ਭਗਤ ਕਬੀਰ ਜੀ ਦੀ ਬਾਣੀ ਸਮੁੱਚੀ ਮਾਨਵਤਾ ਦਾ ਮਾਰਗ ਦਰਸ਼ਨ ਕਰਦੀ ਰਹੇਗੀ-ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ

ਕਿਹਾ, ਧਰਮ ਨਿਰਪੱਖਤਾ ਅਤੇ ਸਮਾਜਿਕ ਬਰਾਬਰੀ ਬਣਾਈ ਰੱਖਣ ਲਈ ਪੰਜਾਬ ਸਰਕਾਰ ਵਚਨਬੱਧ

ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )—ਭਗਤ ਕਬੀਰ ਜੀ ਦੀ ਬਾਣੀ ਸਮੁੱਚੀ ਮਾਨਵਤਾ ਲਈ ਹਮੇਸ਼ਾ ਪ੍ਰੇਰਣਾ ਸਰੋਤ ਬਣੀ ਰਹੇਗੀ। ਇਹ ਵਿਚਾਰ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸਥਾਨਕ ਜਵਾਹਰ ਨਗਰ ਵਿਖੇ ਭਗਤ ਕਬੀਰ ਜੀ ਦੇ 621ਵੇਂ ਪ੍ਰਕਾਸ਼ ਪੁਰਬ 'ਤੇ ਸਤਿਗੁਰੂ ਕਬੀਰ ਸੇਵਾ ਸੰਘ (ਰਜਿ.) ਵੱਲੋਂ ਆਯੋਜਿਤ ਸ਼ਾਨਦਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਮੁੱਖ ਮਹਿਮਾਨ ਆਸ਼ੂ ਨੇ ਭਗਤ ਕਬੀਰ ਜੀ ਦੇ ਜਨਮ ਉਤਸਵ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਭਾਰਤ ਦੀ ਭਗਤੀ ਲਹਿਰ ਦੀ ਧਾਰਾ ਉਸਰੱਈਏ ਭਗਤ ਕਬੀਰ ਜੀ ਦੀ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਉਣ ਦਾ ਸੰਦੇਸ਼ ਦਿੱਤਾ। ਉਨਾਂ ਕਿਹਾ ਕਿ ਭਗਤ ਕਬੀਰ ਜੀ ਦੀ ਬਾਣੀ ਵਿੱਚ ਪਿਆਰ, ਸ਼ਾਂਤੀ, ਮਨੁੱਖੀ ਏਕਤਾ ਅਤੇ ਵਿਸ਼ਵ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਗਿਆ। ਉਨਾਂ ਕਿਹਾ ਕਿ ਭਗਤ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹਮੇਸ਼ਾ ਹੀ ਮਾਨਵਤਾ ਦਾ ਮਾਰਗ ਦਰਸ਼ਨ ਕਰਦੀ ਰਹੇਗੀ, ਜੋ ਕਿ ਨਸਲ ਅਤੇ ਧਰਮ ਤੋਂ ਉਪਰ ਉਠਣ ਦਾ ਸੰਦੇਸ਼ ਦਿੰਦੀ ਰਹੇਗੀ। ਉਨਾਂ ਕਿਹਾ ਕਿ ਭਗਤ ਕਬੀਰ ਨੇ ਇਸ ਨੂੰ ਖਤਮ ਕਰਨ ਲਈ ਲੰਬਾ ਸੰਘਰਸ਼ ਕੀਤਾ। ਉਨਾਂ ਕਿਹਾ ਕਿ ਭਗਤ ਕਬੀਰ ਜੀ ਦੇ ਭਾਈਚਾਰਕ ਸਾਂਝ ਦੇ ਵਿਸ਼ਵ ਵਿਆਪਕ ਸੰਦੇਸ਼ ਨੂੰ ਅਪਣਾਉਣਾ ਪੂਰੀ ਮਾਨਵਤਾ ਦੀ ਭਲਾਈ ਲਈ ਜ਼ਰੂਰੀ ਹੈ। ਉਨਾਂ ਕਿਹਾ ਕਿ ਭਗਤ ਕਬੀਰ ਜੀ ਵਲੋਂ ਦਿਖਾਏ ਮਾਰਗ 'ਤੇ ਚੱਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਅੰਦਰ ਧਰਮ ਨਿਰਪੱਖਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਸਮਾਜਿਕ ਬਰਾਬਰੀ 'ਤੇ ਧਰਮ ਨਿਰਪੱਖਤਾ ਨੂੰ ਮਜ਼ਬੂਤ ਕਰਨਾ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਲੋਕ ਸਭਾ ਮੈਂਬਰ  ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਨੇ ਜਾਤ-ਪਾਤ ਅਤੇ ਹੋਰ ਬੁਰਾਈਆਂ ਨੂੰ ਖਤਮ ਕਰਕੇ ਸਿਹਤਮੰਦ ਸਮਾਜ ਬਣਾਉਣ ਲਈ ਹਮੇਸ਼ਾ ਮਾਨਵਤਾ ਦਾ ਸਹੀ ਮਾਰਗ ਦਰਸ਼ਨ ਕੀਤਾ। ਉਨਾਂ ਕਿਹਾ ਕਿ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ ਆਉਣ ਵਾਲੀਆਂ ਪੀੜੀਆਂ ਤਕ ਪਹੁੰਚਾ ਕੇ ਜਿਥੇ ਦੇਸ਼ ਅੰਦਰ, ਸ਼ਾਂਤੀ, ਪਿਆਰ ਭਾਵ ਅਤੇ ਏਕਤਾ ਕਾਇਮ ਰੱਖੀ ਜਾ ਸਕਦੀ ਹੈ, ਉਥੇ ਦੇਸ਼ ਦਾ ਭਵਿੱਖ ਉਜਵਲ ਬਣਾਇਆ ਜਾ ਸਕਦਾ ਹੈ। ਇਸ ਮੌਕੇ ਆਸ਼ੂ ਨੇ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਸਤਿਗੁਰੂ ਕਬੀਰ ਸੇਵਾ ਸੰਘ ਅਤੇ ਧਰਮਸ਼ਾਲਾ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸੇ ਤਰ ਬਿੱਟੂ ਨੇ ਵੀ ਇਲਾਕੇ ਲਈ ਦੋ ਸਟੀਲ ਦੇ ਪਾਣੀ ਵਾਲੀ ਟੈਂਕਰ ਅਤੇ ਸਕੂਲ ਲਈ 5 ਲੱਖ ਰੁਪਏ ਗਰਾਂਟ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹਲਕਾ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਮੇਘ ਨੂੰ ਕਬੀਰ ਰਤਨ ਪੁਰਸਕਾਰ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੰਤਰੀ ਮੂਲਾ ਰਾਮ ਭਗਤ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਲਕਾ ਅਮਰਗੜ• ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ, ਨਗਰ ਨਿਗਮ ਲੁਧਿਆਣਾ ਦੇ ਮੇਅਰ  ਬਲਕਾਰ ਸਿੰਘ ਸੰਧੂ, ਜ਼ਿਲਾ ਕਾਂਗਰਸ ਪ੍ਰ੍ਰਧਾਨ ਅਸ਼ਵਨੀ ਸ਼ਰਮਾ,  ਗੁਰਦੇਵ ਸਿੰਘ ਲਾਪਰਾਂ, ਕੌਂਸਲਰ  ਬਲਜਿੰਦਰ ਸਿੰਘ ਬੰਟੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।