You are here

ਯੁ.ਕੇ.

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਗ੍ਰੰਥੀ ਦੀ ਕੋਰੋਨਾ ਕਾਰਨ ਮੌਤ

ਲੰਡਨ,ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਾਵਿਦਾਰਪਾਲ ਸਿੰਘ)-

 ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਗ੍ਰੰਥੀ ਭਾਈ ਅਮਰੀਕ ਸਿੰਘ ਦੀ 5 ਤਰੀਕ ਸਵਰੇ 2 ਵਜੇ ਮੌਤ ਹੋ ਗਈ | ਉਹ ਬੀਤੇ ਦਸ ਦਿਨਾਂ ਤੋਂ ਇਕਾਂਤਵਾਸ 'ਚ ਸਨ ਅਤੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਸਨ | ਉਹ 54 ਸਾਲਾਂ ਦੇ ਸਨ, ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੇਟੇ ਛੱਡ ਗਏ ਹਨ | ਭਾਈ ਅਮਰੀਕ ਸਿੰਘ ਗੁਰਦਾਸਪੁਰ ਜ਼ਿਲੇ੍ਹ ਦੇ ਪਿੰਡ ਗੰਢੇ ਕੇ ਦੇ ਜੰਮਪਲ ਸਨ ਅਤੇ ਬੀਤੇ ਕਈ ਵਰਿ੍ਹਆਂ ਤੋਂ ਗੁਰਦੁਆਰਾ ਸਿੰਘ ਸਭਾ ਸਾਊਥਾਲ ਵਿਖੇ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ | ਉਨ੍ਹਾਂ ਨੂੰ ਗੁਰਬਾਣੀ ਪਾਠ, ਕਥਾ ਵਿਚਾਰਾਂ ਦੇ ਨਾਲ-ਨਾਲ ਕੀਰਤਨ ਦੀ ਵੀ ਮੁਹਾਰਤ ਹਾਸਲ ਸੀ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ, ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਅਤੇ ਮੀਤ ਪ੍ਰਧਾਨ ਸੋਹਣ ਸਿੰਘ ਸੁਮਰਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਭਾਈ ਅਮਰੀਕ ਸਿੰਘ ਦਾ ਅੰਤਿਮ ਸੰਸਕਾਰ ਸਰਕਾਰ ਵਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤਾ ਜਾਵੇਗਾ | ਭਾਈ ਅਮਰੀਕ ਸਿੰਘ ਦੇ ਅਕਾਲ ਚਲਾਣੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਧਾਤੀ, ਗਿਆਨੀ ਅਮਰੀਕ ਸਿੰਘ ਰਾਠੌਰ ਜਨ ਸਕਤੀ ਨਿਉਜ ਪੰਜਾਬ,ਹਰਜੀਤ ਸਿੰਘ ਸਰਪੰਚ, ਪ੍ਰਭਜੋਤ ਸਿੰਘ ਮੋਹੀ, ਕੁਲਵੰਤ ਸਿੰਘ ਭਿੰਡਰ, ਸੁਖਦੇਵ ਸਿੰਘ ਔਜਲਾ, ਬਲਵਿੰਦਰ ਸਿੰਘ ਪੱਟੀ , ਸੁਖਦੇਵ ਸਿੰਘ ਗਰੇਵਾਲ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

ਭਾਰਤ ਤੋਂ ਬਰਤਾਨਵੀਂ ਨਾਗਰਿਕਾਂ ਨੂੰ ਲਿਆਉਣ ਲਈ 52 ਸੰਸਦ ਮੈਂਬਰਾਂ ਵਲੋਂ ਵਿਦੇਸ਼ ਮੰਤਰੀ ਨੂੰ ਪੱਤਰ

 

ਲੰਡਨ, ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿੰਦਰਪਾਲ ਸਿੰਘ )-

ਭਾਰਤ ਤੋਂ ਬਰਤਾਨਵੀ ਨਾਗਰਿਕਾਂ ਨੂੰ ਲਿਆਉਣ ਲਈ ਯੂ. ਕੇ. ਦੇ 52 ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਡੌਮਨਿਕ ਰਾਬ ਨੂੰ ਪੱਤਰ ਲਿਖਿਆ ਹੈ। ਸੰਸਦ ਮੈਂਬਰਾਂ ਨੇ ਲਿਖਿਆ ਕਿ ਬਹੁਤ ਸਾਰੇ ਬਰਤਾਨਵੀ ਭਾਰਤ ਤੋਂ ਉਡਾਣਾਂ ਬੰਦ ਹੋਣ ਕਾਰਨ ਉੱਥੇ ਫਸ ਗਏ ਹਨ, ਉਨ੍ਹਾਂ ਕੋਲ ਵਾਪਸ ਆਉਣ ਲਈ ਕੋਈ ਪ੍ਰਬੰਧ ਨਹੀਂ ਅਤੇ ਨਾ ਇਲਾਜ ਲਈ ਲੋੜੀਂਦੇ ਵਿੱਤੀ ਸਾਧਨ ਹਨ । ਸੰਸਦ ਮੈਂਬਰਾਂ ਨੇ ਯੂ. ਕੇ. ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤ ਵਿਚ ਫਸੇ ਬਰਤਾਨਵੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਹਵਾਈ ਕੰਪਨੀਆਂ ਨਾਲ ਗੱਲ ਕਰਨ ਕਰਨ। ਉਨ੍ਹਾਂ ਕਿਹਾ ਕਿ ਕਈ ਹਵਾਈ ਕੰਪਨੀਆਂ ਵਲੋਂ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਪੱਤਰ 'ਤੇ ਐਮ. ਪੀ. ਜੇਮਜ਼ ਮੁਰੇ, ਐਮ.ਪੀ. ਰੂਥ ਕਡਬਰੀ, ਐਮ. ਪੀ. ਤਨਮਨਜੀਤ ਸਿੰਘ ਢੇਸੀ, ਐਮ. ਪੀ. ਵਰਿੰਦਰ ਸ਼ਰਮਾ, ਨਾਜ਼ ਸ਼ਾਹ, ਰੂਪਾਹੱਕ ਆਦਿ ਸ਼ਾਮਿਲ ਹਨ ।

ਯੂ.ਕੇ. 'ਚ ਅਪ੍ਰੈਲ ਦੇ ਅਖੀਰ ਤੋਂ ਰੋਜ਼ਾਨਾ 1 ਲੱਖ ਟੈੱਸਟ ਹੋਇਆ ਕਰਨਗੇ– ਸਿਹਤ ਮੰਤਰੀ

ਲੰਡਨ,ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ )-

ਯੂ.ਕੇ. ਵਿਚ ਕੋਰੋਨਾ ਵਾਇਰਸ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ । ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਤੋਂ ਲੋਕ ਸੰਤੁਸ਼ਟ ਹੁੰਦੇ ਨਜ਼ਰ ਨਹੀਂ ਆ ਰਹੇ । ਬੀਤੇ ਕੁਝ ਦਿਨਾਂ ਤੋਂ ਮਰਨ ਵਾਲਿਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ, ਜਿਸ ਨੂੰ ਲੈ ਕੇ ਲੋਕ ਚਿੰਤਤ ਹਨ । ਸਰਕਾਰ ਦੀ ਦਿਨੋਂ ਦਿਨ ਵੱਧ ਰਹੀ ਆਲੋਚਨਾ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਰੋਜ਼ਾਨਾ ਦੇਸ਼ ਵਾਸੀਆਂ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਦੌਰਾਨ ਸਿਹਤ ਮੰਤਰੀ ਮੈਟ ਹੁਨਕ ਨੇ ਕਿਹਾ ਕਿ ਅਪ੍ਰੈਲ ਦੇ ਅਖੀਰ ਤੋਂ 1 ਲੱਖ ਕੋਰੋਨਾ ਵਾਇਰਸ ਦੇ ਟੈੱਸਟ ਹੋਣੇ ਸ਼ੁਰੂ ਹੋ ਜਾਣਗੇ, ਜਦਕਿ ਹੁਣ 10 ਹਜ਼ਾਰ ਦੇ ਕਰੀਬ ਟੈੱਸਟ ਹੁੰਦੇ ਹਨ ।ਅਪ੍ਰੈਲ ਦੇ ਮੱਧ ਤੱਕ 25000 ਪ੍ਰਤੀ ਦਿਨ ਟੈੱਸਟ ਸ਼ੁਰੂ ਕਰਨ ਦਾ ਸਰਕਾਰ ਦਾ ਟੀਚਾ ਹੈ । ਇਸ ਦੇ ਨਾਲ ਹੀ ਯੂ. ਕੇ. ਸਰਕਾਰ ਨੇ ਸਿਹਤ ਵਿਭਾਗ ਦਾ 13.4 ਅਰਬ ਪੌਡ ਦਾ ਕਰਜ਼ਾ ਖ਼ਤਮ ਕਰਨ ਦੀ ਗੱਲ ਕਹੀ ਹੈ । ਦੇਸ਼ ਭਰ ਵਿਚ ਕੱਲ੍ਹ ਸ਼ਾਮੀ ਸਿਹਤ ਵਿਭਾਗ ਦੇ ਕਰਮੀਆਂ ਅਤੇ ਮੂਹਰਲੀ ਕਤਾਰ ਵਿਚ ਕੰਮ ਕਰਨ ਵਾਲੇ ਕਾਮਿਆਂ ਦਾ ਤਾੜੀਆਂ ਮਾਰ ਕੇ ਧੰਨਵਾਦ ਕੀਤਾ ਗਿਆ । ਲੋਕਾਂ ਨੇ ਇਸ ਮੌਕੇ ਆਪੋ ਆਪਣੇ ਢੰਗ ਨਾਲ ਤਾੜੀਆਂ, ਥਾਲੀਆਂ ਚਮਚੇ ਅਤੇ ਇੱਥੋਂ ਤੱਕ ਕਿ ਕੁਝ ਲੋਕਾਂ ਨੇ ਵਾਜੇ ਵਜਾ ਕੇ ਐਨ.ਐਚ.ਐਸ. ਦੇ ਕਾਮਿਆਂ ਦੀ ਹੌਸਲਾ ਅਫਜ਼ਾਈ ਕੀਤੀ ।

ਬਰਤਾਨੀਆ ਦੇ ਪਿੰਸ ਚਾਰਲਸ ਨੇ ਭਾਰਤੀ ਮੰਤਰੀ ਦੇ ਦਾਅਵੇ ਨੂੰ ਦੱਸਿਆ ਗ਼ਲਤ

ਮੰਤਰੀ ਨੇ ਆਯੁਰਵੈਦ ਨਾਲ ਕੋਰੋਨਾ ਦੇ ਇਲਾਜ ਦਾ ਕੀਤਾ ਸੀ ਦਾਅਵਾ

ਲੰਡਨ,ਅਪ੍ਰੈਲ 2020-(ਏਜੰਸੀ)-

 ਕੋਰੋਨਾ ਵਾਇਰਸ ਤੋਂ ਪੀੜਤ ਬਰਤਾਨੀਆ ਦੇ ਪਿ੍ੰਸ ਚਾਰਲਸ ਦੇ ਆਯੁਰਵੈਦਿਕ ਦਵਾਈ ਨਾਲ ਠੀਕ ਹੋਣ ਦੇ ਦਾਅਵਿਆਂ ਨੂੰ ਸ਼ਾਹੀ ਘਰਾਣੇ ਦੇ ਬੁਲਾਰੇ ਨੇ ਗ਼ਲਤ ਕਰਾਰ ਦਿੱਤਾ ਹੈ | ਲੰਡਨ 'ਚ ਪਿ੍ੰਸ ਆਫ਼ ਵੇਲਸ ਦੇ ਬੁਲਾਰੇ ਨੇ ਕਿਹਾ ਕਿ ਇਹ ਜਾਣਕਾਰੀ ਪੂਰੀ ਤਰ੍ਹਾਂ ਨਾਲ ਗ਼ਲਤ ਹੈ | ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਿ੍ੰਸ ਚਾਰਲਸ ਨੇ ਬਰਤਾਨੀਆ 'ਚ ਰਾਸ਼ਟਰੀ ਸਿਹਤ ਸੇਵਾ (ਐਨ.ਐੱਚ.ਐਸ.) ਦੀ ਸਲਾਹ ਦਾ ਪਾਲਨ ਕੀਤਾ ਅਤੇ ਇਸ ਤੋਂ ਵੱਧ ਕੁਝ ਨਹੀਂ | ਦੱਸਣਯੋਗ ਹੈ ਕਿ ਭਾਰਤ ਦੇ ਕੇਂਦਰੀ ਮੰਤਰੀ ਸ੍ਰੀਪਦ ਯੇਸ਼ੋ ਨਾਇਕ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਬੈਂਗਲੁਰੂ ਦੇ ਇਕ ਆਯੁਰਵੈਦਿਕ ਡਾਕਟਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਫ਼ਾਰਮੂਲੇ ਨਾਲ ਬਰਤਾਨੀਆ ਦੇ ਪਿ੍ੰਸ ਚਾਰਲਸ ਕੋਰੋਨਾ ਵਾਇਰਸ ਤੋਂ ਉੱਭਰ ਗਏ ਹਨ | ਨਾਇਕ ਨੇ ਕਿਹਾ ਸੀ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਆਯੁਰਵੈਦ ਅਤੇ ਹੋਮਿਊਪੈਥਿਕ ਦਵਾਈਆਂ ਕਿਸ ਤਰ੍ਹਾਂ ਕੋਰੋਨਾ ਵਾਇਰਸ ਦੇ ਇਲਾਜ 'ਚ ਕਾਰਗਰ ਹਨ |

ਕੋਰੋਨਾ ਵਾਇਰਸ ਦਾ ਕਹਿਰ, ਬਰਤਾਨੀਆ 'ਚ 24 ਘੰਟਿਆਂ ਦੌਰਾਨ 621 ਮੌਤਾਂ

ਮਾਨਚੈਸਟਰ, ਅਪ੍ਰੈਲ 2020 -( ਗਿਆਨੀ ਅਮਰੀਕ ਸਿੰਘ ਰਾਠੌਰ)-

 ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ 24 ਘੰਟਿਆਂ ਦੌਰਾਨ 621 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ ਹੁਣ ਤੱਕ 4934 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਗੁਰਿੰਦਰ ਸਿੰਘ ਜੋਸਨ ਬਣੇ ਲੇਬਰ ਪਾਰਟੀ ਦੀ ਰਾਸ਼ਟਰੀ ਕੌਸਲ ਦੇ ਪਹਿਲੇ ਸਿੱਖ ਮੈਂਬਰ

ਐਮ ਪੀ ਤਨਮਨਜੀਤ ਸਿੰਘ ਢੇਸੀ ਅਤੇ ਹੋਰਾਂ ਵਲੋਂ ਦਿਤੀਆਂ ਗਈਆਂ ਵਿਧਾਇਆ

ਬਰਮਿੰਘਮ/ਯੂ ਕੇ, ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ)-

 ਲੇਬਰ ਪਾਰਟੀ ਦੇ ਸਰਗਰਮ ਆਗੂ ਗੁਰਿੰਦਰ ਸਿੰਘ ਜੋਸਨ ਅੱਜ ਲੇਬਰ ਪਾਰਟੀ ਦੀਆਂ ਨੀਤੀਆਂ ਬਣਾਉਣ ਵਾਲੀ ਰਾਸ਼ਟਰੀ ਕੌਸਲ ਦੇ ਮੈਂਬਰ ਚੁਣੇ ਗਏ ਹਨ । ਜੋਸਨ ਨੂੰ 57361 ਵੋਟਾਂ ਮਿਲੀਆਂ। ਇਸ ਅਹੁਦੇ ਤੱਕ ਪਹੁੰਚਣ ਵਾਲੇ ਉਹ ਪਹਿਲੇ ਸਿੱਖ ਹਨ। ਗੁਰਿੰਦਰ ਸਿੰਘ ਜੋਸਨ ਨੇ ਇਸ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਪਾਰਟੀ ਮੈਂਬਰਾਂ ਦਾ ਧੰਨਵਾਦ ਕੀਤਾ ਹੈ। ਉਹ ਪਹਿਲਾਂ ਵੀ ਕਈ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਨਾਲ ਕੰਮ ਕਰ ਰਹੇ ਹਨ । ਲੇਬਰ ਪਾਰਟੀ ਦੇ ਸੀਨੀਅਰ ਆਗੂਆਂ ਐਮ. ਪੀ. ਤਨਮਨਜੀਤ ਸਿੰਘ ਢੇਸੀ, ਰੈਡਬਿ੍ਜ਼ ਕੌਸਲ ਲੀਡਰ ਜਸ ਸਿੰਘ ਅਠਵਾਲ, ਸਿੱਖਸ ਫ਼ਾਰ ਲੇਬਰ ਵਲੋਂ ਨੀਨਾ ਗਿੱਲ ਅਤੇ ਜਨ ਸਕਤੀ ਨਿਉਜ ਦੇ ਮਾਲਕ ਸ ਅਮਨਜੀਤ ਸਿੰਘ ਖਹਿਰਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। 

ਵਿੱਤੀ ਸੰਕਟ 'ਚ ਘਿਰੇ ਵਿਦੇਸ਼ੀ ਵਿਦਿਆਰਥੀ ਤੇ ਪਰਿਵਾਰ ਸਥਾਨਕ ਕੌਸਲਾਂ ਤੋਂ ਮਦਦ ਲੈਣ-ਉੱਪਲ

 

ਲੰਡਨ, ਅਪ੍ਰੈਲ 2020 -(ਗਿਆਨੀ ਰਾਵਿਦਾਰਪਾਲ ਸਿੰਘ)-

 ਯੂ.ਕੇ. 'ਚ ਵਿਦਿਆਰਥੀ ਵੀਜ਼ੇ 'ਤੇ ਆਏ ਪੰਜਾਬੀ ਨੌਜਵਾਨਾਂ ਦਾ ਬੁਰਾ ਹਾਲ ਹੋ ਰਿਹਾ ਹੈ । ਦੇਸ਼ 'ਚ ਮੁਕੰਮਲ ਤਾਲਾਬੰਦੀ ਹੋਣ ਕਾਰਨ ਲਗਪਗ ਸਾਰੇ ਕਾਰੋਬਾਰ ਬੰਦ ਹਨ, ਜਿਸ ਕਰਕੇ ਭਾਂਵੇਂ ਹਰ ਨਾਗਰਿਕ ਮੁਸ਼ਕਿਲ ਦੌਰ 'ਚੋਂ ਲੰਘ ਰਿਹਾ ਹੈ ਪਰ ਪੰਜਾਬ ਤੋਂ ਆਏ ਵਿਦਿਆਰਥੀਆਂ ਦਾ ਬੁਰਾ ਹਾਲ ਹੈ । ਇਨ੍ਹਾਂ ਵਿਦਿਆਰਥੀਆਂ ਤੱਕ ਗੁਰੂ ਘਰਾਂ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਲੰਗਰ ਪਹੁੰਚਾਇਆ ਜਾ ਰਿਹਾ ਹੈ ਪਰ ਫਿਰ ਵੀ ਫੀਸ ਤੇ ਕਿਰਾਇਆ ਦੇਣ ਲਈ ਵੀ ਇਨ੍ਹਾਂ ਵਿਦਿਆਰਥੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇੰਮੀਗ੍ਰੇਸ਼ਨ ਦੇ ਮਾਹਿਰ ਵਕੀਲ ਗੁਰਪਾਲ ਸਿੰਘ ਉੱਪਲ ਨੇ ਕਿਹਾ ਕਿ ਜਿਹੜੇ ਵਿਦੇਸ਼ੀ ਵਿਦਿਆਰਥੀਆਂ ਜਾਂ ਵਿਦੇਸ਼ੀ ਪਰਿਵਾਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ, ਉਹ ਸਥਾਨਕ ਕੌਸਲਾਂ ਕੋਲੋਂ ਮਦਦ ਲੈ ਸਕਦੇ ਹਨ ।

 

ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ 'ਤੇ ਯੂ. ਕੇ. ਦੇ ਸਿੱਖਾਂ ਵਲੋਂ ਦੁੱਖ ਦਾ ਪ੍ਰਗਟਾਵਾ

ਮਾਨਚੈਸਟਰ/ਯੂ ਕੇ , ਅਪ੍ਰੈਲ 2020 -(ਅਮਨਜੀਤ ਸਿੰਘ ਖਹਿਰਾ )-

 ਸਿੱਖ ਪੰਥ ਦੀ ਸਿਰਮੌਰ ਹਸਤੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ 'ਤੇ ਯੂ. ਕੇ. ਦੇ ਸਿੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਸਿੱਖ ਆਗੂਆਂ ਅਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀ ਵਲੋਂ ਭੇਜੇ ਗਏ ਵੱਖ-ਵੱਖ ਬਿਆਨਾਂ 'ਚ ਕਿਹਾ ਗਿਆ ਹੈ ਕਿ ਭਾਈ ਸਾਹਿਬ ਦੇ ਬੇਵਕਤੀ ਅਕਾਲ ਚਲਾਣੇ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ । ਭਾਈ ਨਿਰਮਲ ਸਿੰਘ ਵਿਦੇਸ਼ਾਂ 'ਚ ਨਿਰੋਲ ਰਾਗਾਂ ਨਾਲ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਸਨ । ਭਾਈ ਸਾਹਿਬ ਦੇ ਸਸਕਾਰ ਨੂੰ ਲੈ ਕੇ ਉਨ੍ਹਾਂ ਦੇ ਜੱਦੀ ਪਿੰਡ ਵੇਰਕਾ ਦੇ ਕੌਸਲਰ ਹਰਪਾਲ ਸਿੰਘ ਵੇਰਕਾ ਅਤੇ ਹੋਰ ਲੋਕਾਂ ਵਲੋਂ ਨਿਭਾਏ ਰੋਲ  ਅਤੇ ਸ਼੍ਰੋਮਣੀ ਕਮੇਟੀ ਵਲੋਂ ਨਿਭਾਏ  ਰੋਲ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਮਹਾਨ ਹਸਤੀ ਪ੍ਰਤੀ ਪਿੰਡ ਵਾਲਿਆਂ ਦਾ ਰਵੱਈਆ ਸ਼੍ਰੋਮਣੀ ਕਮੇਟੀ ਦਾ ਪੱਖ ਬਹੁਤ ਹੀ ਮਾੜਾ ਰਿਹਾ | ਸਿੱਖ ਆਗੂ ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ , ਸਿੱਖ ਫੈਡਰੇਸ਼ਨ ਯੂ. ਕੇ. ਦੇ ਭਾਈ ਅਮਰੀਕ ਸਿੰਘ ਗਿੱਲ, ਯੁਨਾਈਟਡ ਖ਼ਾਲਸਾ ਦਲ ਦੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਈ ਅਮਰਜੀਤ ਸਿੰਘ ਢਿੱਲੋਂ, ਗੁਰਦੁਆਰਾ ਸਾਹਿਬ ਸਟੋਕ ਓਨ ਟ੍ਰੇਂਟ, ਵਾਰਿਗਟਨ , ਲਿਵਰਪੂਲ, ਪਰੈਸਟਨ ਦੋਨੋ ਗੁਰਦਵਾਰਾ ਸਾਹਿਬ, ਗ੍ਰੇਵਜ਼ੈਂਡ , ਵੁਲਵਰਹੈਂਪਟਨ, ਲੀਡਸ, ਗਲਾਸਗੋ, ਮਾਨਚੈਸਟਰ ਸਿੰਘ ਸਭਾ ਅਤੇ ਲਿਸਟਰ ਦੀਆਂ ਪ੍ਰਬੰਧਕ ਕਮੇਟੀਆਂ , ਸਿੱਖ ਮਿਸ਼ਨਰੀ ਸੁਸਾਇਟੀ ਯੂ. ਕੇ. ਦੇ ਹਰਚਰਨ ਸਿੰਘ ਟਾਂਕ, ਸ ਪ੍ਰਭਜੋਤ ਸਿੰਘ ਮੁੱਖ ਪ੍ਰਬੰਧਕ ਨੋਰਥ ਵੇਸਟ ਸਮਾਗਮ, ਅਮਰਜੀਤ ਸਿੰਘ ਗਰੇਵਾਲ, ਸੁਖਦੇਵ ਸਿੰਘ ਗਰੇਵਾਲ,ਦਲਜੀਤ ਸਿੰਘ ਜੌਹਲ, ਪਰਮਜੀਤ ਸਿੰਘ ਸੇਖੋਂ,  ਜਸਵੰਤ ਸਿੰਘ ਗਰੇਵਾਲ,ਡਾ ਕੁਲਵੰਤ ਸਿੰਘ ਧਾਲੀਵਾਲ  ਬਾਨੀ ਵਰਲਡ ਕੈਂਸਰ ਕੇਅਰ  ਆਦਿ ਨੇ ਸਾਂਝੇ ਤੌਰ 'ਤੇ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ।

ਕੋਰੋਨਾ ਪੀੜਤਾਂ ਲਈ ਲੰਡਨ 'ਚ ਵਿਸ਼ਵ ਦੇ ਸਭ ਤੋਂ ਵੱਡੇ ਹਸਪਤਾਲ ਦਾ ਪਿ੍ੰਸ ਚਾਰਲਸ ਵਲੋਂ ਉਦਘਾਟਨ

9 ਦਿਨਾਂ ਵਿੱਚ 4000 ਹਜਾਰ ਬੈਡ ਦਾ ਹਸਪਤਾਲ ਤਿਆਰ ਕਰ ਕੇ ਬ੍ਰਿਟਿਸ਼ ਆਰਮੀ ਨੇ ਬਣਾਇਆ ਨਵਾਂ ਇਤਿਹਾਸ

 

16000 ਹਜਾਰ ਵਰਕਰਾਂ ਨੇ ਦਿਨ ਰਾਤ ਮੇਹਨਤ ਕੀਤੀ

ਲੰਡਨ, ਅਪ੍ਰੈਲ 2020 -( ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿੰਦਰਪਾਲ ਸਿੰਘ)-

ਕੋਰੋਨਾ ਵਾਇਰਸ ਦੇ ਪੀੜਤਾਂ ਦੇ ਇਲਾਜ ਲਈ ਲੰਡਨ ਵਿਚ 4000 ਬਿਸਤਰਿਆਂ ਵਾਲੀ ਅਤਿ ਆਧੁਨਿਕ ਐਮਰਜੈਂਸੀ ਹਸਪਤਾਲ ਸਿਰਫ਼ 9 ਦਿਨਾਂ ਦੇ ਰਿਕਾਰਡ ਸਮੇਂ 'ਚ ਬਣਾਇਆ ਗਿਆ ਹੈ। ਨਾਈਟਿੰਗਲ ਨਾਂਅ ਦੇ ਇਸ ਅਸਥਾਈ ਹਸਪਤਾਲ ਦਾ ਉਦਘਾਟਨ ਪਿ੍ੰਸ ਚਾਰਲਸ ਵਲੋਂ 531 ਮੀਲ ਦੂਰੋਂ ਕੀਤਾ ਗਿਆ, ਜਿਨ੍ਹਾਂ ਸਕਾਟਲੈਂਡ ਤੋਂ ਵੀਡੀਓ ਕਾਨਫ਼ਰੰਸ ਰਾਹੀਂ ਸੰਦੇਸ਼ ਜਾਰੀ ਕੀਤਾ। ਪਿ੍ੰਸ ਚਾਰਲਸ ਵੀ ਕੋਰੋਨਾ ਤੋਂ ਪ੍ਰਭਾਵਿਤ ਹੋ ਗਏ ਸਨ ਜੋ ਦੋ ਦਿਨ ਪਹਿਲਾਂ ਹੀ ਇਕਾਂਤਵਾਸ ਤੋਂ ਬਾਹਰ ਆਏ ਹਨ, ਪਰ ਸਿਹਤ ਵਿਭਾਗ ਦੇ ਨਿਰਦੇਸ਼ਾਂ ਤਹਿਤ ਘਰ ਅੰਦਰ ਹੀ ਹਨ । ਇਸ ਮੌਕੇ ਸਿਹਤ ਮੰਤਰੀ ਮੈਟ ਹੈਨਕੁੱਕ ਅਤੇ ਜੂਨੀਅਰ ਸਿਹਤ ਮੰਤਰੀ ਨਦੀਨੇ ਡੌਰੀਜ਼ ਵੀ ਹਾਜ਼ਰ ਸਨ, ਜੋ ਖ਼ੁਦ ਵੀ ਇਸ ਪੀੜਾ ਵਿਚੋਂ ਗੁਜ਼ਰ ਚੁੱਕੇ ਹਨ।ਪੂਰਬੀ ਲੰਡਨ ਦੇ ਡੌਕਲੈਂਡ ਇਲਾਕੇ ਦੇ ਐਕਸਲ ਕਨਵੈੱਨਸ਼ਨ ਨੂੰ ਬਦਲ ਕੇ ਬਣਾਏ ਇਸ ਹਸਪਤਾਲ ਵਿਚ 16000 ਕਰਮਚਾਰੀ ਕੰਮ ਕਰ ਰਹੇ ਹਨ। ਹਸਪਤਾਲ ਨੂੰ ਤਿਆਰ ਕਰਨ ਲਈ ਕਰਨਲ ਐਸ਼ਲੇਗ ਬੋਰੇਮ ਦੀ ਅਗਵਾਈ ਵਿਚ ਫ਼ੌਜ ਦੇ ਨੌਜਵਾਨ ਇੰਜੀਨੀਅਰਾਂ, ਡਾਕਟਰਾਂ ਦੀ ਟੀਮ ਨੇ ਅਹਿਮ ਯੋਗਦਾਨ ਪਾਇਆ ਹੈ।
ਕਰਨਲ ਬੋਰੇਮ ਦੋ ਵਾਰ ਇਰਾਕ ਤੇ ਅਫ਼ਗਾਨਿਸਤਾਨ ਦਾ ਦੌਰਾ ਕਰ ਚੁੱਕੇ ਹਨ। ਉਸ ਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਿਸ਼ਨ ਇਸ ਹਸਪਤਾਲ ਦਾ ਨਿਰਮਾਣ ਕਰਨਾ ਸੀ, ਉਸ ਨੇ ਇਹ ਕੰਮ ਇੰਜੀਨੀਅਰਾਂ, ਡਾਕਟਰਾਂ ਅਤੇ ਸਿਪਾਹੀਆਂ ਨਾਲ ਸ਼ੁਰੂ ਕੀਤਾ ਸੀ। ਕਰਨਲ ਐਸ਼ਲੇਗ ਨੇ ਕਿਹਾ ਕਿ ਬਿ੍ਟੇਨ ਦੀ ਰਾਸ਼ਟਰੀ ਸਿਹਤ ਸੇਵਾ ਇਸ ਪ੍ਰਾਜੈਕਟ ਦੀ ਅਗਵਾਈ ਕਰ ਰਹੀ ਹੈ। ਉਸ ਨੇ ਕਿਹਾ ਕਿ ਫ਼ੌਜੀ ਦਾ ਹਮੇਸ਼ਾ ਇਕ ਉਦੇਸ਼ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਕੰਮ ਕਰਨ ਦਾ ਹੁੰਦਾ ਹੈ। ਯੂ. ਕੇ.ਵਿੱਚ ਅਜਿਹੇ ਹੋਰ ਹਸਪਤਾਲ ਬਣਾਉਣ ਲਈ ਤਿਆਰੀ ਕਰ ਰਿਹਾ ਹੈ ।

ਬਿ੍ਟਿਸ਼ ਏਅਰਵੇਜ਼ ਚੋਂ 30000 ਕਾਮਿਆਂ ਨੂੰ ਆਰਜ਼ੀ ਛੁੱਟੀ

ਲੰਡਨ, ਅਪ੍ਰੈਲ 2020 -(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿੰਦਰਪਾਲ ਸਿੰਘ)-

 ਕੋਰੋਨਾ ਵਾਇਰਸ ਕਾਰਨ ਹਵਾਈ ਕੰਪਨੀਆਂ ਦੇ 90 ਫ਼ੀਸਦੀ ਉਡਾਨਾਂ ਰੱਦ ਹੋਣ ਕਾਰਨ ਬਿ੍ਟਿਸ਼ ਏਅਰਵੇਜ਼ ਨੇ ਆਪਣੇ 30 ਹਜ਼ਾਰ ਦੇ ਕਰੀਬ ਕਰਮਚਾਰੀਆਂ ਨੂੰ ਅਸਥਾਈ ਤੌਰ 'ਤੇ ਛੁੱਟੀ ਦੇ ਦਿੱਤੀ ਹੈ। ਯੂਨਾਈਟ ਟ੍ਰੇਡ ਯੂਨੀਅਨ, ਬਿ੍ਟਿਸ਼ ਪਾਇਲਟ ਐਸੋਸੀਏਸ਼ਨ ਅਤੇ ਜੀ. ਐਮ. ਬੀ. ਯੂਨੀਅਨ ਨੇ ਕੱਲ ਇਸ ਦਾ ਐਲਾਨ ਕੀਤਾ। ਟ੍ਰੇਡ ਯੂਨੀਅਨਾਂ ਜੋ ਬਿ੍ਟਿਸ਼ ਏਅਰਵੇਜ਼ ਦੇ ਹਜ਼ਾਰਾਂ ਕਰਮਚਾਰੀਆਂ ਦੀ ਨੁਮਾਇੰਦਗੀ ਕਰਦੀਆਂ ਹਨ, ਨੇ ਆਖਿਆ ਕਿ ਕੰਪਨੀ ਦੇ ਨਾਲ ਕਰੀਬ 30 ਹਜ਼ਾਰ ਕਰਮਚਾਰੀਆਂ ਲਈ ਸਰਕਾਰ ਦੇ ਵਪਾਰ ਬਚਾਓ ਪ੍ਰੋਗਰਾਮ ਨਿਯਮਾਂ ਤਹਿਤ ਸਮਝੌਤਾ ਕੀਤਾ ਹੈ ਜਿਸ ਅਨੁਸਾਰ ਕਾਮਿਆਂ ਨੂੰ ਘਰ ਬੈਠਿਆਂ 80 ਫ਼ੀਸਦੀ ਤਨਖ਼ਾਹ ਮਿਲੇਗੀ। ਯੂਨਾਈਟ ਦੀ ਹਵਾਈ ਖੇਤਰ ਦੇ ਰਾਸ਼ਟਰੀ ਅਧਿਕਾਰੀ ਓਲੀਵਰ ਰਿਚਰਡਸਨ ਨੇ ਆਖਿਆ ਕਿ ਪੂਰਾ ਹਵਾਬਾਜ਼ੀ ਖੇਤਰ ਜਿਨ੍ਹਾਂ ਮੌਜੂਦਾ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਹ ਸਾਡੇ ਮੈਂਬਰਾਂ ਲਈ ਚੰਗਾ ਫ਼ੈਸਲਾ ਹੈ |

ਨਵੇਂ ਨਿਰਦੇਸ਼ਾਂ ਮੁਤਾਬਿਕ ਕਿਸੇ ਦੀ ਵੀ ਜਾਨ ਬਚਾਉਣੀ, ਹੁਣ ਡਾਕਟਰਾਂ ਹੱਥ

ਮਾਨਚੈਸਟਰ, ਅਪ੍ਰੈਲ 2020 - (ਅਮਰਜੀਤ ਸਿੰਘ ਗਰੇਵਾਲ)-

 ਕੋਰੋਨਾ ਵਾਇਰਸ ਦੇ ਮਰੀਜ਼ਾਂ ਵਿਚੋਂ ਕਿਸ ਦੀ ਜਾਨ ਬਚਾਉਣੀ ਹੈ ਹੁਣ ਇਹ ਡਾਕਟਰਾਂ ਦੇ ਹੱਥ ਵੱਸ ਹੋਵੇਗਾ । ਯੂ. ਕੇ. ਦੇ ਡਾਕਟਰਾਂ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ ਜੇ ਹਸਪਤਾਲ ਕੋਵਿਡ-19 ਮਰੀਜ਼ਾਂ ਨਾਲ ਭਰ ਜਾਂਦੇ ਹਨ ਤਾਂ ਵੈਂਟੀਲੇਟਰ ਜਾਂ ਹੋਰ ਸਹੂਲਤ ਉਸ ਮਰੀਜ਼ ਨੂੰ ਮੁਹੱਈਆ ਕਰਵਾਏ ਜਾਣਗੇ, ਜਿਨ੍ਹਾਂ ਦੇ ਬਚਣ ਦੀ ਸੰਭਾਵਨਾ ਜ਼ਿਆਦਾ ਹੋਵੇਗੀ । ਬਿ੍ਟਿਸ਼ ਮੈਡੀਕਲ ਐਸੋਸੀਏਸ਼ਨ ਅਨੁਸਾਰ ਸਿਹਤ ਕਾਮਿਆਂ ਨੂੰ ਅਜਿਹੇ ਗੰਭੀਰ ਫ਼ੈਸਲੇ ਲੈਣ ਲਈ ਮਜਬੂਰ ਕੀਤਾ ਜਾ ਸਕਦਾ ਹੈ ।

ਅਮਰੀਕਾ ਚ ਕੋਰੋਨਾ ਵਾਇਰਸ ਨਾਲ 8000 ਮੌਤਾਂ 

ਵਾਸਿਗਟਨ , ਅਪ੍ਰੈਲ 2020 -(ਏਜੰਸੀ)-

ਕੋਰੋਨਾ ਵਾਇਰਸ ਦਾ ਕਹਿਰ ਮੌਤ ਦਾ ਵਾਵਰੋਲਾ ਬਣਕੇ ਆਇਆ ਅਮਰੀਕਾ ਦੇ ਲੋਕ ਲਈ। ਅਮਰੀਕਾ ਸਮੇ ਮੁਤਾਬਕ 4 ਤਰੀਕ ਦੀ ਸ਼ਾਮ 5 ਵਜੇ ਪ੍ਰਾਪਤ ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 8000 ਨੂੰ ਪਾਰ ਕਰ ਚੁੱਕੀ ਹੈ ਅਤੇ 14000 ਹਜਾਰ ਲੋਕ ਸੇਹਤ ਜਾਬ ਹੋਏ ਹਨ ਅਤੇ 3 ਲੱਖ ਤੋਂ ਜਾਂਦਾ ਪੀੜਤ ਹਨ।

ਤੂੰ ਉਦਾਸ ਨਾ ਹੋਵੀੰ!✍️ਸਲੇਮਪੁਰੀ ਦੀ ਚੂੰਢੀ -

ਤੂੰ ਉਦਾਸ ਨਾ ਹੋਵੀੰ!

 

ਸ਼ਬਦ ਤੇ ਸੁਰਾਂ ਦੇ ਬਾਦਸ਼ਾਹ

ਭਾਈ ਨਿਰਮਲ ਸਿਹਾਂ

ਤੂੰ ਉਦਾਸ ਨਾ ਹੋਵੀੰ

ਕਿ -

ਤੇਰੀ ਮ੍ਰਿਤਕ ਦੇਹ ਨੂੰ

ਠੋਕਰਾਂ ਪਈਆਂ ਨੇ!

ਕਿਉਂਕਿ -

ਤੂੰ  ਤਾਂ ਖੁਦ

ਜਾਣਦੈ ਸੈੰ

ਇਸ ਸਮਾਜ ਦੇ ਵਰਤਾਰੇ ਨੂੰ!

ਕੋਰੋਨਾ ਤਾਂ ਅੱਜ

ਪਨਪਿਆ

ਇਥੇ ਤਾਂ ਸਦੀਆਂ ਤੋਂ

ਧਰਮਾਂ,

ਜਾਤਾਂ ਕੁਜਾਤਾਂ

ਭੁੱਖਮਰੀ

ਗਰੀਬੀ ਦਾ ਕੋਰੋਨਾ

ਨਾਗ ਵਾਂਗੂੰ ਡੱਸਦਾ ਫਿਰਦੈ!

ਜਿਥੇ -

ਤਾੜੀਆਂ ਵਜਾਕੇ,

ਥਾਲੀਆਂ ਖੜਕਾ ਕੇ,

ਦੀਵੇ ਜਗਾ ਕੇ,

ਰੋਗ ਭਜਾਉਣ ਦਾ

ਵਰਤਾਰਾ ਭਾਰੂ ਹੈ,

ਉਥੇ ਕੁਝ ਵੀ ਸੰਭਵ ਹੈ!

ਉਥੇ ਉਸ ਕੌਮ ਦੇ

 ਚੌਧਰੀਆਂ ਦਾ ' ਲਹੂ

ਚਿੱਟਾ' ਹੋ ਜਾਣਾ

ਵੀ ਸੰਭਵ ਹੈ,

ਜਿਸ ਦਾ ਮੁੱਢ ਹੀ

ਦੂਜਿਆਂ ਲਈ

ਆਪਾ ਵਾਰਨ ਲਈ

ਬੱਝਾ ਸੀ!

ਭਾਈ ਨਿਰਮਲ ਸਿਹਾਂ!

ਤੂੰ ਉਦਾਸ ਨਾ ਹੋਵੀੰ!

ਕਿਉਂਕਿ -

ਤੂੰ ਤਾਂ ਜਾਣਦੈ ਸੈੰ 

ਕਿ-

ਇਥੇ ਤਾਂ ਜਿਉਦਿਆਂ ਨੂੰ

ਵੀ ਧੱਕੇ ਪੈਂਦੇ ਨੇ!

ਮਰਿਆਂ ਨੂੰ ਧੱਕੇ ਪੈਣਾ

ਕੋਈ ਵੱਡੀ ਗੱਲ ਨਹੀਂ!

ਇਸ ਲਈ -

ਤੂੰ ਉਦਾਸ ਨਾ ਹੋਵੀੰ!

-ਸੁਖਦੇਵ ਸਲੇਮਪੁਰੀ

ਸਲੇਮਪੁਰੀ ਦੀ ਚੂੰਢੀ ✍️ਸੁਖਦੇਵ ਸਲੇਮਪੁਰੀ

ਖਾਮੋਸ਼ ਪਰ ਉਦਾਸ ਨਹੀਂ!

ਆਹ! ਮੇਰੇ ਪਿੰਡ ਦੇ ਖੇਤ  ਹਨ, ਜਿਨ੍ਹਾਂ  ਵਿਚ  ਖੜੀਆਂ ਕਣਕਾਂ ਵਿਸਾਖੀ ਦੀ ਉਡੀਕ ਵਿਚ ਹੌਲੀ ਹੌਲੀ ਆਪਣੇ ਸਿਰ ਉਪਰ ਸੋਨੇ ਰੰਗੀ ਚੁੰਨੀ ਤਾਣਦੀਆਂ ਹੋਈਆਂ ਸੁਨੇਹਾ ਦੇ ਰਹੀਆਂ ਹਨ ਕਿ 'ਐ ਮਨੁੱਖ ਹਰ ਕਾਲੀ ਡਰਾਉਣੀ ਰਾਤ ਤੋਂ ਬਾਅਦ ਸੂਰਜ ਆਪਣੀਆਂ ਸੁਨਹਿਰੀਆਂ ਕਿਰਨਾਂ ਨਾਲ ਦਿਨ ਵੀ ਚੜਾਉੰਦਾ ਹੈ, ਇਸ ਲਈ ਤੂੰ ਵੀ ਉਦਾਸ ਨਾ ਹੋ, ਮੁਸੀਬਤਾਂ ਦਾ ਜਿਹੜਾ ਪਹਾੜ ਤੇਰੇ 'ਤੇ ਟੁੱਟਿਆ ਹੈ, ਜਲਦੀ ਖਤਮ ਹੋ ਜਾਵੇਗਾ, ਅਸੀਂ ਵੀ ਤਾਂ ਤੇਰੀ ਉਡੀਕ ਵਿਚ ਖਾਮੋਸ਼ ਹਾਂ, ਪਰ ਉਦਾਸ ਨਹੀਂ, ਅਸੀਂ ਵੀ ਤਾਂ ਆਪਣੀ ਜਿੰਦਗੀ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਮੁਸੀਬਤਾਂ ਕਦੀ ਜਹਿਰੀਲੀਆਂ ਖਾਦਾਂ ਅਤੇ ਕਦੀ ਕੀੜੇ ਮਾਰ ਦਵਾਈਆਂ ਵਿਚੋਂ ਦੀ ਲੰਘਦੀਆਂ ਰਹੀਆਂ ਹਾਂ, ਭੁੱਖੀਆਂ, ਪਿਆਸੀਆਂ ਰਹਿਕੇ ਵੀ ਦਿਨ ਕੱਟੇ ਪਰ ਅਡੋਲ ਖੜੀਆਂ ਰਹੀਆਂ, ਦਿਲ ਨਹੀਂ ਛੱਡਿਆ, ਤੂੰ ਵੀ ਹੌਸਲਾ ਰੱਖ ਚੰਗੇ ਦਿਨ ਆਉਣਗੇ! '

-ਸੁਖਦੇਵ ਸਲੇਮਪੁਰੀ

 

Warrington England ਵਸਿਆ ਵਲੋਂ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਜੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

ਵਾਰਿਗਟਨ/ਯੂ ਕੇ,ਅਪ੍ਰੈਲ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿੰਦਰਪਾਲ ਸਿੰਘ)-

ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਜੀ ਦੇ ਅਕਾਲ ਚਲਾਣੇ ਉਪਰ ਗਹਿਰਾ ਦੁਖ ਪ੍ਰਗਟ ਕਰਦਿਆਂ ਵਰਿਗਟਨ (Warrington England) ਦੀ ਸਮੂਹ ਸੰਗਤ ,ਟਰੱਸਟੀ ਸਾਹਿਬਾਨ ਸ ਪਰਮਜੀਤ ਸਿੰਘ ਸੇਖੋਂ ਅਤੇ ਸ ਦਲਜੀਤ ਸਿੰਘ ਜੌਹਲ , ਸਾਬਕਾ ਕਮੇਟੀ, ਸ ਹਰਦੇਵ ਸਿੰਘ ਗਰੇਵਾਲ, ਸ ਅਮਰਜੀਤ ਸਿੰਘ ਗਰੇਵਾਲ,ਸ ਜੀਤ ਸਿੰਘ ਤੂਰ, ਸ ਪੀਲੂ ਸਿੰਘ ਕਰੀਂ, ਸ ਸੰਤੋਖ ਸਿੰਘ ਸਿੱਧੂ,ਸ ਕੁਲਦੀਪ ਸਿੰਘ ਢਿੱਲੋਂ ਅਤੇ ਸ ਰਵਿੰਦਰਪਾਲ ਸਿੰਘ ਖਾਨੁਜੋ ਸਾਰੇ ਮਜੂਦਾ ਪ੍ਰਬੰਧਕ ਸਾਹਿਬਾਨ, ਡਾ ਕੁਲਵੰਤ ਸਿੰਘ ਧਾਲੀਵਾਲ ਬਾਨੀ ਵਰਲਡ ਕੈਂਸਰ ਕੇਅਰ ਅਤੇ ਸ ਅਮਨਜੀਤ ਸਿੰਘ ਖਹਿਰਾ ਜਨ ਸਕਤੀ ਅਦਾਰੇ ਦੇ ਮਾਲਕ ਵਲੋਂ ਇਸ ਦੁੱਖ ਦੀ ਘੜੀ ਵਿੱਚ ਗੁਰ ਸਾਹਿਬ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਅਰਦਾਸ ਬੇਨਤੀ ਕੀਤੀ ਗਈ। ਪਿੰਡ ਵਾਸੀਆਂ ਵਲੋਂ ਸਮਸਾਨ ਘਾਟ ਵਿਚ ਸੰਸਕਾਰ ਕਰਨ ਤੋਂ ਰੋਕਣ ਦੀ ਵਇ ਕੜੇ ਸ਼ਬਦਾਂ ਵਿਚ ਨਿਦਾ ਕੀਤੀ। ਇਹ ਕਲਿਪ ਭਾਈ ਨਿਰਮਲ ਸਿੰਘ ਜੀ ਦਾ ਵਾਰਿਗਟਨ ਗੁਰਦੁਆਰਾ ਸਾਹਿਬ ਵਿਚ ਤਕਰੀਬ 10 ਕੋ ਮਹੀਨੇ ਪਹਿਲਾਂ ਰੀਕਾਰਡ ਕੀਤਾ ਗਿਆ ਸੀ।ਜੋ ਜਨ ਸਕਤੀ ਅਦਾਰੇ ਲਈ ਉਹਨਾਂ ਦੀ ਇਕ ਮਿੱਠੀ ਯਾਦ ਹੋਵੇਗਾ। 

ਸਲੇਮਪੁਰੀ ਦੇ ਹੰਝੂ ✍️ਸੁਖਦੇਵ ਸਲੇਮਪੁਰੀ

ਸਲੇਮਪੁਰੀ ਦੇ ਹੰਝੂ-

ਸਿਵੇ ਵੀ ਬੇ-ਮੁੱਖ ਹੋ ਗਏ ਨੇ ਲਾਸ਼ਾਂ ਵੇਖਕੇ!

ਕਿੰਨ੍ਹਾ ਦਰਦਨਾਕ ਸਮਾਂ ਆ ਗਿਆ ਹੈ ਅੱਜ ਸਿਵੇ ਵੀ ਲਾਸ਼ਾਂ ਵੇਖਕੇ ਬੇ-ਮੁੱਖ ਹੋ ਗਏ ਹਨ। ਸਵਰਗਵਾਸੀ ਭਾਈ ਨਿਰਮਲ ਸਿੰਘ ਖਾਲਸਾ ਜਿਨ੍ਹਾਂ ਦੇ ਨਾਂ ਦਾ ਸੰਸਾਰ ਵਿੱਚ ਡੰਕਾ ਵੱਜਦਾ ਸੀ ਦਾ ਅੰਤਿਮ ਸਸਕਾਰ ਕਰਨ ਤੋਂ ਰੋਕਣ ਲਈ  ਪਿੰਡ ਵੇਰਕਾ ਦੇ ਲੋਕਾਂ ਨੇ ਸਿਵਿਆਂ ਵਾਲੀ ਥਾਂ 'ਤੇ ਨਾਕਾਬੰਦੀ ਕੀਤੀ ਹੋਈ ਹੈ। ਸਾਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਆਹ ਦਿਨ ਵੀ ਸਾਨੂੰ ਜਿੰਦਗੀ ਵਿੱਚ ਵੇਖਣੇ ਪੈਣੇ ਸਨ ਜਦੋਂ ਲਾਸ਼ਾਂ ਨੂੰ ਵੇਖ ਕੇ ਸਿਵਿਆਂ ਨੇ ਵੀ ਬੂਹੇ ਭੇੜ ਲੈਣੇ ਹਨ। ਭਾਈ ਨਿਰਮਲ ਸਿੰਘ ਖਾਲਸਾ ਨੇ ਅੱਜ ਤੜਕ ਸਵੇਰੇ ਨਾ-ਮੁਰਾਦ ਬਿਮਾਰੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਕਰਕੇ ਆਪਣੇ ਸੁਆਸ ਪੂਰੇ ਕਰ ਲਏ ਸਨ।

ਸੁਖਦੇਵ ਸਲੇਮਪੁਰੀ

09780620233

220 ਮੀਲ ਤੋਂ ਕੋਰੋਨਾ ਵਾਇਰਸ ਲਾਕ ਡਾਉਣ ਦੀਆਂ ਥਜਿਆ ਅੜਾਉਂਦਾ ਕਾਰ ਡਰਾਈਵਰ ਚੈਸਰ ਪੋਲਿਸ ਨੇ ਰੋਕਿਆ

ਮਾਨਚੈਸਟਰ, ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ)-

 ਕਾਰ ਰਾਹੀਂ ਸਲਫੋਰਡ ਵਿੱਚੋ ਵਿੰਡੋ ਚਕਣ ਆਇਆ ਕਾਰ ਡਰਾਈਵਰ ਚੈਸਰ ਪੋਲਿਸ ਦੁਆਰਾ ਰੋਕਿਆ ਗਿਆ ਤਾਂ ਪਤਾ ਲਗਾ ਕੇ ਪਤਨੀ ਵੀ ਕਾਰ ਦੀ ਡਿਗੀ ਵਿਚ ਬੰਦ ਹੈ ਅਤੇ ਕਵੰਟਰੀ ਤੋਂ 220 ਮੀਲ ਦਾ ਆਉਣ ਜਾਣ ਕਰਕੇ ਕਰੋਨਾ ਵਾਇਰਸ ਲਾਕ ਡਾਉਣ ਦੀ ਪ੍ਰਵਾਹ ਨਾ ਕਰਦਾ ਹੋਇਆ 15 ਪੌਂਡ ਦਾ ਈ ਵੇ ਤੋਂ ਖਰੀਦਿਆ ਵਿੰਡੋ ਚਕਣ ਆਇਆ ਸੀ। ਇਥੇ ਦਸਣ ਯੋਗ ਇਹ ਹੈ ਕੇ ਸਰਕਾਰ ਦੀਆਂ ਸਖਤ ਹਦਾਇਤਾਂ ਹਨ ਕਿ ਇਸ ਤਰਾਂ ਦੇ ਕੰਮ ਨਾ ਕਿਤੇ ਜਾਣ ਜਿਸ ਨਾਲ ਅਸੀਂ ਕਰੋਨਾ ਵਾਇਰਸ ਨੂੰ ਸਪਰਿਡ ਕਰਨ ਵਿਚ ਭਾਗੀ ਦਾਰ ਨਾ ਬਣ ਜਾਈਏ।

ਪਿ੍ੰਸ ਚਾਰਲਸ ਹੋਏ ਤਦਰੁਸਤ

ਲੰਡਨ, ਮਾਰਚ 2020-(ਗਿਆਨੀ ਰਵਿੰਦਰਪਾਲ ਸਿੰਘ)-

 ਬਰਤਾਨੀਆ ਦੇ ਸ਼ਾਹੀ ਤਖ਼ਤ ਦੇ ਦਾਅਵੇਦਾਰ ਪਿ੍ੰਸ ਚਾਰਲਸ (71) ਸਿਹਤਯਾਬ ਹੋ ਗਏ ਹਨ । ਉਹ ਬੀਤੇ 7 ਦਿਨ ਤੋਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਕਾਰਨ ਇਕਾਂਤਵਾਸ 'ਚ ਚਲੇ ਗਏ ਸਨ । ਚਾਰਲਸ ਦਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਖ਼ੁਦ ਨੂੰ ਸਕਾਟਲੈਂਡ ਸਥਿਤ ਆਪਣੀ ਰਿਹਾਇਸ਼ 'ਤੇ ਵੱਖ (ਆਈਸੋਲੇਟ) ਕਰ ਲਿਆ ਸੀ। ਉਨ੍ਹਾਂ ਦੀ 72 ਸਾਲਾ ਪਤਨੀ ਡਿਊਚਸ ਆਫ਼ ਕੌਰਨਵਾਲ ਦਾ ਕੋਰੋਨਾ ਟੈਸਟ ਨੈਗਟਿਵ ਆਇਆ ਸੀ ਪਰ ਉਨ੍ਹਾਂ ਵੀ ਖ਼ੁਦ ਨੂੰ ਇਕ ਹਫ਼ਤੇ ਲਈ ਵੱਖ (ਆਈਸੋਲੇਟ) ਕੀਤਾ ਹੋਇਆ ਹੈ। ਸ਼ਾਹੀ ਅਧਿਕਾਰੀਆਂ ਨੇ ਦੱਸਿਆ ਕਿ ਪਿ੍ੰਸ ਚਾਰਲਸ ਤੇ ਉਨ੍ਹਾਂ ਦੀ ਪਤਨੀ ਨੂੰ ਸਰਕਾਰੀ ਨਿਯਮਾਂ ਅਨੁਸਾਰ ਤਿੰਨ ਮਹੀਨੇ ਘਰ ਅੰਦਰ ਹੀ ਰਹਿਣਾ ਹੋਵੇਗਾ।

 

ਬਰਤਾਨੀਆ ਸਰਕਾਰ ਨੇ 175 ਲੱਖ ਐਟੀਬਾਡੀ ਟੈਸਟ ਕਿੱਟਾਂ ਖਰੀਦੀਆਂ

ਮਾਨਚੈਸਟਰ, ਮਾਰਚ 2020-(ਗਿਆਨੀ ਅਮਰੀਕ ਸਿੰਘ ਰਾਠੌਰ)-

- ਯੂ.ਕੇ. ਵਿਚ ਕੋਰੋਨਾ ਵਾਇਰਸ ਨੇ ਹੁਣ ਤੱਕ 1415 ਲੋਕਾਂ ਦੀ ਜਾਨ ਲੈ ਲਈ ਹੈ, ਜਦਕਿ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ | ਯੂ.ਕੇ. ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਸਲਾਹਕਾਰ ਡੌਮਨਿਕ ਕੁਮਿੰਗਜ਼ ਦੀ ਵੀ ਸਿਹਤ ਵਿਗੜ ਗਈ ਹੈ ਤੇ ਉਹ ਇਕਾਂਤਵਾਸ 'ਚ ਚਲੇ ਗਏ ਹਨ | ਯੂ.ਕੇ. ਵਿਚ ਹੁਣ ਰੋਜ਼ਾਨਾ 10 ਹਜ਼ਾਰ ਟੈਸਟ ਕੀਤੇ ਜਾਂਦੇ ਹਨ, ਜਦਕਿ ਅਗਲੇ ਤਿੰਨ ਹਫ਼ਤਿਆਂ 'ਚ 25000 ਪ੍ਰਤੀ ਦਿਨ ਟੈਸਟ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ | ਯੂ.ਕੇ. ਸਰਕਾਰ ਵਲੋਂ ਟੈਸਟਾਂ ਲਈ 175 ਲੱਖ ਐਟੀਬਾਡੀ ਕਿੱਟਾਂ ਖਰੀਦੀਆਂ ਗਈਆਂ ਹਨ, ਜੋ 15 ਮਿੰਟ 'ਚ ਨਤੀਜਾ ਦਿੰਦੀ ਹੈ |

ਸਰਾਪ ਬਨਾਮ ਵਰਦਾਨ!✍️ਸਲੇਮਪੁਰੀ ਦੀ ਚੂੰਢੀ -

 ਸਰਾਪ ਬਨਾਮ ਵਰਦਾਨ!

ਆਮ ਤੌਰ 'ਤੇ ਸਰਕਾਰੀ ਹਸਪਤਾਲਾਂ ਨੂੰ ਨਿੰਦਣ ਤੋਂ ਸਿਵਾਏ ਸਮਾਜ ਕੋਲ ਕੋਈ ਵੀ ਕੰਮ ਨਹੀਂ ਹੈ। ਸਮਾਜ ਦੇ ਅਮੀਰਾਂ ਸਮੇਤ ਮੱਧ ਵਰਗੀ ਅਤੇ ਖਾਂਦੇ ਪੀਂਦੇ ਲੋਕ ਤਾਂ ਸਰਕਾਰੀ ਹਸਪਤਾਲਾਂ ਦਾ ਨਾਂ ਸੁਣਦਿਆਂ ਹੀ ਨੱਕ ਬੁੱਲ੍ਹ ਚੜਾਉਣ ਲੱਗ ਜਾਂਦੇ ਹਨ। ਖਾਂਦੇ ਪੀਂਦੇ ਪਰਿਵਾਰਾਂ ਦੇ ਮੂੰਹੋਂ ਤਾਂ ਅਕਸਰ ਇਹ ਸ਼ਬਦ ਹੀ ਨਿਕਲਦਾ ਹੈ ਕਿ ਇਹ ਤਾਂ ਗਰੀਬਾਂ ਦੇ ਹਸਪਤਾਲ ਹਨ, ਪਰ ਅੱਜ ਉਨ੍ਹਾਂ ਲੋਕਾਂ ਲਈ ਇਹ ਹਸਪਤਾਲ ਵਰਦਾਨ ਬਣ ਰਹੇ ਹਨ, ਜਿਹੜੇ ਇਨ੍ਹਾਂ ਦੇ ਕੋਲੋਂ ਲੰਘਣਾ ਵੀ ਕਦੀ ਮੁਨਾਸਿਬ ਵੀ ਨਹੀਂ ਸੀ ਸਮਝਦੇ, ਕਿਉਂਕਿ ਬਹੁਤੇ ਨਿੱਜੀ ਹਸਪਤਾਲਾਂ ਨੇ ਤਾਂ ਆਪਣੇ ਬੂਹੇ ਭੇੜ ਕੇ ਬਾਹਰ ਲਿਖ ਦਿੱਤਾ ਹੈ ਕਿ 'ਜਿਹੜੇ ਮਰੀਜ਼ਾਂ ਨੂੰ ਖੰਘ, ਜੁਕਾਮ, ਬੁਖਾਰ ਅਤੇ ਹੱਡ ਭੰਨਣੀ ਦੀ ਸ਼ਿਕਾਇਤ ਹੈ, ਉਹ ਸਰਕਾਰੀ ਹਸਪਤਾਲ ਜਾਣ' ਸਦਕੇ ਜਾਈਏ! ਇਹੋ ਜਿਹੇ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਤੋਂ, ਜਿਹੜੇ ਕ੍ਰੀਮ ਖਾਣ ਲਈ ਹੀ ਲੋਕਾਂ ਦਾ ਗਲ ਘੁੱਟ ਦੇ ਰਹੇ ਹਨ ਅਤੇ ਜਦੋਂ ਹੁਣ ਦੇਸ਼ ਉਪਰ ਭੀੜ ਬਣੀ ਤਾਂ ਬੂਹੇ ਭੇੜ ਲਏ ਹਨ। ਅੱਜ ਸਰਕਾਰੀ ਹਸਪਤਾਲਾਂ ਨੇ ਹੀ ਕੋਰੋਨਾ  ਸਮੇਤ ਹਰ ਬਿਮਾਰੀ ਤੋਂ  ਪੀੜਤ ਹਰ ਵਰਗ ਦੇ ਲੋਕਾਂ ਦੀ ਬਾਂਹ ਫੜੀ ਹੈ। ਵਰ੍ਹਦੀ ਅੱਗ ਵਿੱਚ ਸਰਕਾਰੀ ਹਸਪਤਾਲਾਂ ਦੇ ਸਿਹਤ ਕਾਮੇ ਜਾਨ ਤਲੀ 'ਤੇ ਰੱਖ ਕੇ ਦੂਜਿਆਂ ਦੀ ਜਾਨ ਬਚਾਉਣ ਵਿੱਚ ਜੁੱਟ ਗਏ ਹਨ। ਅੱਜ ਉਨ੍ਹਾਂ ਲੋਕਾਂ ਦੇ ਮੂੰਹ' ਤੇ ਕੱਸ ਕੇ ਚਪੇੜ ਵੱਜੀ ਹੈ ਜਿਹੜੇ  ਲੋਕ ਹੁਣ ਤੱਕ ਸਰਕਾਰੀ ਹਸਪਤਾਲਾਂ ਨੂੰ 'ਸਰਾਪ' ਹੀ ਸਮਝਦੇ ਰਹੇ ਹਨ।  ਅਮੀਰਾਂ ਨੂੰ ਅੱਜ ਇਸ ਗੱਲ ਦੀ ਵੀ ਸਮਝ ਆ ਗਈ ਹੋਣੀ ਹੈ ਕਿ ਸਮਾਜ ਦੇ ਆਮ ਲੋਕਾਂ ਦਾ ਸਿੱਧੇ ਅਤੇ ਅਸਿੱਧੇ ਤੌਰ ਤੇ ਖੂਨ ਚੂਸਕੇ ਇਕੱਠੀ ਕੀਤੀ ਅੰਨ੍ਹੀ ਮਾਇਆ ਨੂੰ ਐਵੇਂ ਆਪਣੇ ਐਸ਼ੋ-ਆਰਾਮ ਲਈ ਖਰਚਦੇ ਰਹੇ ਹਨ ਜਾਂ ਫਿਰ ਆਪਣੇ ਪਾਪਾਂ ਨੂੰ ਧੋਣ ਅਤੇ ਹੇਰਾਫੇਰੀ ਨਾਲ ਇਕੱਠੀ ਕੀਤੀ ਮਾਇਆ ਦਾ ਦਸਵੰਦ ਸਰਕਾਰੀ ਹਸਪਤਾਲਾਂ ਅਤੇ ਸਕੂਲਾਂ /ਕਾਲਜਾਂ ਉਪਰ ਖਰਚਣ ਦੀ ਬਜਾਏ ਧਾਰਮਿਕ ਸਥਾਨਾਂ ਵਿਚ ਮਹਿੰਗੇ ਪੱਥਰ ਲਗਵਾਉਣ ਲਈ ਖਰਚ ਕਰਦੇ ਰਹੇ ਹਨ। ਅਮੀਰ ਅੱਜ ਇਹ ਵੀ ਸਮਝ ਗਏ ਹੋਣਗੇ ਕਿ ਜਦੋਂ ਸਮਾਜ ਉੱਪਰ ਮੁਸੀਬਤਾਂ ਦਾ ਵੱਡਾ ਪਹਾੜ ਆਣ ਡਿੱਗ ਪਿਆ ਹੈ ਤਾਂ ਧਾਰਮਿਕ ਸਥਾਨਾਂ ਦੇ ਬੂਹੇ ਵੀ ਬੰਦ ਹੋ ਗਏ ਹਨ ਜਦ ਕਿ ਉਨ੍ਹਾਂ ਦੀ ਜਾਨ ਬਚਾਉਣ ਲਈ ਇਸ ਵੇਲੇ ਕੇਵਲ ਤੇ ਕੇਵਲ ਹਸਪਤਾਲਾਂ ਦੇ ਬੂਹੇ ਖੁੱਲ੍ਹੇ ਹਨ। 
ਸਲਾਮ! ਸਰਕਾਰੀ ਹਸਪਤਾਲਾਂ ਨੂੰ!
ਸਲਾਮ! ਸਰਕਾਰੀ ਡਾਕਟਰਾਂ ਨੂੰ!
ਸਲਾਮ! ਸਰਕਾਰੀ ਨਰਸਾਂ ਨੂੰ!
ਸਲਾਮ! ਸਰਕਾਰੀ ਪੈਰਾ-ਮੈਡੀਕਲ ਸਟਾਫ ਨੂੰ!
-ਸੁਖਦੇਵ ਸਲੇਮਪੁਰੀ
09780620233