ਮਾਸਟਰ ਤਾਰਾ ਸਿੰਘ ਨੇ ਪੰਥ ਦੀ ਚੜਦੀ ਕਲਾ ਲਈ 'ਮੈਂ ਮਰਾਂ ਪੰਥ ਜੀਵੇ' ਦਾ ਨਾਅਰਾ ਦਿੱਤਾ-ਸੁਖਜਿੰਦਰ ਸਿੰਘ ਰੰਧਾਵਾ
ਲੁਧਿਆਣਾ, ਜੂਨ 2019 ( ਮਨਜਿੰਦਰ ਗਿੱਲ )—ਪੰਜਾਬ ਸਰਕਾਰ ਦੇ ਸਹਿਕਾਰਤਾ ਅਤੇ ਜੇਲ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਸਟਰ ਤਾਰਾ ਸਿੰਘ ਨੂੰ ਪੰਥ ਦੀ ਅਜ਼ੀਮ ਸਖ਼ਸ਼ੀਅਤ ਦਾ ਦਰਜਾ ਦਿੰਦਿਆਂ ਦੱਸਿਆ ਕਿ ਸਿੱਖ ਇਤਿਹਾਸ ਵਿੱਚ ਮਾਸਟਰ ਜੀ ਇਕੱਲੇ ਉਹ ਸਿੱਖ ਨੇਤਾ ਸਨ ਜਿਨਾਂ ਨੇ ਪੰਥ ਦੀ ਚੜਦੀ ਕਲਾ ਲਈ 'ਮੈਂ ਮਰਾਂ ਪੰਥ ਜੀਵੇ' ਦਾ ਨਾਅਰਾ ਦਿੱਤਾ। ਅੱਜ ਸਥਾਨਕ ਪੰਜਾਬੀ ਭਵਨ ਵਿਖੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਮਾਸਟਰ ਤਾਰਾ ਸਿੰਘ ਦੇ ਜਨਮ ਦਿਹਾੜੇ ਸੰਬੰਧੀ ਕਰਵਾਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਰੰਧਾਵਾ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ ਆਪਣਾ ਸਾਰਾ ਜੀਵਨ ਪੰਥ ਦੀ ਚੜਦੀ ਕਲਾ ਦੇ ਲੇਖੇ ਲਗਾ ਦਿੱਤਾ। ਮਾਸਟਰ ਤਾਰਾ ਸਿੰਘ ਇੱਕ ਇਮਾਨਦਾਰ ਅਤੇ ਦਰਵੇਸ਼ ਸਿਆਸਤਦਾਨ ਸਨ। ਉਨਾਂ ਆਪਣੇ ਸਾਰੇ ਨਿੱਜੀ ਸਵਾਰਥਾਂ ਨੂੰ ਪਾਸੇ ਰੱਖ ਕੇ ਸਿੱਖ ਕੌਮ ਖਾਸ ਕਰਕੇ ਆਰਥਿਕ ਪੱਖੋਂ ਪੱਛੜੇ ਵਰਗਾਂ ਨੂੰ ਉੱਪਰ ਲਿਆਉਣ ਲਈ ਬਹੁਤ ਯਤਨ ਕੀਤੇ। ਰੰਧਾਵਾ ਨੇ ਪੰਜਾਬ ਸਰਕਾਰ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਮਾਸਟਰ ਤਾਰਾ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਸ਼ਹਿਰ ਲੁਧਿਆਣਾ ਨੂੰ ਚੁਣਿਆ ਗਿਆ ਹੈ ਕਿਉਂਕਿ ਮਾਸਟਰ ਤਾਰਾ ਸਿੰਘ ਦੇ ਜੀਵਨ ਦੀਆਂ ਕਈ ਅਹਿਮ ਘਟਨਾਵਾਂ ਇਸ ਸ਼ਹਿਰ ਨਾਲ ਜੁੜੀਆਂ ਹੋਈਆਂ ਹਨ। ਉਨਾਂ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਮਾਸਟਰ ਤਾਰਾ ਸਿੰਘ ਦੇ ਹਰੇਕ ਜਨਮ ਦਿਹਾੜੇ ਨੂੰ ਘਰ-ਘਰ ਮਨਾਇਆ ਜਾਵੇ ਤਾਂ ਜੋ ਉਨਾਂ ਦੀ ਸੋਚ ਨੂੰ ਹੋਰ ਅੱਗੇ ਲਿਜਾਇਆ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਦੀ ਵੱਖਰੀ ਹੋਂਦ ਲਈ ਸੰਘਰਸ਼ ਕਰਨ ਵਾਲਿਆਂ ਦੇ ਸੁਪਨਿਆਂ ਦਾ ਸੂਬਾ ਸਿਰਜਣ ਲਈ ਅੱਜ ਸਾਨੂੰ ਦੁੱਧ ਅਤੇ ਪੁੱਤ ਨੂੰ ਬਚਾਉਣ ਦੀ ਲੋੜ ਹੈ। ਇਸ ਮੌਕੇ ਉਨਾਂ ਮਾਸਟਰ ਤਾਰਾ ਸਿੰਘ ਦੀਆਂ ਲਿਖ਼ਤਾਂ ਨੂੰ ਕਿਤਾਬੀ ਰੂਪ ਦੇਣ ਲਈ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਜਾਰੀ ਕਰਨ ਅਤੇ ਮਾਸਟਰ ਤਾਰਾ ਸਿੰਘ ਦਾ ਸ਼ਾਨਦਾਰ ਬੁੱਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਾਪਤ ਕਰਨ ਦਾ ਐਲਾਨ ਕੀਤਾ। ਉਹਨ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੂੰ ਕਿਹਾ ਕਿ ਉਹ ਜਲੰਧਰ ਬਾਈਪਾਸ (ਲੁਧਿਆਣਾ ਸ਼ਹਿਰ) ਸਥਿਤ ਫਲਾਈਓਵਰ ਦਾ ਨਾਮ ਮਾਸਟਰ ਤਾਰਾ ਸਿੰਘ ਦੇ ਨਾਮ 'ਤੇ ਰੱਖਣ ਸੰਬੰਧੀ ਕਾਰਵਾਈ ਆਰੰਭਣ। ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਰੰਧਾਵਾ ਨੇ ਬੀਤੇ ਦਿਨੀਂ ਨਾਭਾ ਦੀ ਨਵੀਂ ਜੇਲ ਵਿੱਚ ਡੇਰਾ ਸਿਰਸਾ ਦੇ ਪੈਰੋਕਾਰ ਦੇ ਹੋਏ ਕਤਲ ਨੂੰ ਸਾਜਿਸ਼ ਹੋਣ ਜਾਂ ਨਾ ਹੋਣ ਬਾਰੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੀ ਰਿਪੋਰਟ ਦੋ ਦਿਨਾਂ ਵਿੱਚ ਮਿਲਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਉਹ ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਾਉਣ ਲਈ ਕਹਿਣਗੇ। ਉਨਾਂ ਕਿਹਾ ਕਿ ਇਸ ਘਟਨਾ ਵਿੱਚ ਮਾਰਿਆ ਗਿਆ ਮਹਿੰਦਰਪਾਲ ਸਿੰਘ ਬਿੱਟੂ ਬੇਅਦਬੀ ਨਾਲ ਸੰਬੰਧਤ ਘਟਨਾਵਾਂ ਦਾ ਕਥਿਤ ਤੌਰ 'ਤੇ ਮੁੱਖ ਦੋਸ਼ੀ ਸੀ, ਉਸਦੇ ਮਾਰੇ ਜਾਣ ਨਾਲ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵੱਲੋਂ ਕੀਤੀ ਜਾ ਰਹੀ ਜਾਂਚ ਵੀ ਪ੍ਰਭਾਵਿਤ ਹੋ ਸਕਦੀ ਹੈ। ਵੱਖ-ਵੱਖ ਗੈਂਗਸਟਰ ਗਰੁੱਪਾਂ ਵੱਲੋਂ ਬਿੱਟੂ ਦੀ ਹੱਤਿਆ ਦੀ ਜਿੰਮੇਵਾਰੀ ਲੈਣ ਬਾਰੇ ਪੁੱਛੇ ਜਾਣ 'ਤੇ ਉਨਾਂ ਸਪੱਸ਼ਟ ਕੀਤਾ ਕਿ ਕੁਝ ਲੋਕ ਹੋਛੀ ਕਰੈਡਿਟ ਵਾਰ ਵਿੱਚ ਲੱਗੇ ਹੋਏ ਹਨ। ਅਜਿਹੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਹੋ ਸਕਦਾ ਹੈ ਕਿ ਇਸ ਕਤਲ ਨਾਲ ਬੇਅਦਬੀ ਮਾਮਲਿਆਂ ਦੀ ਤਹਿ ਤੱਕ ਪਹੁੰਚਣ ਲਈ ਜ਼ਰੂਰੀ ਸਬੂਤ ਵੀ ਖ਼ਤਮ ਹੋ ਗਏ ਹੋਣ। ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਤਿੰਨ ਜੇਲਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਜਲਦ ਹੀ ਕੇਂਦਰੀ ਸੁਰੱਖਿਆ ਏਜੰਸੀ ਸੀ. ਆਰ. ਪੀ. ਐੱਫ਼. ਨੂੰ ਦਿੱਤੀ ਜਾ ਰਹੀ ਹੈ, ਇਸ ਸੰਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਹਰੀ ਝੰਡੀ ਮਿਲ ਗਈ ਹੈ। ਜੇਲਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਦੇ ਵਿਭਾਗ ਨੂੰ ਦੋ ਦਿਨ ਪਹਿਲਾਂ ਹੀ 24 ਕਰੋੜ ਰੁਪਏ ਜਾਰੀ ਕੀਤੇ ਹਨ, ਜਿਸ ਨਾਲ ਜੇਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਨਵੀਂ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਲ ਅਧਿਕਾਰੀਆਂ ਅਤੇ ਸੁਰੱਖਿਆ ਕਰਮੀਆਂ ਲਈ ਨਵੇਂ ਹਥਿਆਰ ਵੀ ਖਰੀਦੇ ਗਏ ਹਨ। ਇਸ ਤੋਂ ਪਹਿਲਾਂ ਸਮਾਗਮ ਦੌਰਾਨ ਵਿਧਾਇਕ ਕੁਲਦੀਪ ਸਿੰਘ ਵੈਦ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐੱਸ. ਪੀ. ਸਿੰਘ, ਨਾਮਵਰ ਇਤਿਹਾਸਕਾਰ ਡਾ. ਪ੍ਰਿਥੀਪਾਲ ਸਿੰਘ ਕਪੂਰ, ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਕਵੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਅਤੇ ਮਾਸਟਰ ਤਾਰਾ ਸਿੰਘ ਦੇ ਪਰਿਵਾਰਕ ਮੈਂਬਰ ਬੀਬੀ ਜਸਪ੍ਰੀਤ ਕੌਰ ਨੇ ਮਾਸਟਰ ਤਾਰਾ ਸਿੰਘ ਦੇ ਜੀਵਨ, ਸਾਹਿਤਕ ਦੇਣ ਅਤੇ ਉਨਾਂ ਨਾਲ ਜੁੜੀਆਂ ਕਈ ਘਟਨਾਵਾਂ ਦਾ ਵੇਰਵਾ ਹਾਜ਼ਰੀਨ ਨਾਲ ਸਾਂਝਾ ਕੀਤਾ। ਪ੍ਰੋ. ਗਿੱਲ ਨੇ ਮਾਸਟਰ ਤਾਰਾ ਸਿੰਘ ਦੇ ਜੀਵਨ ਬਾਰੇ ਆਉਣ ਵਾਲੀਆਂ ਪੀੜੀਆਂ ਨੂੰ ਜਾਣੂ ਕਰਾਉਣ ਲਈ ਜ਼ਰੂਰੀ ਕਈ ਮੰਗਾਂ ਰੰਧਾਵਾ ਰਾਹੀਂ ਪੰਜਾਬ ਸਰਕਾਰ ਅੱਗੇ ਰੱਖੀਆਂ, ਜਿਨਾਂ ਨੂੰ ਰੰਧਾਵਾ ਨੇ ਮੌਕੇ 'ਤੇ ਪੂਰਾ ਕਰਨ ਦਾ ਐਲਾਨ ਕੀਤਾ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਸ੍ਰ. ਰਵਿੰਦਰ ਸਿੰਘ ਭੱਠਲ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਵਿਧਾਇਕ ਸੁਰਿੰਦਰ ਡਾਬਰ, ਲਖਬੀਰ ਸਿੰਘ ਲੱਖਾ (ਦੋਵੇਂ ਵਿਧਾਇਕ), ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮਿਲਕਫੈੱਡ ਦੇ ਐੱਮ. ਡੀ. ਕਮਲਜੀਤ ਸਿੰਘ ਸੰਘਾ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਐੱਸ. ਡੀ. ਐੱਮ. ਅਮਰਿੰਦਰ ਸਿੰਘ ਮੱਲੀ, ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ ਅਸ਼ਵਨੀ ਸ਼ਰਮਾ, ਕੇ. ਕੇ. ਬਾਵਾ, ਅਮਰਜੀਤ ਸਿੰਘ ਟਿੱਕਾ, ਮੁਹੰਮਦ ਗੁਲਾਬ, ਹਰਕਰਨ ਸਿੰਘ ਵੈਦ (ਸੀਨੀਅਰ ਕਾਂਗਰਸੀ ਆਗੂ) ਅਤੇ ਹੋਰ ਹਾਜ਼ਰ ਸਨ। ਸਮਾਗਮ ਦੌਰਾਨ ਭਾਈ ਰਵਿੰਦਰ ਸਿੰਘ ਦੀਵਾਨਾ ਨੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ।