ਕਾਂਗਰਸ ਨੂੰ ਵੱਡਾ ਝਟਕਾ:ਬੀਬੀ ਸਰਬਜੀਤ ਕੌਰ ਬਰਾੜ ਤੇ ਕਿਰਨਦੀਪ ਕੌਰ ਮਾਨ ਪੰਜਾਬ ਲੋਕ ਕਾਂਗਰਸ 'ਚ ਸ਼ਾਮਿਲ

 ਮੋਹੀ ਨੇ ਪਾਰਟੀ ਵਿਚ ਆਉਣ 'ਤੇ ਮਹਿਲਾ ਆਗੂਆਂ ਨੂੰ ਪਾਰਟੀ ਵੱਲੋਂ  ਬਣਦਾ ਮਾਣ ਸਤਿਕਾਰ ਦੇਣ ਦਾ ਦਿੱਤਾ ਭਰੋਸਾ 

ਮੁੱਲਾਂਪੁਰ,14 ਫਰਵਰੀ(ਸਤਵਿੰਦਰ ਸਿੰਘ ਗਿੱਲ )-ਪੰਜਾਬ ਮਹਿਲਾ ਕਾਂਗਰਸ ਦੀ ਪੰਜਾਬ ਦੀ ਮੀਤ ਪ੍ਰਧਾਨ ਬੀਬੀ ਸਰਬਜੀਤ ਕੌਰ ਬਰਾੜ ਅਤੇ ਲੁਧਿਆਣਾ ਦੀ ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨਦੀਪ ਕੌਰ ਮਾਨ ਨੇ ਕਾਂਗਰਸ ਪਾਰਟੀ ਨੂੰ ਛੱਡਕੇ ਅੱਜ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਹਲਕਾ ਦਾਖਾ ਤੋਂ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਦਮਨਜੀਤ ਮੋਹੀ ਅਤੇ ਉਨ੍ਹਾਂ ਦੀ ਧਰਮਪਤਨੀ ਗੁਣਵੀਰ ਕੌਰ ਨੇ ਬੀਬੀ ਸਰਬਜੀਤ ਕੌਰ ਬਰਾੜ ਅਤੇ ਬੀਬੀ ਕਿਰਨਦੀਪ ਕੌਰ ਨੂੰ ਪਾਰਟੀ ਵਿੱਚ ਆਉਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਮਹਿਲਾ ਆਗੂਆਂ ਦੇ ਲੋਕ ਕਾਂਗਰਸ ਪਾਰਟੀ 'ਚ  ਆਉੁਣ ਨਾਲ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਹੈ।ਇਸ ਮੌਕੇ ਸ.ਦਮਨਜੀਤ ਮੋਹੀ ਨੇ ਮਹਿਲਾ ਆਗੂਆਂ ਨੂੰ ਭਰੋਸਾ ਦਿਵਾਉੰਦਿਆਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਵਰਣਨਯੋਗ ਹੈ ਕਿ ਬੀਬੀ ਸਰਬਜੀਤ ਕੌਰ ਬਰਾੜ ਅਤੇ ਕਿਰਨਦੀਪ ਕੌਰ ਮਾਨ ਦੋਵੇਂ ਹਲਕਾ ਦਾਖਾ ਦੀਆਂ ਵਸਨੀਕ ਹਨ ਅਤੇ ਦੋਵਾਂ ਬੀਬੀਆਂ ਦਾ ਹਲਕਾ ਦਾਖਾ ਅੰਦਰ ਖਾਸਕਰ ਮਹਿਲਾਵਾਂ ਵਿੱਚ ਕਾਫ਼ੀ ਪ੍ਰਭਾਵ ਹੈ।ਇਨ੍ਹਾਂ ਦੋਵੇਂ ਮਹਿਲਾਵਾਂ ਆਗੂਆਂ ਨੇ ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਵੱਡੀ ਗਿਣਤੀ 'ਚ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਹੈ। ਜਿਸ ਕਰਕੇ ਉਕਤ ਮਹਿਲਾ ਆਗੂਆਂ ਦਾ ਚੋਣਾਂ ਦੇ ਐਨ ਮੌਕੇ 'ਤੇ ਪਾਰਟੀ ਛੱਡ ਜਾਣ ਨਾਲ ਕਾਂਗਰਸ ਨੂੰ ਹਲਕਾ ਦਾਖਾ ਵਿੱਚ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ।ਇਸ ਮੌਕੇ ਸਰਬਜੀਤ ਕੌਰ ਬਰਾੜ  ਅਤੇ ਕਿਰਨਦੀਪ ਕੌਰ ਮਾਨ ਨੇ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਉਪਰੰਤ ਤੇ ਲੋਕ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਲੋਕ ਹਿੱਤਾਂ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਗਠਜੋੜ ਸਰਕਾਰ ਬਣਾਉਣੀ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਦਮਨਜੀਤ ਮੋਹੀ ਦੀ ਜਿੱਤ ਯਕੀਨੀ ਬਣਾਉਣ ਲਈ ਮਹਿਲਾਵਾਂ ਨੂੰ ਲਾਮਬੰਦ ਕਰਨਗੀਆਂ ਜਿਸ ਸਦਕਾ ਸ.ਦਮਨਜੀਤ ਮੋਹੀ ਨੂੰ ਵੱਡੀ ਲੀਡ ਪ੍ਰਾਪਤ ਕਰਨਗੇ।