ਜੋ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਆਪਣੇ ਕੰਮ ਵੱਲ ਤੁਰ ਪੈਂਦੇ ਹਨ ਉੁਨ੍ਹਾਂ ਨੂੰ ਗੁੱਟ ਉੱਤੇ ਕਦੇ ਘੜੀ ਦਾ ਭਾਰ ਨਹੀਂ ਚੁੱਕਣਾ ਪੈਂਦਾ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਉਹੀ ਇਨਸਾਨ ਜ਼ਿੰਦਗੀ ਵਿੱਚ ਕਾਮਯਾਬ ਹੁੰਦੇ ਹਨ ਜੋ ਸਮੇਂ ਦੇ ਪਾਬੰਦ ਹੁੰਦੇ ਹਨ। ਸਮਾਂ ਬਹੁਤ ਜ਼ਰੂਰੀ ਹੈ।ਜੇਕਰ ਇੱਕ ਵਾਰ ਸਮਾਂ ਲੰਘ ਜਾਵੇ ਤਾਂ ਮੁੜ ਵਾਪਿਸ ਨਹੀਂ ਆਉਂਦਾ।ਜਿੰਮੇਵਾਰੀ ਮਨੁੱਖ ਨੂੰ ਸਮਝਦਾਰ ਬਣਾ ਦਿੰਦੀ ਹੈ ।ਜੋ ਵਿਅਕਤੀ ਸਾਜਰੇ ਸੂਰਜ ਚੜ੍ਹਨ ਤੋਂ ਪਹਿਲਾ ਹੀ ਆਪਣੇ ਕੰਮਾਂ ਵੱਲ ਤੁਰ ਪੈਂਦੇ ਹਨ ਸ਼ਾਮ ਨੂੰ ਤ੍ਰਿਕਾਲਾਂ ਪੈਣ ਤੇ ਵਾਪਿਸ ਪਰਤਦੇ ਹਨ ਉਹ ਜ਼ਿੰਦਗੀ ਵਿੱਚ ਕਦੇ ਵੀ ਅਸਫ਼ਲ ਨਹੀਂ ਹੁੰਦੇ ।ਹਮੇਸ਼ਾ ਮੰਜ਼ਿਲ ਨੂੰ ਹਾਸਿਲ ਕਰਕੇ ਵਾਪਿਸ ਮੁੜਦੇ ਹਨ।ਜਿੰਨਾਂ ਅੰਦਰ ਕੁੱਝ ਕਰਨ ਦਾ ਜਜ਼ਬਾ ਕੁੱਟ -ਕੁੱਟ ਕੇ ਭਰਿਆ ਹੁੰਦਾ ਹੈ ਉਹ ਕਦੇ ਵੀ ਕੰਮ ਕਰਨ ਲਈ ਸਮਾਂ ਨਹੀਂ ਦੇਖਦੇ ਸਗੋਂ ਕੰਮ ਮੁਕਾ ਕੇ ਸਮਾਂ ਦੇਖਦੇ ਹਨ ।ਮਨੁੱਖ ਦੇ ਚੰਗੇ ਮਾੜੇ ਹਾਲਾਤ ਹੀ ਉਸਨੂੰ ਮਜ਼ਬੂਤ ਬਣਾਉਂਦੇ ਹਨ ਆਪਣਿਆਂ ਦੀ ਪਹਿਚਾਣ ਕਰਵਾਉਂਦੇ ਹਨ ।ਜੋ ਲੋਕ ਮਿਹਨਤ ਵਿੱਚ ਜੁਟ ਜਾਂਦੇ ਹਨ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਇੱਧਰ-ਉੱਧਰ ਕੀ ਚਲ ਰਿਹਾ ਹੈ ਕਿਉਂਕਿ ਉਹਨਾਂ ਦਾ ਸਾਰਾ ਧਿਆਨ ਆਪਣੀ ਮੰਜਿਲ ਪ੍ਰਾਪਤੀ ਦੇ ਉਦੇਸ਼ ਵੱਲ ਹੁੰਦਾ ਹੈ ।ਅਕਸਰ ਹੀ ਸੁਣਨ ਵਿੱਚ ਆਇਆ ਹੈ ਕਿ ਜੇਕਰ ਸੁਪਨੇ ਪੂਰੇ ਕਰਨੇ ਹੋਣ ਤਾਂ ਸੁਪਨੇ ਖੁੱਲ੍ਹੀਆਂ ਅੱਖਾਂ ਨਾਲ ਦੇਖਣੇ ਚਾਹੀਦੇ ਹਨ ।ਨਾ ਕਿ ਬੰਦ ਅੱਖਾਂ ਨਾਲ ।ਜੋ ਲੋਕ ਸਵੇਰੇ ਅੱਠ-ਨੌ ਵਜੇ ਤੱਕ ਬਿਸਤਰਾ ਮੱਲ ਕੇ ਪਏ ਰਹਿੰਦੇ ਹਨ ਉਹ ਲੋਕ ਆਲਸੀ ਹੋ ਜੋ ਜਾਦੇ ਹਨ ।ਜਿੰਮੇਵਾਰੀ ਤੋਂ ਭੱਜਦੇ ਹਨ ।ਪਹਿਲਾ ਸਮਾਂ ਹੋਰ ਸੀ ।ਦਾਦੀ ਮਾਂ ਦੱਸਿਆ ਕਰਦੀ ਸੀ ਕਿ ਪਾਠੀ ਸਿੰਘ ਦੇ ਬੋਲਣ ਤੇ ਪਹਿਲਾਂ ਸਵੇਰੇ ਸਾਜਰੇ ਉੱਠਣਾ, ਦੁੱਧ ਰਿੜਕਣਾ ,ਡੰਗਰਾਂ ਨੂੰ ਪੱਠੇ ਪਾਉਣੇ , ਧਾਰਾ ਕੱਢਣੀਆਂ ,ਗੋਹਾ ਕੂੜਾ ਸੁੱਟਣਾ ਆਦਿ ਕੰਮ ਸੂਰਜ ਚੜ੍ਹਨ ਤੋਂ ਪਹਿਲਾ ਹੋਇਆਂ ਕਰਦੇ ਸਨ।ਕਿਸਾਨ ਖੇਤਾਂ ਵੱਲ ਚਲੇ ਜਾਂਦੇ ਸਨ।ਘਰ ਦੀਆਂ ਸੁਆਣੀਆਂ ਘਰ-ਦੇ ਕੰਮਾਂ ਵਿੱਚ ਰੁੱਝ ਜਾਂਦੀਆਂ ਸਨ।ਸਮੇਂ ਦਾ ਅੰਦਾਜ਼ਾ ਵੀ ਪਰਛਾਵਾਂ ਦੇਖ ਕੇ ਹੀ ਲਾਇਆ ਜਾਂਦਾ ਸੀ।ਮੇਰੀ ਦਾਦੀ ਵੀ ਸਵੇਰੇ ਚਾਰ ਕੁ ਵਜੇ ਉੱਠ ਕੇ ਚਾਹ ਪੀਕੇ ਦੁੱਧ ਰਿੜਕਨ ਲਈ ਚਾਟੀ ਵਿੱਚ ਮਧਾਣੀ ਪਾ ਦਿੰਦੇ ਸਨ ਉਹ ਸਮੇਂ ਦਾ ਅੰਦਾਜ਼ਾ ਪਰਛਾਵਾਂ ਦੇਖ ਕੇ ਲਗਾਉਂਦੇ ਸਨ।ਪਹਿਲਾ ਲੋਕ ਆਪਣੇ ਕੰਮਾਂ ਵਿੱਚ ਏਨੇ ਵਿਆਸਤ ਰਹਿੰਦੇ ਸਨ ਕਿ ਸਮੇਂ ਦਾ ਪਤਾ ਹੀ ਨਹੀਂ ਚੱਲਦਾ ਸੀ।ਪਰ ਅੱਜ ਸਮਾਂ ਬਦਲ ਗਿਆ ਹੈ ਕਿ ਅੱਜ ਦਾ ਵਿਅਕਤੀ ਘੜੀ ਪਹਿਲਾ ਦੇਖਦਾ ਹੈ ਕੰਮ ਬਾਅਦ ਵਿੱਚ ਸ਼ੁਰੂ ਕਰਦਾ ਹੈ ।ਪੁਰਾਣੇ ਸਮੇਂ ਵਿੱਚ ਕੰਮ ਹੀ ਪੂਜਾ ਹੁੰਦਾ ਸੀ।ਤਾਹੀਓ ਸਾਰੇ ਪਰਿਵਾਰ ਖੁਸ਼ਹਾਲ ਰਹਿੰਦੇ ਸਨ।ਅੱਜ ਪਰਿਵਾਰਾਂ ਨੂੰ ਪਾਲਣਾ ਬਹੁਤ ਔਖਾ ਹੋ ਗਿਆ ਹੈ ਕਿਉਂਕਿ ਅੱਜ ਕੱਲ ਲੋਕ ਐਸੋ ਅਰਾਮ ਜ਼ਿਆਦਾ ਭਾਲਦੇ ਹਨ ਕੰਮ ਘੱਟ ਕਰਦੇ ਹਨ ।ਜੋ ਮਿਹਨਤ ਵਿੱਚ ਵਿਸ਼ਵਾਸ ਨਹੀਂ ਕਰਦੇ ਉਹ ਜਲਦੀ ਹੀ ਉਦਾਸ ਹੋ ਜਾਂਦੇ ਹਨ ।ਜੋ ਲੋਕ ਮੰਜਿਲ ਨੂੰ ਪ੍ਰਾਪਤ ਕਰਨ ਦਾ ਬੀੜਾ ਸਿਰ ਉੱਪਰ ਚੁੱਕ ਕੇ ਚੱਲਦੇ ਹਨ ਉਹ ਕਦੇ ਵੀ ਘੜੀ ਦੀਆਂ ਸੂਈ ਵੱਲ ਨਜ਼ਰ ਨਹੀਂ ਮਾਰਦੇ ।ਨਾ ਹੀ ਧੁੱਪ ਦੇਖਦੇ ਹਨ ਨਾ ਹੀ ਛਾਂ ਨਾ ਹੀ ਠੰਡ ਨਾ ਹੀ ਉਹਨਾਂ ਉੱਪਰ ਗਰਮੀ ਤੇ ਮੀਂਹ ਹਨ੍ਹੇਰੀ ਦਾ ਕੋਈ ਅਸਰ ਹੁੰਦਾ ਹੈ ।ਦੋਸਤੋਂ ਆਪਣੀ ਮੰਜਿਲ ਲਈ ਉਦੇਸ਼ ਦੀ ਪ੍ਰਾਪਤੀ ਲਈ ਕੋਸ਼ਿਸ਼ ਕਰੋ ਜ਼ਿੰਦਗੀ ਦਾ ਮਿਲਿਆ ਹਰ ਪਲ ਤੁਹਾਡੇ ਲਈ ਕੀਮਤੀ ਹੈ ।
ਗਗਨਦੀਪ ਕੌਰ ਧਾਲੀਵਾਲ ।