ਚੰਡੀਗੜ੍ਹ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )
ਕਾਂਗਰਸੀ ਵਿਧਾਇਕ ਪਰਗਟ ਸਿੰਘ ਵੱਲੋਂ ਲਿਖੇ ਪੱਤਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬਾ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦਾ ਸ਼ੀਸ਼ਾ ਦਿਖਾ ਦਿੱਤਾ ਹੈ। ਇਸ ਪੱਤਰ ਰਾਹੀਂ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਪੰਜਾਬ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ਤਿੰਨਾਂ ਸਾਲਾਂ ਵਿਚ ਸਰਕਾਰ ਕੋਲ ਅਜਿਹੀ ਕੋਈ ਦੱਸਣਯੋਗ ਪ੍ਰਾਪਤੀ ਨਹੀਂ ਹੈ, ਜਿਸ ਸਬੰਧੀ ਵਾਅਦੇ ਕਰ ਕੇ ਕਾਂਗਰਸ ਸੱਤਾ ਵਿਚ ਆਈ ਸੀ। ਪਰਗਟ ਸਿੰਘ ਦੇ ਪੱਤਰ ਨੇ ਠੰਢੇ ਬਸਤੇ ਵਿਚ ਪੈ ਚੁੱਕੇ ਮੁੱਦਿਆਂ ਨੂੰ ਮੁੜ ਭਖਾਇਆ ਹੈ। ਉਨ੍ਹਾਂ ਦੇ ਇਸ ਪੱਤਰ ਤੋਂ ਦੋਆਬੇ ਦੇ ਕਈ ਕਾਂਗਰਸੀ ਆਗੂ ਹੱਕੇ-ਬੱਕੇ ਰਹਿ ਗਏ ਹਨ। ਉਹ ਦੁਬਿਧਾ ’ਚ ਹਨ ਕਿ ਉਹ ਸਿਆਸੀ ਪੈਂਤੜਾ ਕੀ ਅਖ਼ਤਿਆਰ ਕਰਨ ਕਿਉਂਕਿ ਬਹੁਤੇ ਤਾਂ ਪਹਿਲੀ ਵਾਰ ਵਿਧਾਇਕ ਬਣੇ ਹਨ। ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਆਸੀ ਪੰਗਾ ਤਾਂ ਸਾਢੇ ਪੰਜ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਉਸ ਨੇ ਸਤੰਬਰ 2019 ਵਿਚ ਮੁੱਖ ਮੰਤਰੀ ਦਾ ਸਲਾਹਕਾਰ ਬਣਨ ਤੋਂ ਨਾਂਹ ਕਰ ਦਿੱਤੀ ਸੀ। ਮੁੱਦਿਆਂ ’ਤੇ ਸਿਆਸਤ ਕਰਨ ਲਈ ਜਾਣੇ ਜਾਂਦੇ ਪਰਗਟ ਸਿੰਘ ਨੇ ਵਿਧਾਇਕ ਹੁੰਦਿਆਂ ਹੋਇਆਂ ਦੂਜੀ ਵਾਰ ਅਹੁਦੇ ਨੂੰ ਠੋਕਰ ਮਾਰੀ ਹੈ। ਪਹਿਲਾਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹੁੰਦਿਆਂ ਮੁੱਖ ਸੰਸਦੀ ਸਕੱਤਰ ਦਾ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੋਆਬੇ ਵਿਚੋਂ ਪਰਗਟ ਸਿੰਘ ਪਹਿਲੇ ਵਿਧਾਇਕ ਹਨ ਜਿਨ੍ਹਾਂ ਨੇ ਲਿਖਤੀ ਤੌਰ ’ਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਪੱਤਰ ਦਾ ਉਤਾਰਾ ਕਾਂਗਰਸ ਦੀ ਕੁੱਲ ਹਿੰਦ ਪ੍ਰਧਾਨ ਸੋਨੀਆ ਗਾਂਧੀ ਤੇ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਭੇਜਿਆ ਹੈ।