ਰਾਏਕੋਟ ਰੋਡ ਦਾ ਨਿਰਮਾਣ ਸਟੀਲ ਮੋਲਡਿੰਗ ਟਾਇਲ ਨਾਲ ਹੋਇਆ ਸ਼ੁਰੂ

ਜਗਰਾਉਂ, 30 ਨਵੰਬਰ(ਅਮਿਤ ਖੰਨਾ)--ਅਕਸਰ ਭ੍ਰਿਸ਼ਟਾਚਾਰ ਅਤੇ ਕਈ ਹੋਰਨਾਂ ਮਾਮਲਿਆ ਕਾਰਣ ਚਰਚਿਤ ਨਗਰ ਕੌਸਲ ਜਗਰਾਉ ਵੱਲੋ ਅਪਣਾਈ ਜਾ ਰਹੀ ਕਾਰਗੁਜਾਰੀ ਦੀ ਅੱਜ ਉਸ ਸਮੇ ਪੋਲ ਖੁੱਲ ਗਈ, ਜਦੋ ਸਥਾਨਕ ਰਾਏਕੋਟ ਰੋਡ ਦੇ ਬੰਦ ਪਿਆ ਕੰਮ ਉੱਚ ਅਧਿਕਾਰੀਆਂ ਦੀ ਘੁਰਕੀ ਕਾਰਨ ਦੁਬਾਰਾ ਸ਼ੁਰੂ ਹੋ ਗਿਆ। ਸਥਾਨਕ ਨਗਰ ਕੌਸਲ ਦੀ ਸੱਤਾਧਾਰੀ ਧਿਰ ਇਸ ਸੜਕ ਦਾ ਕੰਮ ਦੁਬਾਰਾ ਸ਼ੁਰੂ ਕਰਵਾਉਣ ਨੂੰ ਲੈ ਕੇ ਆਪਣੀ ਖੁਦ ਦੀ  ਪਿੱਠ ਥਪਥਪਾ ਕੇ ਆਪਣੀ ਵੱਡੀ ਪ੍ਰਾਪਤੀ ਦੱਸ ਰਹੀ ਹੈ। ਇਸ ਸਮੇ ਕੌਸਲਰ ਸਤੀਸ਼ ਕੁਮਾਰ ਪੱਪੂ , ਕੌਸਲਰ ਅਮਰਜੀਤ ਮਾਲਵਾ,ਕੌਸਲਰ ਰਣਜੀਤ ਕੌਰ ਸਿੱਧੂ ਦੇ ਪਤੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਦਵਿੰਦਰਜੀਤ ਸਿੰਘ ਸਿੱਧੂ ਅਤੇ ਕੌਸਲਰ ਦਰਸ਼ਨਾਂ ਦੇਵੀ ਦੇ ਸਪੁੱਤਰ ਸਾਬਕਾ ਕੌਸਲਰ ਅੰਕੁਸ਼ ਧੀਰ ਨੇ ਦੱਸਿਆ ਕਿ ਤਕਰੀਬਨ 2 ਮਹੀਨੇ ਪਹਿਲਾਂ ਰਾਣੀ ਝਾਸ਼ੀ ਚੌਕ ਤੋ ਲੈ ਕੇ ਲਾਸ਼ ਘਰ ਤੱਕ ਸਟੀਲ ਮੋਲਡਿੰਗ ਇੰਟਰਲਾਕ ਟਾਇਲਾਂ ਨਾਲ ਬਣਨ ਵਾਲੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਸੀ। ਪਰ ਨਗਰ ਕੌਸਲ ਦੀ ਸੱਤਾਧਾਰੀ ਧਿਰ ਵੱਲੋ ਆਪਣੇ ਚਹੇਤੇ ਠੇਕੇਦਾਰ ਨੰੁ ਲਾਭ ਪਹੁੰਚਾਉਣ ਖਾਤਿਰ ਇਸ ਸੜਕ ਦੇ ਨਿਰਮਾਣ ਕਾਰਜ ਵਿੱਚ ਵੱਧ ਭਾਰ ਸਹਿਣ ਦੀ ਸਮਰੱਥਾ ਰੱਖਣ ਵਾਲੀ ਸਟੀਲ ਮੋਲਡਿੰਗ ਇੰਟਰਲਾਂਕ ਟਾਇਲ ਦੀ ਥਾਂ ਪਲਾਸਟਿਕ ਮੋਲਡਿੰਗ ਟਾਇਲਾਂ ਨਾਲ ਹੀ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋ ਇਲਾਵਾ ਉਕਤ ਸੜਕ ਦਾ ਕੋਈ ਲੈਵਲ ਨਾ ਹੋਣ ਕਾਰਣ ਇੱਥੇ ਦੇ ਦੁਕਾਨਦਾਰਾ ਅਤੇ ਮੁਹੱਲਿਆ ਵਿੱਚ ਬਰਸਾਤ ਦੇ ਦਿਨਾਂ ਦੌਰਾਨ ਪਾਣੀ ‘ਚ ਡੁੱਬਣ ਦਾ ਵੀ ਖਦਸਾ ਬਣ ਗਿਆ ਸੀ । ਉਨ੍ਹਾਂ ਕਿਹਾ ਕਿ ਉਕਤ ਸੜਕ ਦੇ ਲੈਵਲ ਤੋ ਇਲਾਵਾ ਐਸਟੀਮੈਟ ਮੁਤਾਬਿਕ ਸੜਕ ਪਲਾਸਟਿਕ ਮੋਲਡਿੰਗ ਟਾਇਲਾਂ ਦੀ ਥਾਂ ਸਟੀਲ ਮੋਲਡਿੰਗ ਇੰਟਰਲਾਂਕ ਟਾਇਲਾਂ ਨਾਲ ਹੀ ਬਣਾਉਣ ਸਬੰਧੀ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਇਸ ਤੋ ਬਾਵਜੂਦ ਵੀ ਠੇਕੇਦਾਰ ਵੱਲੋ ਬਿਨਾਂ ਕਿਸੇ ਡਰ ਤੋ ਸੱਤਾਧਾਰੀ ਧਿਰ ਦੀ ਸਹਿ ਤੇ ਸਰਕਾਰੀ ਨਿਯਮਾਂ ਖਿਲਾਫ ਪਲਾਸਟਿਕ ਮੋਲਡਿੰਗ ਟਾਇਲਾਂ ਨਾਲ ਹੀ ਬਣਾਉਣੀ ਜਾਰੀ ਰੱਖੀ ਗਈ। ਜਿਸ  ਦੇ ਬਾਅਦ ਸਾਡੇ ਵੱਲੋ ਦੁਕਾਨਦਾਰਾਂ ਤੇ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ 11 ਅਕਤੂਬਰ ਨੂੰ ਧਰਨਾ ਵੀ ਦਿੱਤਾ ਗਿਆ ਸੀ।ਉਹਨਾਂ ਦੱਸਿਆ ਕਿ ਸੜਕ ਦੇ ਨਿਰਮਾਣ ਕਾਰਜ ਵਿੱਚ ਹੋ ਰਹੀਆਂ ਖਾਮੀਆ ਅਤੇ ਭ੍ਰਿਸ਼ਟਾਚਾਰ ਸਬੰਧੀ ਲਿਖਤੀ ਸ਼ਿਕਾਇਤ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ, ਚੀਫ ਇੰਜਨੀਅਰ, ਏ.ਡੀ.ਸੀ ਡਿਵੈਲਪਮੈਟ (ਅਰਬਨ) ਨੂੰੁ ਕੀਤੀ ਗਈ ਸੀ। ਉਨ੍ਹਾਂ ਕਿਹਾ ਉਕਤ ਉੱਚ ਅਧਿਕਾਰੀਆਂ ਵੱਲੋ ਕੀਤੀ ਗਈ ਜਾਂਚ ਪੜਤਾਲ  ਤੋ ਬਾਅਦ 23 ਅਕਤੂਬਰ ਨੂੰ ਏ.ਡੀ.ਸੀ ਨੇ ਨਿਰੀਖਣ ਕਰਕੇ ਕਾਰਜ ਸਾਧਕ ਅਫਸਰ ਨੂੰ ਮੌਕੇ ਤੇ ਹੀ ਕੰਮ ਬੰਦ ਕਰਨ ਦੀਆਂ ਹਦਾਇਤਾਂ ਕਰਕੇ ਪਲਾਸਟਿਕ ਮੋਲਡਿੰਗ ਇੰਟਰਲਾਕਿੰਗ ਟਾਇਲਾਂ ਦੀ ਥਾਂ ਸਟੀਲ ਮੋਲਡਿੰਗ ਇੰਟਰਲਾਕ ਟਾਇਲਾਂ ਐਸਟੀਮੇਟ ਮੁਤਾਬਿਕ ਲਗਾਉਣ ਦੇ ਹੁਕਮ ਕੀਤੇ ਗਏ ਸਨ। ਅੱਜ ਉਕਤ ਸੜਕ ਸਟੀਲ ਮੋਲਡਿੰਗ ਇੰਟਰਲਾਕ ਟਾਇਲ ਨਾਲ ਬਣਾਉਣ ਦਾ ਕੰਮ ਸ਼ੁਰੂ ਹੋਣ ਤੇ ਧੰਨਵਾਦ ਕਰਦਿਆ ਉਕਤ ਕੌਸਲਰਾਂ ਨੇ ਇਮਾਨਦਾਰ ਉੱਚ ਅਧਿਕਾਰੀਆਂ ਵੱਲੋ ਨਿਯਮਾਂ ਮੁਤਾਬਿਕ ਕੰਮ ਸ਼ੁਰੂ ਕਰਵਾਉਣਾ ਸ਼ਲਾਘਾਯੋਗ ਕਦਮ ਦੱਸਿਆ  ਹੈ।