1 ਕਰੋੜ 73 ਲੱਖ ਨਾਲ ਸ਼ਹਿਰ ਦੇ ਰਾਏਕੋਟ ਰੋਡ ਦੇ ਹੋ ਰਹੇ ਨਿਰਮਾਣ ਕਾਰਜ ਮੁੜ ਤੋਂ ਸ਼ੁਰੂ    

       ਜਗਰਾਉਂ (ਅਮਿਤ ਖੰਨਾ ) 1 ਕਰੋੜ 73 ਲੱਖ ਨਾਲ ਸ਼ਹਿਰ ਦੇ ਰਾਏਕੋਟ ਰੋਡ ਦੇ ਹੋ ਰਹੇ ਨਿਰਮਾਣ ਕਾਰਜਾਂ ਵਿਚ ਨਿਯਮਾਂ ਅਨੁਸਾਰ ਟਾਇਲ ਨਾ ਲਾਉਣ 'ਤੇ ਏਡੀਸੀ ਲੁਧਿਆਣਾ ਵੱਲੋਂ ਰੋਕਿਆ ਗਿਆ ਨਿਰਮਾਣ ਅੱਜ ਮੁੜ ਸ਼ੁਰੂ ਹੋ ਗਿਆ। ਇੱਕ ਮਹੀਨੇ ਬਾਅਦ ਮੁੜ ਨਿਰਮਾਣ ਸ਼ੁਰੂ ਹੋਣ 'ਤੇ ਇਲਾਕਾ ਨਿਵਾਸੀਆਂ ਨੇ ਖੁਸ਼ੀ ਪ੍ਰਗਟਾਈ, ਕਿਉਂਕਿ ਅਧੂਰੇ ਨਿਰਮਾਣ ਤੋਂ ਸੜਕ ਦੀ ਖ਼ਸਤਾ ਹਾਲਤ ਕਾਰਨ ਦੁਕਾਨਦਾਰ, ਸ਼ਹਿਰੀ ਤੇ ਰਾਹਗੀਰ ਡਾਹਢੇ ਪਰੇਸ਼ਾਨ ਸਨ। ਮੰਗਲਵਾਰ ਨੂੰ ਜਗਰਾਓਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਕਾਮਰੇਡ ਰਵਿੰਦਰਪਾਲ ਰਾਜੂ ਸਮੇਤ ਉਨਾਂ੍ਹ ਦੀ ਸਹਿਯੋਗ ਟੀਮ ਨੇ ਇਸ ਸੜਕ ਦਾ ਮੁੜ ਨਿਰਮਾਣ ਸ਼ੁਰੂ ਕਰਵਾਇਆ। ਵਰਣਨਯੋਗ ਹੈ ਕਿ ਨਗਰ ਕੌਂਸਲ 'ਤੇ ਕਾਬਜ਼ ਸੱਤਾਧਾਰੀ ਧਿਰ 'ਤੇ ਵਿਰੋਧੀ ਕੌਂਸਲਰਾਂ ਅਮਰਜੀਤ ਸਿੰਘ ਮਾਲਵਾ, ਸਤੀਸ਼ ਕੁਮਾਰ ਪੱਪੂ, ਰਣਜੀਤ ਕੌਰ ਸਿੱਧੂ ਅਤੇ ਦਰਸ਼ਨਾ ਦੇਵੀ ਵੱਲੋਂ ਰਾਏਕੋਟ ਰੋਡ ਦਾ ਪੱਧਰ ਉਚਾ ਚੁੱਕਣ ਅਤੇ ਸਟੀਲ ਮੌਲਡਿੰਗ ਦੀ ਥਾਂ ਰਬੜ ਮੌਲਡਿੰਗ ਟਾਈਲ ਲਗਾਉਣ ਦਾ ਮੁੱਦਾ ਚੁੱਕਦਿਆਂ ਧਰਨੇ, ਪ੍ਰਦਰਸ਼ਨ ਅਤੇ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਜਿਸ ਦੀ ਜਾਂਚ ਨੂੰ ਬੀਤੀ 24 ਅਕਤੂਬਰ ਨੂੰ ਪੁੱਜੇ ਏਡੀਸੀ ਲੁਧਿਆਣਾ ਸੰਦੀਪ ਕੁਮਾਰ ਨੇ ਇਸ ਦੇ ਨਿਰਮਾਣ 'ਤੇ ਰੋਕ ਲਗਾ ਦਿੱਤੀ ਸੀ। ਇੱਕ ਮਹੀਨੇ ਬਾਅਦ ਏਡੀਸੀ ਵੱਲੋਂ ਸੜਕ ਨਿਰਮਾਣ 'ਤੇ ਲਗਾਈ ਰੋਕ ਹਟਾਉਣ ਤੋਂ ਬਾਅਦ ਅੱਜ ਸੜਕ ਦਾ ਮੁੜ ਨਿਰਮਾਣ ਸ਼ੁਰੂ ਕਰਵਾਉਂਦਿਆਂ ਪ੍ਰਧਾਨ ਰਾਣਾ ਨੇ ਕਿਹਾ ਕਿ ਨਿਯਮਾਂ ਦੇ ਅਨੁਸਾਰ ਇਸ ਸੜਕ 'ਤੇ ਸਟੀਲ ਮੌਲਡਿੰਗ ਟਾਇਲ ਹੀ ਲਗਾਈ ਜਾਵੇਗੀ। ਉਨਾਂ੍ਹ ਕਿਹਾ ਕਿ ਵਿਰੋਧੀ ਕੌਂਸਲਰ ਸ਼ਹਿਰ ਦਾ ਵਿਕਾਸ ਕਾਰਜ ਨਹੀਂ ਚਾਹੁੰਦੇ। ਇਸੇ ਲਈ ਗੱਲ ਗੱਲ 'ਤੇ ਵਿਕਾਸ ਕਾਰਜਾਂ ਵਿਚ ਰੌੜਾ ਅਟਕਾਉਂਦੇ ਹਨ। ਉਨਾਂ੍ਹ ਕਿਹਾ ਕਿ ਨਗਰ ਕੌਂਸਲ ਵਿਚ ਪਿਛਲੇ ਸਾਲਾਂ ਵਿਚ ਭਿ੍ਸ਼ਟਾਚਾਰ ਦਾ ਬੋਲਬਾਲਾ ਸੀ, ਜੋ ਹੁਣ ਪੂਰੀ ਤਰਾਂ੍ਹ ਬੰਦ ਹੈ। ਨਵੀਂ ਟੀਮ ਵਿਰੋਧੀਆਂ ਦੇ ਵਿਰੋਧ ਦੇ ਵਿਚ ਹੀ ਜਗਰਾਓਂ ਦੀ ਨਗਰ ਕੌਂਸਲ ਇਮਾਨਦਾਰੀ ਨਾਲ ਨਮੂਨੇ ਦਾ ਸ਼ਹਿਰ ਬਨਾਉਣ ਦਾ ਅਹਿਦ ਲੈਂਦੀ ਹੈ। ਇਸ ਮੌਕੇ ਕੌਂਸਲਰ ਅਮਨ ਕਪੂਰ ਬੌਬੀ, ਜਗਜੀਤ ਸਿੰਘ ਜੱਗੀ, ਵਿਕਰਮ ਜੱਸੀ, ਰੌਕੀ ਗੋਇਲ, ਰਾਜ ਭਾਰਦਵਾਜ, ਹਿਮਾਂਸ਼ੂ ਮਲਿਕ,ਅਸ਼ਵਨੀ ਕੁਮਾਰ ਬਲੂ  , ਗੁਰਦੀਪ ਸਿੰਘ ਮੋਤੀ, ਕੁਲਦੀਪ ਲੋਹਟ ਆਦਿ ਹਾਜ਼ਰ ਸਨ।