਨੂੰ ਦੇਖਦੀ ਹੈ । ਉਹ ਸੋਚਣ ਲੱਗਦੀ ਹੈ “ਕਿੰਨੀ ਬੇਫ਼ਿਕਰੀ ਨਾਲ ਸੁੱਤੀ ਪਈ ਏ ਮਾਂ ਮੇਰੇ ਪਰਿਵਾਰ ਮੇਰੇ ਬਾਪ ਮੇਰੇ ਭੈਣ- ਭਰਾਵਾਂ ਨੂੰ ਧੋਖੇ ਵਿਚ ਰੱਖ ਕੇ ,ਮੇਰੀ ਆਤਮਾ ਦਾ ਚੈਨ ਅਤੇ ਸਕੂਨ ਸਾਰਾ ਕੁਝ ਖੋਹ ਕੇ, ਮੇਰੀ ਅੰਮੀਏ ਮਾਵਾਂ ਕਦੇ ਇੰਜ ਨਹੀਂ ਕਰਦੀਆਂ …….।“”ਆਪਣੇ ਮੂੰਹ ਨੂੰ ਹੱਥਾਂ ਨਾਲ ਢੱਕ ਕੇ ਇਨ੍ਹਾਂ ਖ਼ਿਆਲਾਂ ਦੀ ਕਸ਼ਮਕਸ਼ ਵਿੱਚ ਉਹ ਭੱਜ ਜਾਂਦੀ ਹੈ ।ਘਰ ਦੇ ਪਿਛਲੇ ਪਾਸੇ ਡੰਗਰਾਂ ਵਾਲੇ ਵਿਹੜੇ ਵਿੱਚ ਬਣੀ ਤੂੜੀ ਵਾਲੀ ਸਵਾਤ ਵਿੱਚ ਚਲੀ ਜਾਂਦੀ ਹੈ।
ਪਰਮ ਚੌਦਾਂ ਕੁ ਸਾਲਾਂ ਦੀ ਮਲੂਕ ਜਿਹੀ ਕੁੜੀ ਹੈ ।ਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਉਸ ਨੂੰ ਦਸੰਬਰ ਮਹੀਨੇ ਦੀਆਂ ਵੱਡੇ ਦਿਨਾਂ ਦੀਆਂ ਛੁੱਟੀਆਂ ਹੋ ਜਾਂਦੀਆਂ ਹਨ। ਘਰ ਵਿੱਚ ਰਹਿਣ ਕਰਕੇ ਉਹ ਆਪਣੀ ਮਾਂ ਨਾਲ ਘਰ ਦੇ ਕੰਮ- ਧੰਦੇ ਵਿੱਚ ਹੱਥ ਵਟਾਉਂਦੀ ਹੈ। ਮਾਂ ,ਪਰਮ ਨੂੰ ਘਰ ਦੇ ਛੋਟੇ- ਛੋਟੇ ਕੰਮ ਕਰਨ ਨੂੰ ਕਹਿ ਦਿੰਦੀ ਹੈ ,ਕਿਉਂਕਿ ਉਸ ਦੇ ਵੱਡੇ ਭੈਣ- ਭਰਾ ਆਪਣੇ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਰੁੱਝੇ ਰਹਿੰਦੇ ਸਨ ।ਸਿਆਲ ਦੇ ਦਿਨ ਬੇਹੱਦ ਠੰਡੇ ਅਤੇ ਛੋਟੇ ਹੋਣ ਕਰਕੇ ਉਨ੍ਹਾਂ ਦਾ ਸਮਾਂ ਖੇਤ ਦੇ ਕੰਮਾਂ ਵਿੱਚ ਹੀ ਲੰਘ ਜਾਂਦਾ । ਉਨ੍ਹਾਂ ਕੋਲ ਸਮੇਂ ਦੀ ਘਾਟ ਪੈ ਜਾਂਦੀ। ਉਸ ਸਮੇਂ ਪਰਮ ਆਪਣੀ ਮਾਂ ਦੇ ਨਾਲ ਮਾਂ ਛੋਟੇ -ਛੋਟੇ ਕੰਮਾਂ ਵਿੱਚ ਉਨ੍ਹਾਂ ਦਾ ਹੱਥ ਵਟਾਉਂਦੀ ਸੀ ।ਉਹ ਸਵੇਰੇ -ਸ਼ਾਮ ਧੂਫ਼ ਬੱਤੀ ਕਰਦੀ , ਕੱਚੀ ਲੱਸੀ ਦਾ ਛਿੱਟਾ ਦਿੰਦੀ ਤੇ ਪਾਣੀ ਕੋਲੇ ‘ ਤੇ ਡੋਲਦੀ ਇਹੋ ਜਿਹੇ ਨਿੱਕੇ- ਨਿੱਕੇ ਕੰਮਾਂ ਚੋਂ ਹੀ ਇਕ ਕੰਮ ਸੀ ,ਨਿੱਤ ਦਿਨ ਗੁਰੂ ਘਰ ਚੋਂ ਪਿੰਡ ਦੇ ਘਰਾਂ ਵਿਚ ਆਉਣ ਵਾਲੇ ਗੁਰੂ ਘਰ ਦੇ ਸੇਵਾਦਾਰ ਨੂੰ ਦੁੱਧ ਅਤੇ ਪ੍ਰਾਸ਼ਾਦੇ ਦੀ ਸੇਵਾ ਕਰਨਾ। ਜਦੋਂ ਹੀ ਸੀ ਸੇਵਾਦਾਰ ਪਰਮ ਦੇ ਘਰ ਦੇ ਅੰਦਰ ਆ ਕੇ (ਪਿੰਡਾਂ ਵਿਚ ਬਗੈਰ ਇਜਾਜ਼ਤ ਦੀ ਘਰ ਦੇ ਅੰਦਰ ਆਉਣ ਦਾ ਰਿਵਾਜ ਹੈ। ਪਿੰਡਾਂ ਦੇ ਘਰਾਂ ਨੂੰ ਦੇ ਬਾਹਰਲੇ ਦਰਵਾਜ਼ੇ ਸਾਰਾ ਦਿਨ ਖੁੱਲ੍ਹੇ ਹੀ ਰਹਿੰਦੇ ਹਨ । )ਸਤਨਾਮ ਵਾਹਿਗੁਰੂ ਕਹਿੰਦਾ ਤਾਂ ਉਹ ਤੇਜ਼ੀ ਨਾਲ ਝਲਾਨੀ ਦੇ ਅੰਦਰ ਜਾਲੀ ਵਿੱਚ ਪਈ ਦੁੱਧ ਦੀ ਗੜਵੀ( ਜੋ ਮੱਝਾਂ ਦੀਆਂ ਧਾਰਾਂ ਕੱਢਣ ਦੇ ਤੁਰੰਤ ਬਾਅਦ ਭਰ ਕੇ ਰੱਖ ਦਿੱਤੀ ਜਾਂਦੀ ਸੀ )ਚੁੱਕਦੀ, ਪੋਣੇ ਚੋਂ ਇੱਕ ਰੋਟੀ ਕੱਢ ਕੇ ਵਾਹੋ -ਦਾਹੀ ਭੱਜਦੀ , ਭੱਜ ਕੇ ਸੇਵਾਦਾਰ ਨੂੰ ਫੜਾ ਦਿੰਦੀ ।ਉਹ ਸੇਵਾਦਾਰ ਦੇ ਛੇਤੀ ਨਾਲ ਘਰ ਚੋਂ ਬਾਹਰ ਨਿਕਲਣ ਦਾ ਇੰਤਜ਼ਾਰ ਕਰਦੀ ।ਅੰਦਰੋਂ - ਅੰਦਰੀ ਕਾਹਲੀ ਜਿਹੀ ਪੈਣ ਲੱਗਦੀ ।ਜਦੋਂ ਸੇਵਾਦਾਰ ਉੱਥੋਂ ਚਲਿਆ ਜਾਂਦਾ ਤਾਂ ਉਹ ਸੋਚਾਂ ਵਿੱਚ ਡੁੱਬ ਜਾਂਦੀ। ਕਦੇ ਉਹ ਸੋਚਦੀ, “ਕੱਲ੍ਹ ਨੂੰ ਮੈਂ ਬਾਬਾ ਜੀ ਨੂੰ ਕਹਿ ਹੀ ਦੇਣਾ ਹੈ ਕਿ ਸਾਡੀ ਮੱਝ ਹੁਣ ਤੋਕੜ ਹੋ ਗਈ ਹੈ। ਦੁੱਧ ਘੱਟ ਦੇਣ ਲੱਗ ਗਈ ਹੈ ।ਸਿਆਲਾਂ ਦੇ ਦਿਨ ਹੋਣ ਕਰਕੇ ਅਸੀਂ ਰੋਟੀ ਵੀ ਹੁਣ ਦੇਰੀ ਨਾਲ ਪਕਾਉਂਦੇ ਹਾਂ ।ਤੁਸੀਂ ਹੁਣ ਸਾਡੇ ਘਰ ਨਾ ਆਇਆ ਕਰੋ ।“ਅਜਿਹੀਆਂ ਪ੍ਰਸਥਿਤੀਆਂ ਦੇ ਵਸ ਪੈ ਕੇ ਪਰਮ ਦਾ ਬਾਲ ਮਨ ਇਕ ਮਨ ਦੀ ਵੇਦਨਾ ਦੀ ਪੀੜ ਹੰਢਾ ਰਿਹਾ ਸੀ। ਉਸ ਦੇ ਦਿਲ ਦਿਮਾਗ ਵਿੱਚ ਅਚਨਚੇਤੇ ਹੀ ਇੱਕ ਵਹਿਮ ਘਰ ਕਰ ਗਿਆ ਸੀ ,ਜੋ ਇਸ ਉਮਰੇ ਅਕਸਰ ਹੀ ਕਮਜ਼ੋਰ ਭਾਵਨਾਵਾਂ ਵਾਲੇ ਇਨਸਾਨ ,ਬੇਸ਼ੱਕ ਉਹ ਹੋਵੇ ਨਰ ਹੋਵੇ ਜਾਂ ਮਾਦਾ ਦੋਵਾਂ ਦਾ ਹੀ ਮਾਨਸਿਕ ਸੰਤੁਲਨ ਵਿਗਾੜ ਦਿੰਦਾ ਹੈ। ਛੋਟੀ ਜਿਹੀ ਘਟਨਾ ਵੀ ਉਸ ਦੇ ਮਨ ਨੂੰ ਡਰ ਅਤੇ ਸਹਿਮ ਅੰਦਰ ਜਕੜ ਲੈਂਦੀ ਹੈ ।ਅਜਿਹਾ ਹੀ ਇੱਕ ਡਰ ਪਰਮ ਦੇ ਸੀਨੇ ਅੰਦਰ ਘਰ ਕਰ ਕੇ ਬੈਠ ਗਿਆ ਸੀ ।ਉਹ ਗੁਰੂ ਘਰ ਦੇ ਸੇਵਾਦਾਰ, ਜੋ ਉਨ੍ਹਾਂ ਦੇ ਘਰ ਰੋਜਾਨਾ ਹੀ ਆਉਂਦਾ ਸੀ ।ਇਕ ਦਿਨ ਉਹ ਆਪਣੀ ਮਾਂ ਨੂੰ ਉਸ ਸੇਵਾਦਾਰ ਨੂੰ ਦੁੱਧ ਪ੍ਰਸ਼ਾਦਾ ਫੜਾਉਣ ਤੋਂ ਬਾਅਦ ਉਸ ਦੇ ਨਾਲ ਹੱਸ -ਹੱਸ ਕੇ ਗੱਲਾਂ ਕਰਦਿਆਂ ਦੇਖਦੀ ਹੈ ।ਉਸ ਹਾਲਤ ਦੇ ਵਿੱਚ ਪਰਮ ਕਿਸੇ ਸ਼ੱਕ ਦੇ ਨਾਲ ਭਰ ਜਾਂਦੀ ਹੈ ।ਉਹ ਲੁਕ- ਲੁਕ ਕੇ ਆਪਣੀ ਮਾਂ ਅਤੇ ਸੇਵਾਦਾਰ ‘ਤੇ ਨਿਗ੍ਹਾ ਰੱਖਣ ਲੱਗਦੀ ਹੈ ।ਹੁਣ ਜਦੋਂ ਵੀ ਸੇਵਾਦਾਰ ਸਤਨਾਮ- ਵਾਹਿਗੁਰੂ ਦੀ ਆਵਾਜ਼ ਦਿੰਦਾ ਹੈ ਤਾਂ, ਮਾਂ ਪਰਮ ਨੂੰ ਆਵਾਜ਼ ਦਿੰਦੀ ਹੈ , “ਕੁੜੇ ਪਰਮ ਕਿੱਥੇ ਚਲੀ ਜਾਂਦੀ ਹੈ ,ਆਹ ਭਾਈ ਜੀ ਨੂੰ ਪ੍ਰਸ਼ਾਦਾ ਫੜਾ ਕੇ ਆ ,ਪਤਾ ਹੀ ਨਹੀਂ ਅੱਜਕੱਲ੍ਹ ਇਸ ਕੁੜੀ ਨੂੰ ਕੀ ਹੋ ਗਿਆ ਹੈ ।ਇਸ ਨਿੱਕੇ ਜਿਹੇ ਕੰਮ ਤੋਂ ਵੀ ਟਾਲ ਮਟੋਲ ਕਰਨ ਲੱਗੀ ਹੈ ।“ਪਰਮ ਗੱਲ ਨੂੰ ਅਣਸੁਣੀ ਕਰ ਦਿੰਦੀ ਹੈ ।ਸੇਵਾਦਾਰ ਐਨੀ ਗੱਲ ਸੁਣ ਕੇ ਸਤਨਾਮ ਵਾਹਿਗੁਰੂ ਬੋਲਦਾ ਹੈ ।ਆਖ਼ਰ ਪਰਮ ਦੀ ਮਾਂ ਆਪ ਹੀ ਉੱਠ ਕੇ ਸੇਵਾਦਾਰ ਨੂੰ ਰੋਟੀ ਅਤੇ ਦੁੱਧ ਫੜਾ ਦਿੰਦੀ ਹੈ ।ਸੇਵਾਦਾਰ ਖੱਦਰ ਦੇ ਕੱਪੜੇ ਨਾਲ ਬਣੀ ਇੱਕ ਬਗਲੀ ਜਿਹੀ ਜੋ ਉਸ ਨੇ ਮੋਢਿਆਂ ਤੇ ਟੰਗੀ ਹੁੰਦੀ ,ਉਸ ਵਿਚ ਰੋਟੀ ਰੱਖ ਕੇ ਢੱਕ ਦਿੰਦਾ ਹੈ । ਪੌਣਾਂ ਬੰਨ੍ਹ ਕੇ ਢਕੀ ਹੋਈ ਬਾਲਟੀ ਵਿੱਚ ਗੜਵੀ ਦੁੱਧ ਦੀ ਉਲਟਾ ਦਿੰਦਾ ਹੈ। ਦੁੱਧ ਪੋਣੇ ਰਾਹੀਂ ਪੁਣ ਕੇ ਬਾਲਟੀ ਅੰਦਰ ਚਲਿਆ ਜਾਂਦਾ ਹੈ ਤੇ ਸੇਵਾਦਾਰ ਸਤਨਾਮ ਵਾਹਿਗੁਰੂ ਵਾਹਿਗੁਰੂ ਬੋਲਦਾ ਹੈ ।ਇਹ ਉਸ ਦਾ ਨਿੱਤ ਨੇਮ ਕਾਰਜ ਸੀ ।
ਹੁਣ ਜਦੋਂ ਵੀ ਸੇਵਾਦਾਰਉਨ੍ਹਾਂ ਦੇ ਘਰ ਆਉਂਦਾ ਤਾਂ ਪਰਮ ਉਸ ਨੂੰ ਲੁਕ -ਲੁਕ ਕੇ ਦੇਖਦੀ ਰਹਿੰਦੀ ਸੀ ।ਪਰਮ ਦੀ ਮਾਂ ਸੇਵਾਦਾਰ ਦੇ ਆਉਂਦਿਆਂ ਹੀ ਇੱਕ ਖ਼ੁਸ਼ੀ ਜਿਹੀ ਨਾਲ ਭਰ ਜਾਂਦੀ ।ਸੇਵਾਦਾਰ ਅਤੇ ਪਰਮ ਦੀ ਮਾਂ ਇੱਕ ਦੂਜੇ ਨੂੰ ਚੁੱਪ -ਚਾਪ ਮੋਹ ਭਰੀ ਨਜ਼ਰ ਨਾਲ ਦੇਖਦੇ ਤੇ ਇਕ ਸਰੂਰ ਜਿਹੇ ਨਾਲ ਭਰ ਜਾਂਦੇ ।ਪਰਮ ਦੀ ਮਾਂ ਇਕ ਸਰਦੇ ਪੁੱਜਦੇ ਜ਼ਿਮੀਂਦਾਰ ਦੀ ਨੂੰਹ ਸੀ । ਉਹ ਵਿਆਹ ਕੇ ਆਉਂਦਿਆਂ ਹੀ ਜ਼ਿੰਮੇਵਾਰੀਆਂ ਦੀਆਂ ਚੱਕੀਆਂ ਵਿੱਚ ਪਿਸਣ ਲੱਗ ਗਈ ਸੀ ।ਆਮ ਸਰਦੇ -ਪੁਜਦੇ ਘਰਾਂ ਦੀ ਤਰ੍ਹਾਂ ਪਰਮ ਦੇ ਘਰ ਦਾ ਵੀ ਇਹੀ ਹਾਲ ਸੀ ਕਿ ਔਰਤਾਂ ਨੂੰ ਘਰ ਦੇ ਅੰਦਰ ਹੀ ਡੱਕ ਕੇ ਰੱਖਿਆ ਜਾਂਦਾ ਸੀ। ਉਹ ਸਿਰਫ਼ ਘਰ ਦੇ ਕੰਮ -ਕਾਜ ਹੀ ਕਰਦੀਆਂ ਸਨ ।ਅਜਿਹੇ ਹਾਲਾਤਾਂ ਵਿੱਚ ਕਿਸੇ ਇਨਸਾਨ ਦਾ ਵੀ ਆਪਣੇ ਮਨ ਦੇ ਚੈਨ ਸਕੂਨ ਲਈ ਪਟੜੀ ਤੋਂ ਉਤਰ ਜਾਣਾ ਕੋਈ ਵੱਡੀ ਗੱਲ ਵੀ ਨਹੀਂ ਸੀ ਹੋ ਸਕਦੀ ।ਸ਼ਾਇਦ ਪਰਮ ਦੀ ਮਾਂ ਨੂੰ ਵੀ ਉਸ ਸੇਵਾਦਾਰ ਦੀ ਮੋਹ ਭਰੀ ਤੱਕਣੀ ਚੋਂ ਮਨ ਦੇ ਵਲਵਲੇ ਸ਼ਾਂਤ ਕਰਨ ਦੀ ਦਵਾ ਮਿਲ ਗਈ ਹੋਵੇ ।
ਪਰਮ ਸੋਚਦੀ ਰਹਿੰਦੀ , “ਇਹ ਬਾਬਾ ਦੁਨੀਆਂ ਜਹਾਨ ਛੱਡ ਕਿਉਂ ਨਹੀਂ ਦਿੰਦਾ। ਇਹ ਮੇਰੀ ਮਾਂ ਨੂੰ ਲੈ ਕੇ ਕਿਧਰੇ ਭੱਜ ਹੀ ਜਾਵੇਗਾ ।ਮੇਰੀ ਮਾਂ ਬਾਬੇ ਦੇ ਇਸ਼ਕ ਵਿੱਚ ਕੀ ਪਤਾ ਕੀ ਕਰ ਜਾਵੇ ।“ਅਜਿਹੀ ਉਧੇੜ ਬੁਣ ਦੇ ਚੱਕਰਾਂ ਵਿਚ ਪਈ ਪਰਮ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕੀ ਸੀ ।ਉਸ ਦੇ ਦਿਨ ਦਾ ਆਰਾਮ ਰਾਤਾਂ ਦੀ ਨੀਂਦ ਉੱਡ ਚੁੱਕੀ ਸੀ ।ਹੁਣ ਉਸ ਨੂੰ ਗੁਰੂ ਘਰ ਦੇ ਸਪੀਕਰ ਦੀ ਆਵਾਜ਼ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਸੀ ।ਇਹ ਆਵਾਜ਼ ਉਸ ਨੂੰ ਮੌਤ ਦਾ ਕੋਈ ਮਾਤਮ ਗਾਉਂਦੀ ਲੱਗਦੀ ਸੀ ।ਘਰ ਦੇ ਪਿਛਵਾੜੇ ਬਣੀ ਹੋਈ ,ਤੂੜੀ ਵਾਲੀ ਸਵਾਤ ਵਿਚ ਜਾ ਕੇ ਉਸ ਨੂੰ ਗੁਰੂ ਘਰ ਦੇ ਸਪੀਕਰ ਚੋਂ ਆਉਂਦੀ ਗੁਰੂ ਬਾਣੀ ਦੀ ਅਵਾਜ਼ ਸੁਣਨੋਂ ਬੰਦ ਹੋ ਗਈ ਸੀ ।ਉਹ ਇੱਕ ਮਾਨਸਿਕ ਬੋਝ ਦੇ ਥੱਲੇ ਏਨੀ ਦੱਬ ਗਈ ਸੀ ਕਿ ਉਸ ਦੇ ਕੰਨ ਹੀ ਬੋਲੇ ਹੋ ਗਏ ਸਨ ।ਸਰੀਰ ਸੁੰਨ ਹੋ ਰਿਹਾ ਸੀ। ਉਹ ਨਿੰਮੋਝਾਣੀ ਹੋਈ, ਖਿੱਲਰੇ ਵਾਲ, ਸਾਹ ਸੱਤ ਨਿਕਲਿਆ ਹੋਇਆ ਸਰੀਰ ਲੈ ਕੇ ਕੰਧ ਨਾਲ ਢੋਅ ਲਾ ਕੇ ਖੜ੍ਹ ਜਾਂਦੀ ਹੈ । ਕੁਝ ਪਲਾਂ ਬਾਅਦ ਉਹ ਲੀਰੋ -ਲੀਰ ਹੋਈ ਹੌਲੀ- ਹੌਲੀ ਅੱਖਾਂ ਖੋਲ੍ਹਦੀ ਹੈ ਅਤੇ ਸਵਾਤ ਦੇ ਨਾਲ ਵਾਲੇ ਸਿਰਕੀਆਂ ਵਾਲੇ ਛੱਤੜੇ ਵਿੱਚ ਚਲੀ ਜਾਂਦੀ ਹੈ ।ਉਹ ਉੱਥੇ ਪਈ ਇੱਕ ਸਪਰੇਅ ਵਾਲੀ ਸ਼ੀਸ਼ੀ ਚੁੱਕਦੀ ਹੈ ਅਤੇ ਇੱਕੋ ਹੀ ਸਾਹੇ ਗੱਟ- ਗੱਟ ਕਰਕੇ ਪੀ ਜਾਂਦੀ ਹੈ ।ਦਿਨ ਚੜ੍ਹਦਿਆਂ ਹੀ ਪਰਿਵਾਰ ਵਿੱਚ ਚੀਕ- ਚੰਘਿਆੜਾ ਪੈ ਜਾਂਦਾ ਹੈ ।ਇਸ ਮਲੂਕ ਜਿਹੀ ਜਿੰਦ ਦੇ ਮੌਤ ਦੇ ਕਾਰਨਾਂ ਦਾ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗਦਾ ।ਇੱਕ ਮਾਨਸਿਕ ਪੀੜ ਹੰਢਾਅ ਰਹੀ ਜਵਾਨ ਕੁੜੀ ਦੀ ਮੌਤ ਜਿੰਨੇ ਮੂੰਹ ਓਨੀਆਂ ਗੱਲਾਂ ਹੋਣ ਲੱਗਦੀਆਂ ਹਨ ………
ਵੀਰਪਾਲ ਕੌਰ ਕਮਲ
8569001590