ਘਰ-ਘਰ ਰੋਜ਼ਗਾਰ ਯੋਜਨਾ' ਦਾ ਦਾਇਰਾ ਹੁਣ ਸਕੂਲਾਂ ਤੱਕ ਵਧਾਇਆ

ਚਾਰ ਜ਼ਿਲਿਆਂ ਦੇ ਸਕੂਲਾਂ ਦੇ ਰੋਜ਼ਗਾਰ ਮੇਲੇ ਵਿੱਚ 574 ਨੌਜਵਾਨਾਂ ਨੂੰ ਮਿਲੀ ਨੌਕਰੀ

ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )—ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਘਰ-ਘਰ ਰੋਜ਼ਗਾਰ ਯੋਜਨਾ' ਦਾ ਦਾਇਰਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਹਰ ਉਮਰ ਅਤੇ ਇੱਛਾ ਦੇ ਯੋਗ ਉਮੀਦਵਾਰ ਨੂੰ ਰੋਜ਼ਗਾਰ ਦੇ ਮੌਕੇ ਉਸਦੇ ਨਜ਼ਦੀਕ ਮੁਹੱਈਆ ਕਰਾਉਣ ਦੀ ਕਵਾਇਦ ਤਹਿਤ ਸਰਕਾਰ ਵੱਲੋਂ ਹੁਣ ਸਕੂਲ ਪੱਧਰ 'ਤੇ ਵੀ ਰੋਜ਼ਗਾਰ ਮੇਲੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸੇ ਤਹਿਤ ਇੱਕ ਰੋਜ਼ਗਾਰ ਮੇਲੇ ਦਾ ਆਯੋਜਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕੀਤਾ ਗਿਆ, ਜਿਸ ਵਿੱਚ 4 ਜ਼ਿਲਿਆਂ ਤੋਂ ਪਹੁੰਚੇ ਸੈਂਕੜੇ ਨੌਜਵਾਨਾਂ ਵਿੱਚੋਂ 574 ਨੂੰ ਵੱਖ-ਵੱਖ ਨੌਕਰੀਆਂ ਲਈ ਚੁਣਿਆ ਗਿਆ। ਇਸ ਮੇਲੇ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤਾ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਚਾਰ ਜ਼ਿਲਿਆਂ ਲੁਧਿਆਣਾ, ਹੁਸ਼ਿਆਰਪੁਰ, ਮੋਗਾ ਅਤੇ ਫਿਰੋਜ਼ਪੁਰ ਤੋਂ 860 ਨੌਜਵਾਨਾਂ ਨੇ ਭਾਗ ਲਿਆ, ਜਿਨਾਂ ਵਿੱਚੋਂ 574 ਨੌਜਵਾਨਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਨੌਕਰੀਆਂ ਲਈ ਚੋਣ ਕੀਤੀ ਗਈ। ਇਨਾਂ ਨੌਜਵਾਨਾਂ ਨੂੰ ਚੁਣਨ ਲਈ ਸੂਬੇ ਭਰ ਦੀਆਂ 53 ਕੰਪਨੀਆਂ ਨੇ ਭਾਗ ਲਿਆ। ਅਗਰਵਾਲ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਉਨਾਂ ਨੌਜਵਾਨਾਂ ਨੇ ਭਾਗ ਲਿਆ, ਜਿਨਾਂ ਨੇ ਨੈਸ਼ਨਲ ਸਕਿੱਲਜ਼ ਕੁਆਲੀਫੀਕੇਸ਼ਨ ਫਰੇਮਵਰਕ ਯੋਜਨਾ ਅਧੀਨ ਵਿਸ਼ੇਸ਼ ਵਿਸ਼ਿਆਂ ਨਾਲ ਬਾਰਵੀਂ ਜਮਾਤ ਪਾਸ ਕੀਤੀ ਹੈ। ਇਸ ਯੋਜਨਾ ਅਧੀਨ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਵਾਧੂ ਵਿਸ਼ੇ ਦੀ ਪੜਾਈ ਅਤੇ ਸਿਖ਼ਲਾਈ ਕਰਵਾਈ ਜਾਂਦੀ ਹੈ। ਚਾਰ ਸਾਲ ਸਿੱਖਿਆ ਅਤੇ ਸਿਖ਼ਲਾਈ ਕਰਨ ਉਪਰੰਤ ਉਨਾਂ ਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ, ਜਿਸ ਨਾਲ ਉਹ ਸਰਕਾਰੀ ਜਾਂ ਅਰਧ ਸਰਕਾਰੀ ਨੌਕਰੀ ਲੈਣ ਦੇ ਯੋਗ ਹੋ ਜਾਂਦੇ ਹਨ। ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਇਸ ਯੋਜਨਾ 'ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਮੌਜੂਦਾ ਸਮੇਂ ਜ਼ਿਲੇ ਦੇ 42 ਸਕੂਲਾਂ ਵਿੱਚ ਇਸ ਯੋਜਨਾ ਤਹਿਤ ਵਾਧੂ ਵਿਸ਼ਿਆਂ ਦੀ ਪੜਾਈ ਕਰਵਾਈ ਜਾ ਰਹੀ ਹੈ। ਉਨਾਂ ਸਕੂਲੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਤਹਿਤ ਆਪਣੇ ਆਪ ਨੂੰ ਰਜਿਸਟਰਡ ਕਰਾਉਣ ਤਾਂ ਜੋ 12ਵੀਂ ਜਮਾਤ ਉਪਰੰਤ ਉਹ ਆਪਣੀ ਇੱਛਾ ਮੁਤਾਬਿਕ ਰੋਜ਼ਗਾਰ ਪ੍ਰਾਪਤ ਕਰਨ ਦੇ ਸਮਰੱਥ ਹੋ ਸਕਣ। ਇਸ ਮੌਕੇ ਉਨਾਂ ਨਾਲ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਸਵਰਨਜੀਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।