You are here

ਪੰਜਾਬ

ਆਉਣ ਵਾਲੀਆਂ ਚੋਣਾਂ ਦਾ ਇੱਕ ਅਹਿਮ ਚਿਹਰਾ ਬਣ ਸਕਦੇ ਹਨ -  ਸਮਾਜ ਸੇਵੀ ਡਾ ਪਰਮਿੰਦਰ ਸਿੰਘ ਹਮੀਦੀ  

ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਡਾਕਟਰ ਪਰਮਿੰਦਰ ਸਿੰਘ ਹਮੀਦੀ ਲੜਨਗੇ 2022 ਦੀ ਚੋਣ

ਮਹਿਲ ਕਲਾਂ /ਬਰਨਾਲਾ- 7 ਨਵੰਬਰ- (ਗੁਰਸੇਵਕ ਸੋਹੀ )-  ਉੱਘੇ ਸਮਾਜ ਸੇਵੀ ਡਾ .ਪਰਮਿੰਦਰ ਸਿੰਘ ਹਮੀਦੀ ਲੰਬੇ ਸਮੇਂ ਤੋਂ ਸਮਾਜ ਲਈ ਲਗਾਤਾਰ ਲੋਕ ਭਲਾਈ ਦੇ ਕੰਮ ਕਰ ਰਹੇ ਹਨ ਉਹਨਾਂ ਵੱਲੋਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੀ ਚਲਾਈ ਜਾ ਰਹੀ ਹੈ। ਉਹਨਾਂ ਨੇ ਅਨੇਕਾਂ ਹੀ ਪਰਿਵਾਰਾਂ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਹਨਾਂ ਨੇ ਕਿਹਾ ਕਿ ਸਾਡੀ ਸੁਸਾਇਟੀ ਵੱਲੋਂ ਲੰਬੇ ਸਮੇਂ ਤੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜਿੱਥੇ ਅਸੀ ਕਰੋਨਾ ਕਾਲ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਪਰਿਵਾਰਾਂ ਲਈ ਰਾਸ਼ਨ ਵੰਡਿਆ, ਜੱਚਾ ਬੱਚਾ ਲਈ ਪੰਜੀਰੀ ਅਤੇ ਹੋਰ ਲੋੜੀਂਦਾ ਸਮਾਨ ਪਹੁੰਚਦਾ ਕਰਵਾਇਆ ਹੈ ਅਤੇ ਮਰੀਜਾਂ ਲਈ ਲੁਧਿਆਣਾ, ਪਟਿਆਲਾ ਅਤੇ ਪੀ. ਜੀ. ਆਈ. ਚੰਡੀਗੜ੍ਹ ਲਈ ਫ੍ਰੀ ਸੇਵਾ ਵਿੱਚ ਗੱਡੀਆਂ ਚਲਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸਾਡੀ ਸੁਸਾਇਟੀ ਦੀਆਂ ਟੀਮਾਂ ਪੂਰੇ ਪੰਜਾਬ ਵਿੱਚ ਕੰਮ ਕਰ ਰਹੀਆਂ ਹਨ ਪਰ ਉਹਨਾਂ ਨੇ ਕਿਹਾ ਕਿ ਅੱਜ ਸਾਨੂੰ ਲੋੜ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਕਾਨੂੰਨੀ ਤੌਰ ਤੇ ਵੀ ਲੋਕਾਂ ਦੀ ਮੱਦਦ ਕਰੀਏ ਤਾਂ ਜੋ ਭਾਰਤ ਵਿੱਚ ਵਸਦਾ ਕੋਈ ਵੀ ਗਰੀਬ ਪਰਿਵਾਰ ਸਹਾਇਤਾ ਤੋਂ ਬਗ਼ੈਰ ਨਾ ਰਹੇ ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਨੂੰ ਸੇਵਾ ਦੋਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਸਾਡੀ ਟੀਮ ਨੂੰ ਕਾਫੀ ਮੁਸ਼ਕਲ ਆਉਂਦੀ ਹੈ ਉਨ੍ਹਾਂ ਕਿਹਾ ਕਿ ਸਾਡੀ ਟੀਮ ਨੇ ਇਹ ਵਿਚਾਰ ਕੀਤੀ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਅਸੀਂ ਹਿੱਸਾ ਲੈ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਸਹੀ ਲੋਕਾਂ ਤੱਕ ਪਹੁੰਚਾ ਸਕੀਏ ਉਨ੍ਹਾਂ ਕਿਹਾ ਅਸੀਂ ਪਬਲਿਕ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਮਹਾਨ ਸੇਵਾ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਆਉਂਣ ਵਾਲੀਆਂ ਚੋਣਾਂ ਵਿੱਚ ਸਾਡੀ ਟੀਮ ਦਾ ਸਾਥ ਦੇਣ।

ਸਰਪੰਚਾਂ ਪੰਚਾਂ ਦੀਆਂ ਮੰਗਾਂ ਨੂੰ ਲੈਕੇ ਸੀ ਐਮ ਚੰਨੀ ਨੂੰ ਮਿਲਾਂਗੇ-ਬਲਵਿੰਦਰ ਸਿੰਘ ਘੋਲੀਆ

ਮਹਿਲ ਕਲਾਂ/ ਬਰਨਾਲਾ- 7 ਨਵੰਬਰ-   (ਗੁਰਸੇਵਕ ਸੋਹੀ )- ਪੰਜਾਬ ਦੇ ਪੰਚਾਂ ਸਰਪੰਚਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਲੈਕੇ ਜਲਦੀ ਹੀ ਇੱਕ ਵਫਦ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇਗਾ। ਇਸ ਸਬੰਧੀ ਪੰਚਾਂ ਸਰਪੰਚਾਂ ਦੀ ਹੋਈ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਏਕਤਾ ਮਨੁੱਖੀ ਅਧਿਕਾਰ ਬਿਊਰੋ ਦੇ ਵਾਈਸ ਪਰਧਾਨ ਸ ਬਲਵਿੰਦਰ ਸਿੰਘ ਘੋਲੀਆ ਨੇ ਕਿਹਾ ਕਿ ਅਸੀਂ ਪੰਜਾਬ ਦੇ ਸਮੂਹ ਐਮ ਪੀ ਸਾਹਿਬਾਨ ਤੇ ਐਮ ਐਲ ਏ ਸਾਹਿਬਾਨ ਤੋਂ ਮੰਗ ਕਰਦੇ ਹਾਂ ਕਿ ਉਹ ਸਰਪੰਚਾਂ ਦੀ ਤਨਖਾਹ ਪੰਜਾਹ ਹਜ਼ਾਰ ਤੇ ਪੰਚਾਂ ਦੀ ਤਨਖਾਹ ਵੀਹ ਹਜ਼ਾਰ ਰੁਪਏ ਦੀ ਮੰਗ ਲਾਗੂ ਕਰਵਾਉਣ ਲਈ ਅਵਾਜ਼ ਬੁਲੰਦ ਕਰਨ। ਸ ਬਲਵਿੰਦਰ ਸਿੰਘ ਘੋਲੀਆ ਨੇ ਕਿਹਾ ਕਿ ਸਰਪੰਚਾਂ ਪੰਚਾਂ ਦਾ ਸਮਾਜ ਉਸਾਰੀ ਤੇ ਵਿਕਾਸ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਇਸ ਲਈ ਇਹਨਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। ਇਸ ਸਮੇਂ ਯੂਨੀਅਨ ਦੇ ਸੂਬਾ ਪਰਧਾਨ ਸ ਗੁਰਮੇਲ ਸਿੰਘ ਨੇ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਮੈਂ ਸਰਪੰਚਾਂ ਪੰਚਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਕੋਈ ਕਸਰ ਨਹੀਂ ਛੱਡਾਂਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ ਗੁਰਦੀਪ ਸਿੰਘ ਸ ਜਸਪਾਲ ਸਿੰਘ ਜਿਲ੍ਹਾ ਪਰਧਾਨ ਸ ਕਰਨੈਲ ਸਿੰਘ ਸ ਜਸਪਾਲ ਸਿੰਘ ਪਰੈਸ ਸਕੱਤਰ ਸ ਸੁਖਵੀਰ ਸਿੰਘ ਸ ਜਸਵੀਰ ਸਿੰਘ ਸ ਨਾਹਰ ਸਿੰਘ ਬੀਬੀ ਜਸਵਿੰਦਰ ਕੌਰ ਜਿਲਾ ਵਾਇਸ ਪਰਧਾਨ ਸ ਲਖਵੀਰ ਸਿੰਘ ਸੂਬਾ ਕਮੇਟੀ ਮੈਂਬਰ ਸ ਗੁਰਸੇਵਕ ਸਿੰਘ ਮੰਦਰ ਸ ਲਖਵਿੰਦਰ ਸਿੰਘ ਕੋਟ ਈਸੇ ਖਾਂ ਸ ਕਰਮਜੀਤ ਸਿੰਘ ਸਰਪੰਚ ਤੇ ਸ ਗੁਰਮੇਲ ਸਿੰਘ ਸਰਪੰਚ ਧਰਮਕੋਟ ਤੇ ਸ ਗੁਰਮੇਲ ਸਿੰਘ ਪੰਜਾਬ ਪਰਧਾਨ ਹਾਜਰ ਹੋਏ।

 ਦਰਸ਼ਨ ਸਿੰਘ ਕੈਨੇਡੀਅਨ ਨੇ ਕਿਸਾਨੀ ਸੰਘਰਸ਼ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਢੁੱਡੀਕੇ ਨੂੰ 50000 ਰੁਪਏ ਦੀ ਸਹਾਇਤਾ ਭੇਜੀ

ਅਜੀਤਵਾਲ (ਬਲਵੀਰ ਸਿੰਘ ਬਾਠ) ਇਤਿਹਾਸਕ ਪਿੰਡ ਢੁੱਡੀਕੇ ਦੇ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿੱਚ ਰਹਿੰਦੇ ਦਰਸ਼ਨ ਸਿੰਘ ਦਰਸ਼ੀ ਸਪੁੱਤਰ ਸਵ ਸੰਧੂਰਾ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਤੇ ਅਹੁਦੇਦਾਰਾਂ ਨੂੰ ਆਪਣੇ ਚਾਚਾ ਜੀ ਉਜਾਗਰ ਸਿੰਘ ਰਾਹੀਂ 50000 ਰੁਪਏ ਕਿਸਾਨ ਸੰਘਰਸ਼ ਲਈ ਦਿੱਤੇ । ਇਸ ਮੌਕੇ ਮਾਸਟਰ ਗੁਰਚਰਨ ਸਿੰਘ ਢੁੱਡੀਕੇ ਨੇ ਦੱਸਿਆ ਕਿ ਬਾਈ ਦਰਸ਼ਨ ਸਿੰਘ ਨੇ ਪਿੱਛਲੇ ਸਾਲ ਸੰਘਰਸ਼ ਸ਼ੁਰੂ ਹੋਣ ਵੇਲੇ ਵੀ 50000 ਰੁਪਏ ਦੀ ਸਹਾਇਤਾ ਕੀਤੀ ਸੀ, ਦਰਸ਼ਨ ਸਿੰਘ ਹਾਕੀ ਦੇ ਬਹੁਤ ਖਿਡਾਰੀ ਰਹੇ ਹਨ,ਬਹੁਤ ਨੇਕ ਇਨਸਾਨ ਹਨ,। ਪਰਧਾਨ ਗੁਰਸ਼ਰਨ ਸਿੰਘ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ  ਕੀਤਾ ।ਇਸ ਮੌਕੇ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ, ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ, ਗੁਰਮੀਤ ਪੰਨੂ, ਬਲਰਾਜ ਬੱਲੂ, ਸਤਨਾਮ ਬਾਬਾ, ਰਸ਼ਵਿੰਦਰ ਸਿੰਘ ਬਿੱਟੂ, ਦਲਜੀਤ ਸਿੰਘ,  ਜੋਗਿੰਦਰ ਸਿੰਘ, ਜਗਰੂਪ ਸਿੰਘ, ਗੁਰਮੇਲ ਸਿੰਘ ਪੰਚ, ਭਜਨ ਸਿੰਘ ਹਾਜਰ ਸਨ।

ਸੋਨੂੰ ਸੂਦ ਨੇ ਕਿਹਾ ਕਿ ਵਾਅਦਿਆਂ ਨੂੰ ਪੂਰੇ ਕਰਨ ਦੀ ਵੀ ਹੋਣੀ ਚਾਹੀਦੀ ਹੈ ਸਮਾਂ-ਸੀਮਾ

ਚੰਡੀਗੜ੍ਹ, 6 ਨਵੰਬਰ, (ਇਕਬਾਲ ਸਿੰਘ ਰਸੂਲਪੁਰ ) ਫਿਲਮ ਆਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਹੁਣ ਸਾਰੇ ਸਿਆਸਤਦਾਨ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਦੇ ਨਾਲ ਇਕ ਐਗਰੀਮੈਂਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਸਬੰਧੀ ਸਮਾਂ ਵੱਧ ਵਾਅਦਾ ਕੀਤਾ ਜਾਣਾ ਚਾਹੀਦਾ ਕਿ ਕਿੰਨੇ ਸਮੇਂ ਤੱਕ ਕਿਹੜਾ ਵਾਅਦਾ ਪੂਰਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਅਸਤੀਫਾ ਵੀ ਦਿੱਤਾ ਜਾਣਾ ਚਾਹੀਦਾ, ਜੇਕਰ ਮੈਂ ਦਿੱਤੇ ਸਮੇਂ ਵਿੱਚ ਕੰਮ ਨਾ ਕਰ ਸਕਿਆ ਤਾਂ ਮੈਂ ਇਸ ਲਾਇਕ ਨਹੀਂ ਮੈਂ ਇਸ ਨੂੰ ਛੱਡਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਬਹਿਤਰ ਕੋਈ ਨਹੀਂ ਜਾਣਦਾ ਕਿ ਕੀ ਕੀ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਉਹ ਲੀਡਰ ਚਾਹੀਦਾ ਜਿਸ ਨੂੰ ਕੁਰਸੀ ਦੀ ਭੁੱਖ ਨਾ ਹੋਵੇ, ਸੇਵਾ ਦੀ ਭੁੱਖ ਵਾਲੇ ਲੀਡਰ ਚਾਹੀਦੇ ਹਨ।

ਗਿਆਨ ਦੇ ਦੀਵੇ ਬਾਲੀਏ ✍️ ਸਲੇਮਪੁਰੀ ਦੀ ਚੂੰਢੀ

 ਅਸੀਂ ਸਦੀਆਂ ਤੋਂ ਤੇਲ ਦੇ ਦੀਵੇ ਬਾਲ ਕੇ ਬਨੇਰਿਆਂ ਉਪਰ ਰੱਖਦੇ ਆ ਰਹੇ ਹਾਂ, ਪਰ ਸਾਡੇ ਦਿਲਾਂ ਵਿਚੋਂ ਹਨੇਰਾ ਦੂਰ ਨਹੀਂ ਹੋਇਆ।ਕੁਦਰਤ ਦਾ ਇਕ ਬਹੁਤ ਵੱਡਾ ਨਿਯਮ ਹੈ ਕਿ, ਦਿਨ ਤੋਂ ਬਾਅਦ ਰਾਤ ਆਉਣੀ ਹੈ ਅਤੇ ਰਾਤ ਤੋਂ ਬਾਅਦ ਦਿਨ ਆਉਣਾ ਹੈ। ਸੂਰਜ ਸੰਸਾਰ ਦਾ ਸਭ ਤੋਂ ਵੱਡਾ ਦੀਵਾ ਹੈ, ਜਿਹੜਾ ਬਿਨਾਂ ਕਿਸੇ ਭੇਦਭਾਵ ਤੋਂ ਜਿਥੇ ਮਹੱਲਾਂ ਵਿਚ ਚਾਨਣ ਵੰਡਦਾ ਹੈ, ਉਥੇ ਝੁੱਗੀਆਂ ਵਿਚ ਵੀ ਚਾਨਣ ਦੀਆਂ ਰਿਸ਼ਮਾਂ ਖਿਲਾਰਦਾ ਹੈ, ਕੁਦਰਤ ਭਲੀ ਭਾਂਤ ਜਾਣਦੀ ਹੈ ਕਿ ਝੁੱਗੀਆਂ ਅਤੇ ਮਹੱਲ ਸ਼ਰਾਰਤੀ ਲੋਕਾਂ ਵਲੋਂ ਕੀਤੀ ਗਈ ਕਾਣੀ ਵੰਡ ਦਾ ਸਿੱਟਾ ਹੈ। ਸਾਡੇ ਦੇਸ਼ ਦੇ  ਬਹੁ-ਗਿਣਤੀ ਲੋਕਾਂ ਵਿਚ ਗਿਆਨ ਦੀ ਘਾਟ ਹੋਣ ਕਰਕੇ ਅਮੀਰ - ਗਰੀਬ ਵਿਚਾਲੇ ਦਿਨ-ਬ-ਦਿਨ ਆਰਥਿਕ ਅਤੇ ਸਮਾਜਿਕ ਬਰਾਬਰੀ ਦਾ ਪਾੜਾ ਵੱਧਦਾ ਜਾ ਰਿਹਾ ਹੈ। ਸਮੇਂ ਸਮੇਂ 'ਤੇ ਕੇਂਦਰ ਅਤੇ  ਸੂਬਿਆਂ ਵਿਚ ਬਣੀਆਂ ਸਰਕਾਰਾਂ ਨੇ ਸਿੱਖਿਆ ਪ੍ਰਣਾਲੀ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਅਬਾਦੀ ਦੇ ਵੱਡੇ ਹਿੱਸੇ ਨੂੰ ਉਸਾਰੂ ਅਤੇ ਰਾਹ ਦਿਸੇਰਾ ਸਿੱਖਿਆ ਤੋਂ ਵੰਚਿਤ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਵੱਡੀ ਅਬਾਦੀ ਦੇ ਲੋਕ ਆਪਣੀ ਗਰੀਬੀ ਅਤੇ ਮੰਦਹਾਲੀ ਨੂੰ ਭਾਰਤੀ ਸਿਸਟਮ ਦੀ ਦੇਣ ਮੰਨਣ ਦੀ ਬਜਾਏ 'ਰੱਬ ਦੀ ਦੇਣ' ਮੰਨਕੇ ਪਸ਼ੂਆਂ ਵਰਗੀ ਜਿੰਦਗੀ ਕੱਟਣ ਕਰਨ ਲਈ ਮਜਬੂਰ ਹੋ ਰਹੇ ਹਨ। ਸਾਡੀ ਸਿੱਖਿਆ ਪ੍ਰਣਾਲੀ ਪਹਿਲੀ ਗੱਲ ਤਾਂ ਵੱਡੀ ਅਬਾਦੀ ਦੇ ਲੋਕਾਂ ਦੀ ਪਹੁੰਚ ਤੋਂ ਦੂਰ ਰਹੀ ਹੈ ਅਤੇ ਜਿਹੜੇ ਪੜ੍ਹੇ ਹਨ, ਉਨ੍ਹਾਂ ਵਿਚੋਂ ਬਹੁਤਿਆਂ ਨੂੰ  ਰੁਜ਼ਗਾਰ ਦੇ ਯੋਗ ਬਣਾਉਣ ਵਿਚ ਸਫਲ ਨਹੀਂ ਹੋ ਸਕੀ, ਸਗੋਂ ਲੋਕਾਂ ਨੂੰ ਅੰਧ-ਵਿਸ਼ਵਾਸਾਂ ਅਤੇ ਵਹਿਮਾਂ-ਭਰਮਾਂ ਦੀ ਚੁੰਗਲ ਵਿਚ ਫਸਾ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦੇ ਦਿਲਾਂ ਦੇ ਵਿੱਚ ਵਿਗਿਆਨਕ ਸੋਚ ਰੱਖਣ ਵਾਲਾ ਗਿਆਨ ਦਾ ਦੀਵਾ ਬਲਣ ਨਹੀਂ ਦਿੱਤਾ, ਇਸੇ ਕਰਕੇ ਉਹ ਆਪਣੀ ਗਰੀਬੀ ਅਤੇ ਗਰੀਬੀ ਕਾਰਨ ਪੈਦਾ ਹੋਣ ਵਾਲੀਆਂ ਸਰੀਰਕ ਅਤੇ ਮਾਨਸਿਕ ਬੀਮਾਰੀਆਂ, ਆਪਣੀ ਅਤੇ ਆਪਣੇ ਬੱਚਿਆਂ ਦੀ  ਨਰਕ ਬਣ ਰਹੀ ਜਿੰਦਗੀ ਨੂੰ ਹਮੇਸ਼ਾ ਕੋਸਦੇ ਰਹਿੰਦੇ ਹਨ । ਵੱਡੀ ਅਬਾਦੀ ਦੇ ਦਿਮਾਗਾਂ ਵਿਚ ਭਰ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਕਿਸਮਤ ਵਿਚ ਜੋ ਲਿਖਿਆ ਹੈ, ਉਹ ਭੋਗ ਰਹੇ ਹਨ, ਉਨ੍ਹਾਂ ਨੂੰ ਪਿਛਲੇ ਜਨਮ ਵਿਚ ਕੀਤੇ ਮਾੜੇ ਕਰਮਾਂ ਦਾ ਫਲ ਮਿਲਿਆ ਹੈ। ਵੱਡੀ ਅਬਾਦੀ ਜੋ ਸੁਣਦੀ, ਜੋ ਪੜ੍ਹਦੀ ਹੈ, ਨੂੰ ਸੱਚ ਮੰਨ ਕੇ ਬੈਠ ਜਾਂਦੀ ਹੈ ਅਤੇ ਫਿਰ ਉਹ ਆਪਣੇ ਆਪ ਨੂੰ ਸਮੱਸਿਆਵਾਂ ਅਤੇ ਗਰੀਬੀ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ 'ਰੱਬ ਦੇ ਏਜੰਟਾਂ' ਦਾ ਸਹਾਰਾ ਭਾਲਣਾ ਸ਼ੁਰੂ ਦਿੰਦੀ ਹੈ। ਰੱਬ ਦੇ ਏਜੰਟ  ਉਸ ਨੂੰ  ਤਰ੍ਹਾਂ ਤਰ੍ਹਾਂ ਦੇ ਉਪਾਅ ਦੱਸ ਕੇ ਅੰਧ-ਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਵਿਚ ਫਸਾ ਕੇ ਆਰਥਿਕ ਤੌਰ 'ਤੇ ਲੁੱਟਣਾ ਸ਼ੁਰੂ ਕਰ ਦਿੰਦੇ ਹਨ। ਵੱਡੀ ਅਬਾਦੀ ਦੇ ਲੋਕ ਆਪਣੀ ਕਿਸਮਤ ਬਦਲਾਉਣ ਲਈ ਆਪਣੇ ਦਿਮਾਗ ਦੇ ਅੰਦਰ ਸੂਝ-ਬੂਝ ਦਾ ਦੀਵਾ ਬਾਲਣ ਦੀ ਥਾਂ ਥਾਂ ਜਾ ਕੇ ਦੀਵੇ ਬਾਲਣੇ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਰੁੱਸੇ ਹੋਏ ਪੂਰਵਜ ਖੁਸ਼ ਹੋ ਸਕਣ। ਉਹ ਭੁੱਲ ਜਾਂਦੇ ਹਨ, ਕਿ ਉਹਨਾਂ ਦੇ ਸਿਰਾਂ ਨੂੰ ਲਗਾਉਣ ਲਈ ਤਾਂ ਤੇਲ ਦੀ ਬੂੰਦ ਨਸੀਬ ਨਹੀਂ ਹੁੰਦੀ ਤੇ ਉਹ ਮਹਿੰਗੇ ਭਾਅ ਦਾ ਲਿਆਂਦਾ ਹੋਇਆ ਤੇਲ ਦੀਵਿਆਂ ਵਿਚ ਪਾ ਕੇ ਬਾਲਣ ਨੂੰ ਸ਼ੁੱਭ ਕਾਰਜ ਮੰਨਦੇ ਹਨ। ਅਸੀਂ ਆਪਣੇ ਦਿਲਾਂ ਅਤੇ ਦਿਮਾਗਾਂ ਅੰਦਰ  ਜਾਤ-ਪਾਤ ਅਤੇ ਧਰਮ ਦੇ ਨਾਂ ਹੇਠ ਦਿਨ-ਬ-ਦਿਨ ਡੂੰਘੇ ਹੋ ਰਹੇ ਵਖਰੇਵਾਂ ਨੂੰ ਖਤਮ ਕਰਨ ਲਈ ਭਾਈਚਾਰਿਕ ਸਾਂਝ ਅਤੇ ਪਿਆਰ ਦੇ ਦੀਵੇ ਬਾਲਣ ਤੋਂ ਸੁਚੇਤ ਨਹੀਂ ਹਾਂ, ਜਦ ਕਿ ਇਸ ਵੇਲੇ ਇਸ ਦੀ ਬਹੁਤ ਜਰੂਰਤ ਹੈ। ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ, ਬੇਈਮਾਨੀ, ਠੱਗੀਆਂ, ਹੇਰਾਫੇਰੀਆਂ, ਭਾਈ-ਭਤੀਜਾਵਾਦ ਦੇ ਛਾਏ ਕਾਲੇ ਹਨੇਰਿਆਂ ਨੂੰ ਖਤਮ ਕਰਨ ਲਈ ਆਪਣੇ ਅੰਦਰ ਸੂਝਬੂਝ ਦੇ ਦੀਵੇ ਬਾਲਣੇ ਚਾਹੀਦੇ ਹਨ।
ਆਓ! ਸਿੱਖਿਆ ਨੂੰ ਅੰਧ-ਵਿਸ਼ਵਾਸਾਂ ਅਤੇ ਵਹਿਮਾਂ- ਭਰਮਾਂ  ਦੇ ਛਾਏ ਘੋਰ ਹਨੇਰਿਆਂ ਤੋਂ ਮੁਕਤ ਕਰਨ ਲਈ ਸਿੱਖਿਆ ਢਾਂਚੇ ਅੰਦਰ ਵਿਗਿਆਨਕ ਸੋਚ ਪੈਦਾ ਕਰਨ ਵਾਲਾ ਦੀਵਾ ਬਾਲੀਏ। ਅੱਜ ਲੋੜ ਹੈ ਕਿ ਸਿੱਖਿਆ ਸਾਡੇ ਅੰਦਰ ਅਜਿਹਾ ਗਿਆਨ ਦਾ ਦੀਵਾ ਬਾਲ ਕੇ ਰੱਖੇ, ਜਿਹੜਾ ਸਾਨੂੰ 'ਬੰਦੇ ਦਾ ਪੁੱਤ' ਬਣਾਕੇ ਪੈਰਾਂ 'ਤੇ ਖੜ੍ਹਨ ਦੇ ਕਾਬਲ ਬਣਾਵੇ ਅਤੇ ਅਸੀਂ ਦਾਲ-ਆਟਾ , ਬਿਜਲੀ ਦੇ ਬਿੱਲ, ਬੱਸਾਂ ਦੀਆਂ ਟਿਕਟਾਂ ਖੁਦ ਖ੍ਰੀਦ ਸਕੀਏ, ਸਾਨੂੰ ਆਪਣੀਆਂ ਮੰਗਾਂ ਲਈ ਹੜਤਾਲਾਂ ਨਾ ਕਰਨੀਆਂ ਪੈਣ, ਰੁਜ਼ਗਾਰ ਲਈ ਸੜਕਾਂ ਨਾ ਮੱਲਣੀਆਂ ਪੈਣ। ਧਰਮ ਅਤੇ ਜਾਤ-ਪਾਤ ਦੇ ਨਾਂ ' ਤੇ ਸ਼ਰਾਰਤੀ ਲੋਕਾਂ ਵਲੋਂ ਕਰਵਾਏ ਜਾ ਰਹੇ ਦੰਗਿਆਂ - ਫਸਾਦਾਂ ਤੋਂ ਮੁਕਤੀ ਪਾ ਲਈਏ, ਕਾਨੂੰਨ ਤੋਂ ਇਨਸਾਫ ਲੈਣ ਲਈ ਕਿਸੇ ਨੂੰ ਬਾਗੀ ਨਾ ਬਣਨਾ ਪਵੇ, ਕਿਸੇ ਮਾਪੇ ਦੀ ਔਲਾਦ ਨਸ਼ਿਆਂ ਵਲ ਨਾ ਜਾਵੇ , ਕੋਈ ਖੁਦਕੁਸ਼ੀ ਨਾ ਕਰੇ, ਕਿਸੇ ਨੂੰ ਜਿੰਦਗੀ ਕੱਟਣ ਲਈ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ, ਲੋਕਾਂ ਨੂੰ ਪਾਈਪਾਂ ਵਿਚ ਅਤੇ ਪੁੱਲਾਂ ਥੱਲੇ ਨਾ ਰਹਿਣਾ ਪਵੇ।ਆਉ ਆਪਣੇ ਅੰਦਰ ਗਿਆਨ ਦੇ ਦੀਵੇ ਬਾਲੀਏ ਜਿਸ ਨਾਲ ਅਸੀਂ
ਸਿਆਸਤਦਾਨਾਂ ਦੇ ਲੱਛੇਦਾਰ ਭਾਸ਼ਣਾਂ ਤੇ ਲੂੰਬੜ ਚਾਲਾਂ ਅਤੇ ਬਾਬਿਆਂ ਦੀਆਂ ਮਨਘੜਤ ਕਹਾਣੀਆਂ ਦੇ ਸੱਚ-ਝੂਠ ਦੀ ਪਛਾਣ ਕਰ ਸਕੀਏ!ਸਾਨੂੰ ਆਪਣੇ ਦਿਲਾਂ ਵਿਚ ਅਜਿਹੇ ਗਿਆਨ ਅਤੇ ਸੂਝ ਬੂਝ ਦੇ ਦੀਵੇ ਬਾਲਣ ਦੀ ਲੋੜ ਹੈ, ਜਿਹੜਾ ਸਾਡੇ ਦਿਮਾਗ ਨੂੰ ਰੁਸ਼ਨਾਉੰਦਾ ਹੋਇਆ ਦੱਸੇ ਕਿ, ਜੇਕਰ ਪਾਕਿਸਤਾਨ ਦੀ ਕ੍ਰਿਕਟ ਦੀ ਟੀਮ ਜਿੱਤ ਗਈ ਤਾਂ ਇਸ ਪਿੱਛੇ  ਭਾਰਤ ਦਾ ਕਿਰਕਿਰਾ  ਹੋ ਚੁੱਕਿਆ ਸਿਸਟਮ ਹੈ। ਅੱਜ ਸਾਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਜੇ ਭਾਰਤ ਦੀ ਹਾਕੀ ਟੀਮ ਉਲੰਪਿਕ ਵਿੱਚੋਂ ਹਾਰ ਗਈ ਤਾਂ ਹਾਕੀ ਖਿਡਾਰਨ ਵੰਦਨਾ ਕਟਾਰੀਆ ਦੇ ਘਰ ਅੱਗੇ ਨੰਗੇ ਹੋ ਕੇ ਖਰੂਦ ਨਹੀਂ ਪਾਈਦਾ।

ਸੁਖਦੇਵ ਸਲੇਮਪੁਰੀ
09780620233
6 ਨਵੰਬਰ, 2021.

ਜਾ ਕੰਮ ਕਰ ਜਾ ਕੇ ✍️ ਰਮੇਸ਼ ਕੁਮਾਰ ਜਾਨੂੰ

ਸਾਨੂੰ ਅੱਖਾਂ ਕੱਢਦਾ ਏਂ
    ਸਾਡਾ ਲੂਣ ਖਾ ਕੇ
        ਜਾ ਕੰਮ ਕਰ ਜਾ ਕੇ
ਸਾਬ ਨਾ ਕੋਈ ਬਣ ਜਾਂਦਾ
    ਨਵਾਂ ਸੂਟ ਪਾ ਕੇ
        ਜਾ ਕੰਮ ਕਰ ਜਾ ਕੇ

ਧਰਤੀ ਨੂੰ ਛੱਡ ਅਸਮਾਨਾਂ ਬਾਰੇ ਸੋਚਦੈਂ
ਦਿਮਾਗ ਦਿਆ ਕੋਜਿਆ ਗਿਆਨਾਂ ਬਾਰੇ ਸੋਚਦੈਂ
    ਸੂਰਜ ਮੈਥੋਂ ਮੰਗਦਾ ਏਂ
        ਦੀਵੇ ਤੋਂ ਵਟਾ ਕੇ
            ਜਾ ਕੰਮ ਕਰ ਜਾ ਕੇ

ਢੀਠ ਬਣ ਲਾਹਨਤਾਂ ਨੂੰ ਦੱਸ ਕਿਵੇਂ ਜਰਦੈਂ
ਆਪਣੀ ਤਾਰੀਫ਼ ਕਿਹੜੇ ਮੂੰਹ ਨਾਲ ਕਰਦੈਂ
    ਬੜੀ ਛੇਤੀ ਆ ਗਿਆ ਏਂ
        ਗਾਲਾਂ ਗੂਲਾਂ ਖਾ ਕੇ
            ਜਾ ਕੰਮ ਕਰ ਜਾ ਕੇ

ਜਗੀਰਾਂ ਸਭ ਦੇਸ਼ ਦੀਆਂ ਜੂਏ ਵਾਂਗੂ ਹਾਰੀਆਂ
ਠਹਿਰ ਜਾ ਇਥੇ ਜਰਾ ਵੱਢਿਆ ਜਵਾਰੀਆ
    ਇਕੱਲਾ ਬੈਠਾ ਬੋਲੀ ਜਾਵੇਂ
        ਟੀ ਵੀ ਉੱਤੇ ਆ ਕੇ
            ਜਾ ਕੰਮ ਕਰ ਜਾ ਕੇ

ਰਮੇਸ਼ ਜਾਨੂੰ ਸੋਚੀ ਜਾਵੇ ਇਹੋ ਬੜੇ ਚਿਰ ਦਾ
ਪਤਾ ਹੀ ਨਾ ਲੱਗੇ ਸਾਨੂੰ ਇਹਦੇ ਮੂੰਹ ਸਿਰ ਦਾ
    ਡਿੱਗ ਹੀ ਨਾ ਜਾਏ ਦਾੜੀ
        ਪੈਰਾਂ 'ਚ' ਫਸਾ ਕੇ
            ਜਾ ਕੰਮ ਕਰ ਜਾ ਕੇ

 

 

 
                       ਲੇਖਕ-ਰਮੇਸ਼ ਕੁਮਾਰ ਜਾਨੂੰ
                     ਫੋਨ ਨੰ:-98153-20080

ਟਿਕਰੀ ਬਾਰਡਰ ਤੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੋਗੇ ਰੇਲਵੇ ਸਟੇਸ਼ਨ ਤੋਂ ਵੱਡੀ ਗਿਣਤੀ ਵਿੱਚ ਬੀਬੀਆਂ ਦਾ ਜਥਾ ਰਵਾਨਾ

ਜਗਰਾਉਂ 6 ਨਵੰਬਰ (ਜਸਮੇਲ ਗ਼ਾਲਿਬ)ਅੱਜ ਮੋਗੇ ਰੇਲਵੇ ਸਟੇਸ਼ਨ ਤੋਂ ਟਿਕਰੀ ਬਾਰਡਰ ਤੇ ਸ਼ਰਧਾਂਜਲੀ ਸਮਾਗਮ ਚ ਸ਼ਾਮਲ ਹੋਣ ਲਈ ਮੋਗੇ ਰੇਲਵੇ ਸਟੇਸ਼ਨ ਤੋਂ ਬੀਬੀਆਂ ਦਾ ਵੱਡੀ ਗਿਣਤੀ ਵਿੱਚ ਜਥਾ ਬਲਾਕ ਪ੍ਰਧਾਨ ਧਰਮਕੋਟ  ਗੁਰਦੇਵ ਸਿੰਘ  ਦੀ ਅਗਵਾਈ ਵਿੱਚ ਰਵਾਨਾ ਹੋਇਆ।ਇਸ ਸਮੇਂ ਬਲਾਕ ਪ੍ਰਧਾਨ ਨੇ ਕਿਹਾ ਹੈ ਕਿ ਜਿੰਨਾ ਚਿਰ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਕਰਵਾਉਂਦੇ ਉਨ੍ਹਾਂ ਚਿਰ ਦਿੱਲੀ ਨੂੰ ਜਥੇ ਰਵਾਨਾ ਹੁੰਦੇ ਰਹਿਣਗੇ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਬੀਬੀਆਂ ਦੇ ਵੱਡੀ ਗਿਣਤੀ ਵਿਚ ਜਿੱਥੇ ਟਿਕਰੀ ਬਾਰਡਰ ਭੇਜੇ ਜਾਣਗੇ ।ਉਨ੍ਹਾਂ ਕਿਹਾ ਹੈ ਕਿ 600 ਤੋਂ ਉੱਪਰ ਕਿਸਾਨ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ ਇਸ  ਕਿਸਾਨੀ ਸੰਘਰਸ਼  ਵਿਚ ਵੱਡੀ ਗਿਣਤੀ ਵਿੱਚ ਮਾਵਾਂ ਭੈਣਾਂ ਸ਼ਾਮਲ ਹੁੰਦੀਆਂ ਹਨ ।ਇਸ ਸਮੇਂ ਪ੍ਰਧਾਨ ਗੁਰਦੇਵ ਸਿੰਘ ਨੇ ਕਿਹਾ ਹੈ ਕਿ ਜਿਨ੍ਹਾਂ ਚਿਰ ਖੇਤੀ ਦੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਓਨਾ ਚਿਰ ਅਸੀਂ ਉਹ ਦਿੱਲੀ ਤੋਂ ਵਾਪਸ ਨਹੀਂ ਆਵਾਂਗੇ।ਇਸ ਸਮੇਂ ਚ ਟਿਕਰੀ ਬਾਰਡਰ ਰਵਾਨਾ ਹੋਣ ਲਈ ਔਰਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

ਮੈਡੀਕਲ ਪ੍ਰੈਕਟੀਸ਼ਨਰਜ਼ ਦੀਵਾਲੀ ਅਤੇ ਬੰਦੀ ਛੋੜ ਦਿਵਸ ਤੇ ਆਪੋ ਆਪਣੇ ਘਰਾਂ ਤੇ ਲਹਿਰਾਉਣਗੇ "ਡਾਕਟਰ ਕਿਸਾਨ ਮਜ਼ਦੂਰ ਏਕਤਾ" ਦੇ ਝੰਡੇ-ਡਾ ਬਾਲੀ,ਡਾ ਕਾਲਖ 

ਮਹਿਲ ਕਲਾਂ/ ਬਰਨਾਲਾ- ਨਵੰਬਰ-  (ਗੁਰਸੇਵਕ ਸਿੰਘ ਸੋਹੀ)-  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਇਸ ਦੀਵਾਲੀ ਅਤੇ ਬੰਦੀ ਛੋੜ ਦਿਵਸ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ,ਪੂਰੇ ਪੰਜਾਬ ਦੇ ਮੈਡੀਕਲ ਪੈ੍ਟੀਸ਼ਨਰਜ ਆਪੋ ਆਪਣੇ ਘਰਾਂ  ਤੇ ਕਿਸਾਨੀ ਝੰਡੇ ਲਹਿਰਾਉਣਗੇ ।ਦੀਵਾਲੀ ਅਤੇ ਬੰਦੀ ਛੋੜ ਦਿਵਸ , ਸਿੱਖੀ ਇਤਿਹਾਸ ਵਿੱਚ ਬਹੁਤ ਮਾਣਮੱਤਾ ਸਥਾਨ ਰੱਖਦਾ ਹੈ । ਡਾ ਬਾਲੀ ਨੇ ਕਿਹਾ ਕਿ ਸਿੱਖੀ ਇਤਿਹਾਸ ਦੇ ਪੂਰਨਿਆਂ  ਤੇ ਚਲਦੇ ਹੋਏ ਮਨੁੱਖਤਾ ਲਈ ਸੰਘਰਸ਼ੀ ਜੀਵਨ ਅਖ਼ਤਿਆਰ ਕਰਨ ਦੀ ਬਹੁਤ ਜ਼ਰੂਰਤ ਹੈ। । ਡਾ ਬਾਲੀ ਨੇ ਕਿਹਾ ਕਿ ਸਿੱਖ ਇਤਹਾਸ ਬਹੁਤ ਹੀ ਤਰਕਵਾਦੀ ਜੀਵਨ ਦੀ ਸਿੱਖਿਆ ਦਿੰਦਾ ਹੈ । ਅੱਜ ਦੇ ਯੁੱਗ ਵਿੱਚ ਤਰਕਵਾਦ ਦੀ ਬਹੁਤ ਮਹੱਤਤਾ ਹੈ। ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਹਰ ਮਨੁੱਖ ਨੂੰ ਆਪਣੀਆਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸੰਘਰਸ਼ ਕਰਨਾ ਜ਼ਰੂਰੀ ਹੈ। ਖਾਸ ਕਰ ਕੇ ਅੱਜ ਦੇ ਸਮੇਂ ਵਿੱਚ ਜਦੋਂ ਹਰ ਰੋਜ ਹਰ ਕਿਸਮ ਦੇ ਜ਼ਾਲਮਾਂ ਵੱਲੋਂ ਜ਼ੁਲਮ ਕੀਤੇ ਜਾ ਰਹੇ ਹਨ । ਉਨ੍ਹਾਂ ਨੇ ਨਿੱਤ ਵਧਦੀ ਮਹਿੰਗਾਈ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ  ਗ਼ਰੀਬ ਆਦਮੀ ਦਾ ਜਿਉਣਾ ਦੁੱਭਰ ਹੋ ਚੁੱਕਿਆ   ਹੈ ,ਕਿਉਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਨਿੱਤ ਦੀਆਂ ਕੀਮਤਾਂ ਨੇ ਹਰ ਇਕ ਚੀਜ਼ ਦਾ ਭਾਅ ਅਸਮਾਨੀ ਚੜ੍ਹਾ ਦਿੱਤਾ ਹੈ।
ਅਖੀਰ ਵਿਚ ਉਨ੍ਹਾਂ ਨੇ ਕਿਹਾ ਕਿ ਆਓ ਸਾਰੇ ਧਰਮਾਂ ਦੇ ਅਤੇ ਸਾਰੇ ਵਰਗਾਂ ਦੇ ਲੋਕੋ! ਮਿਲ ਕੇ ਇਸ ਨਿੱਤ ਦੀ  ਵਧ ਰਹੀ ਮਹਿੰਗਾਈ ਦੇ ਕਾਲੇ ਦੌਰ ਨੂੰ ਖ਼ਤਮ ਕਰੀਏ ਅਤੇ ਪ੍ਰਣ ਕਰੀਏ ਕਿ ਝੂਠੇ ਅਤੇ ਚਾਪਲੂਸ ਰਾਜਸੀ ਨੇਤਾਵਾਂ ਦਾ ਬਾਈਕਾਟ ਕਰੀਏ ।

ਸਕਾਊਟ ਬੱਚਿਆਂ ਨੇ ਆਪਣੇ ਅਧਿਆਪਕਾਂ ਨੂੰ ਪੌਦੇ ਵੰਡ ਕੇ ਮਨਾਈ  ਗਰੀਨ ਦਿਵਾਲੀ

ਸਕੂਲ ਪ੍ਰਾਂਗਣ ਵਿੱਚ ਪੌਦੇ ਵੀ ਲਗਾਏ 

ਮਹਿਲ ਕਲਾਂ/ ਬਰਨਾਲਾ- 3 ਨਵੰਬਰ-   (ਗੁਰਸੇਵਕ ਸਿੰਘ ਸੋਹੀ)-  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਵਿਖੇ ਗਰੁੱਪ ਲੀਡਰ ਕਮ ਪ੍ਰਿੰਸੀਪਲ ਸ੍ਰੀ ਹਰੀਸ਼ ਬਾਂਸਲ ਦੀ ਦੇਖ-ਰੇਖ ਹੇਠ ਅਤੇ ਯੂਨਿਟ ਲੀਡਰ ਬਲਜਿੰਦਰ ਪ੍ਰਭੂ ਦੀ ਅਗਵਾਈ ਵਿੱਚ ਚੱਲ ਰਹੇ  ਅਜ਼ਾਦ ਸਕਾਊਟ ਯੂਨਿਟ ਦੇ ਸਕਾਊਟ ਬੱਚਿਆਂ ਨੇ ਗਰੀਨ ਦੀਵਾਲੀ ਸਬੰਧੀ ਤਖਤੀਆਂ ਲਗਾ ਕੇ ਕੱਢੀ ਸਾਈਕਲ ਰੈਲੀ। ਪਿੰਡ ਚੱਕ ਭਾਈ ਕਾ, ਗਾਗੇਵਾਲ ਅਤੇ ਸੱਦੋਵਾਲ ਪਿੰਡਾਂ ਵਿੱਚ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ। ਪੈਟਰੋਲ ਲੀਡਰ ਗੁਰਵਿੰਦਰ ਸਿੰਘ, ਸਮਨਪ੍ਰੀਤ ਸਿੰਘ, ਸੁਖਜੀਤ ਸਿੰਘ ਅਤੇ ਹਰਦੇਵ ਸਿੰਘ ਦੀ ਅਗਵਾਈ ਵਿੱਚ ਕੱਢੀ ਗਈ ਸਾਈਕਲ ਰੈਲੀ। ਇਸ ਰੈਲੀ ਵਿੱਚ 26 ਸਕਾਊਟ ਬੱਚਿਆਂ ਨੇ ਭਾਗ ਲਿਆ। ਗਰੀਨ ਦੀਵਾਲੀ ਮਨਾਉਂਦੇ ਹੋਏ ਆਪਣੇ ਅਧਿਆਪਕਾਂ ਅਤੇ ਮਿੱਡ ਡੇ ਮੀਲ ਵਰਕਰਾਂ ਨੂੰ ਪੌਦਿਆਂ ਦੇ ਤੋਹਫ਼ੇ ਦਿੱਤੇ। ਸਕੂਲ ਪ੍ਰਾਂਗਣ ਵਿੱਚ ਪੌਦੇ ਵੀ ਲਗਾਏ ਗਏ। ਇਸ ਸਮੇਂ ਬਬਲਜੀਤ ਸਿੰਘ, ਹਰਜਿੰਦਰ ਸਿੰਘ, ਜਤਿੰਦਰ ਸਿੰਘ, ਸੰਦੀਪ ਕੁਮਾਰ, ਕਰਮਜੀਤ ਸਿੰਘ, ਫਰਾਂਸਿਸ, ਤਰਨਜੀਤ ਕੌਰ, ਸੰਦੀਪ ਕੌਰ, ਪਰਦੀਪ ਕੌਰ, ਮਨਿੰਦਰ ਕੌਰ ਆਦਿ ਹਾਜ਼ਰ ਸਨ।

ਗ਼ਰੀਬ ਦੀ ਜੂਨ ✍️ ਮਨਪ੍ਰੀਤ ਮੁਸਾਫ਼ਿਰ

ਬੰਦਾ ਜੋ ਦਿਨ ਰਾਤ ਏਹੀ ਸੋਚੇ ,ਪੈਸਾ ਕਿਵੇਂ ਕਮਾਵਾਂ?
ਆਪ ਕੀ ਖਾਵਾਂ ਤੇ ਕੀ ਔਲਾਦ ਦੇ ਮੂੰਹ ਵਿੱਚ ਪਾਵਾਂ?

ਕੰਮ ਕਰ ਕੇ ਮੁੜ੍ਹਕਾ ਉਹਦਾ ਗਿੱਟਿਆਂ ਤੱਕ ਚੋਂਦਾ ਏ।
ਇੱਧਰ ਮਾਲਿਕ ਟੱਪਦਾ ਏ , ਘਰੇ ਨਿਆਣਾ ਰੋਂਦਾ ਏ।

ਨੈਣਾਂ ਚ ਰਹੇ ਉਦਾਸੀ ਉਹਦੇ  ,ਚੈਨ ਵੀ ਨਾ ਆਉਂਦਾ।
ਕਿਧਰੇ ਨਾ ਚਿੱਤ ਲੱਗੇ ਨਾ ਸੱਥ ਵਿਚ ਬੈਠਣ ਭਾਉਂਦਾ।

ਜਿਧਰੇ ਕਿਧਰੇ ਕੰਮ ਮਿਲੇ,ਮਸਾਂ ਹੀ ਧੇਲਾ ਕਮਾਉਂਦਾ।
ਬੱਚੇ ਨੂੰ ਗੋਦੀ ਚੁੱਕ,ਪਤਾ ਨੀ ਮੇਲਾ ਕਿਵੇਂ ਦਿਖਾਉਂਦਾ?

ਵਿਹੜੇ ਚ ਡਾਹੀ ਮੰਜੀ ਉੱਤੇ ਨੀਂਦ ਕਦੇ ਆਉਂਦੀ ਨਾ।
ਸਾਕ ਨਾ ਸਬੰਧੀ ਤੇ ਤਾਈ ਚਾਚੀ ਵੀ ਬੁਲਾਉਂਦੀ ਨਾ।

ਬੱਚੀ ਨੇ ਅਵਾਜ਼ ਦਿੱਤੀ , ਪਾਪਾ! ਬੈਗ ਨਵਾਂ ਲੈ ਦਿਉ।
ਤੇ ਜਲਦ ਫੀਸ ਭਰ ਦੇਣੀ, ਮੈਡਮ ਜੀ ਨੂੰ ਕਹਿ ਦਿਉ।

ਜ਼ਿਹਨ ਵਿੱਚ ਸੋਚੇ ਗਰੀਬੜਾ!ਜਾਮਾ ਹੋਇਆ ਲੀਰ।
ਕੀ ਬਣੂੰਗਾ ਮੇਰੀ ਧੀ ਦਾ ਉਹਦੀ ਚੀਕਾਂ ਮਾਰੇ ਜ਼ਮੀਰ?

ਅੱਜ ਦੇ ਵੇਲੇ ਵਿੱਚ,ਗਰੀਬ ਦੀ ਹੈ ਜੂਨ ਬੜ੍ਹੀ ਮਾੜੀ।
ਕੁਝ ਵੀ ਪੱਲੇ ਨਾ ਪੈਂਦਾ, ਪੂਰੀ ਉਮਰ ਹੈ ਦੇਹੀ ਸਾੜੀ।

ਮੈਡਮ ਜੀ ਨੇ ਫੋਨ ਕੀਤਾ,ਪੇਪਰਾਂ ਦੀ ਫ਼ੀਸ ਭਰ ਦਿਉ।
ਇੱਕ ਮੈਂ ਫਾਰਮ ਦਿਆਂਗੀ, ਦਸਤਖ਼ਤ ਵੀ ਕਰ ਦਿਉ।

ਆਨਲਾਈਨ ਕਲਾਸਾਂ ਵੇਲੇ,ਪਾਪਾ! ਲੈ ਦੋ ਇੱਕ ਫ਼ੋਨ।
ਜੇ ਕਲਾਸ ਨਾ ਲਾਈ,ਮੈਡਮ ਨੇ ਲੱਗ ਜਾਣਾ ਸੁਣਾਉਣ।

ਟੱਚ ਫ਼ੋਨ ਲੈ ਕੇ ਵਿੱਚ ਨੈੱਟ ਪੈੱਕ ਮਹੀਨੇ ਦਾ ਪਵਾ ਦਿਉ।
ਪੇਪਰ ਹੋਣ ਵਾਲੇ ਸ਼ੁਰੂ ਨੇ, ਮੈਨੂੰ ਸ਼ੀਟਾਂ ਵੀ ਦਿਵਾ ਦਿਉ।

ਬਾਰਵੀਂ ਪਾਸ ਹੋ ਗਈ ਦਾਖਲਾ ਕਾਲਜ ਚ ਭਰਾ ਦਿਉ।
ਤੇ ਨਾਲ ਮੈਨੂੰ ਇੱਕ ਕੰਪਿਊਟਰ ਕੋਰਸ ਵੀ ਕਰਾ ਦਿਉ।

ਲਓ ਸਮਾਂ ਪਾ ਕੇ ਹੁਣ ਘਰਵਾਲੀ ਵੀ ਮੰਜੇ ਤੇ ਪੈ ਗਈ।
ਚਲਦੀ ਸੀ ਜੋ ਡਿਗਰੀ ਉਹ ਉੱਥੇ ਅਧੂਰੀ ਰਹਿ ਗਈ।

ਸਭ ਅੰਗ ਸਾਕ ਕਹਿਣ, ਹੁਣ ਕੁੜੀ ਨੂੰ ਵਿਆਹ ਦਿਉ।
ਲੈਣਾ ਕੀ ਪੜ੍ਹਾਈਆਂ ਤੋਂ,ਚਾਰ ਕ ਪੈਸੇ ਝੋਲੀ ਪਾ ਦਿਉ।

ਕਰਨਾ ਵਿਆਹ ਏ ਤਾਂ ,ਪੈਸਾ ਵੀ ਚੰਗਾ ਲਾਉਣਾ ਪਊ।
ਹੋਇਆ ਨਾ ਜੇ ਹੱਲ ਤਾਂ ਘਰ ਗਿਰਵੀ ਰਖਾਉਣਾ ਪਊ।

ਮੰਗ ਬੜ੍ਹੀ ਕੀਤੀ, ਸਾਹੁਰਿਆਂ ਨੇ ਮੂੰਹ ਬੜਾ ਅੱਡਿਆ।
ਜੜ੍ਹ ਚ ਪਾ ਕੇ ਦਾਤੀ,ਉਹਨਾ ਤਾਂ ਪੋਟਾ- ਪੋਟਾ ਵੱਡਿਆ।

ਧੀ ਟੁਰ ਗਈ ਸਹੁਰਿਆਂ ਨੂੰ ਤੇ ਕੱਲਾ ਹੋ ਬਹਿ ਗਿਆ।
ਮੰਜੇ ਤੇ ਪਈ ਪਤਨੀ ਤੇ ਟੁੱਟਾ ਘਰ ਪੱਲੇ ਰਹਿ ਗਿਆ।

ਰਾਤ ਨੂੰ ਪਿਆ ਸੋਚੇ,ਬੰਦਾ ਕਿਵੇਂ ਬੰਦੇ ਨੇ ਹੀ ਠੱਗਿਆ?
ਅੱਧੀ ਰਾਤ ਬੀਤੀ ਤੇ, ਦਿਲ ਚ ਦਰਦ ਹੋਣ ਲੱਗਿਆ।

ਉੱਠਿਆ ਤੇ ਕੋਲ ਘੜੇ ਚੋਂ ਪਾਣੀ ਦੀ ਘੁੱਟ ਭਰ ਲਈ।
ਫਿਰ ਲੋੜ੍ਹ ਪਊ, ਬੋਤਲ ਸਿਰਾਣੇ ਕੋਲ ਹੀ ਧਰਨ ਦੀ।

ਮਨਪ੍ਰੀਤ ਮੁਸਾਫ਼ਿਰ

ਐੱਸ ਸੀ ਵਿਦਿਆਰਥੀਆਂ ਦੀ ਫੀਸ ਤੇ ਲੱਗਣ ਵਾਲੇ ਜੁਰਮਾਨੇ ਨੂੰ ਲੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਗ ਪਤੱਰ

ਮਹਿਲ ਕਲਾਂ/ਬਰਨਾਲਾ- (ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਅਤੇ ਸੀ ਟੀ ਯੂ ਪੰਜਾਬ ਦੀ ਜ਼ਿਲ੍ਹਾ ਬਰਨਾਲਾ ਇਕਾਈਆਂ ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਭੋਲਾ ਸਿੰਘ ਕਲਾਲ ਮਾਜਰਾ ਅਤੇ ਸੀ ਟੀ ਯੂ ਦੀ ਸੂਬਾ ਜੁਆਇੰਟ ਸਕੱਤਰ ਕਾਮਰੇਡ ਪਰਮਜੀਤ ਕੌਰ ਕਮੇਟੀ ਦੀ ਅਗਵਾਈ ਹੇਠ ਜਥੇਬੰਦੀਆਂ ਦੇ ਇਕ ਵਫ਼ਦ ਵੱਲੋਂ ਬੀਤੇ ਦਿਨੀਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਰਾਹੀਂ 13 ਅਕਤੂਬਰ 2021 ਨੂੰ ਜਾਰੀ ਕੀਤੇ ਪੱਤਰ ਰਾਹੀਂ ਸਕੂਲਾਂ ਵਿੱਚ ਦਸਵੀਂ ਤੇ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੇ ਐਸ.ਸੀ ਵਿਦਿਆਰਥੀਆਂ ਦੀਆ ਭਰਾਈਆਂ ਜਾ ਰਹੀਆਂ ਫ਼ੀਸਾਂ ਤੇ ਲੱਗਣ ਵਾਲੇ ਜੁਰਮਾਨੇ ਨੂੰ ਲੈ ਕੇ ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਉੱਪਰ ਆਪਣਾ ਇੱਕ ਮੰਗ ਪੱਤਰ ਦਿੱਤਾ ਅਤੇ ਵਧਾਈਆਂ ਫੀਸਾਂ ਅਤੇ ਭਰਾਏ ਜਾ ਰਹੇ ਜੁਰਮਾਨੇ ਦੇ ਲਏ ਫੈਸਲੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ । 
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਅਤੇ ਸੀ ਟੀ ਯੂ ਪੰਜਾਬ ਦੀ ਸੂਬਾ ਜੁਆਇੰਟ ਸਕੱਤਰ ਕਾਮਰੇਡ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਸਰਕਾਰੀ ਸਕੂਲਾਂ ਚ ਪਡ਼੍ਹਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਸਕੂਲਾਂ ਵਿੱਚ ਐਸ ਸੀ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦਸਵੀਂ ਕਲਾਸ ਦੇ ਪ੍ਰਤੀ ਵਿਦਿਆਰਥੀਆਂ ਪਾਸੋਂ 29 ਅਕਤੂਬਰ 2021 ਤੱਕ 1300 ਰੁਪਏ ਅਤੇ ਬਾਰ੍ਹਵੀਂ ਕਲਾਸ ਦੇ ਪ੍ਰਤੀ ਵਿਦਿਆਰਥੀਆਂ ਪਾਸੋਂ 1700 ਰੁਪਏ ਫੀਸਾਂ 8 ਨਵੰਬਰ 2021 ਤੱਕ ਵਸੂਲਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਅਨੁਸਾਰ ਇਕ ਹਫ਼ਤਾ ਲੇਟ ਫ਼ੀਸ ਭਰਨ ਤੇ ਵਿਦਿਆਰਥੀ ਪਾਸੋ 500 ਰੁਪਏ ਦੋ ਹਫ਼ਤੇ ਲੇਟ ਫ਼ੀਸ ਭਰਨ ਤੇ 1000 ਰੁਪਏ ਤਿੰਨ ਹਫ਼ਤੇ ਲੇਟ ਫੀਸ ਭਰਨ ਤੇ 2000 ਰੁਪਏ  ਲੇਟ ਫੀਸ ਭਰਨ ਲਿਆ ਫ਼ੈਸਲਾ ਸਿੱਧੇ ਤੌਰ ਤੇ ਗ਼ਰੀਬ ਅਤੇ ਮਜ਼ਦੂਰ ਵਿਰੋਧੀ ਫ਼ੈਸਲੇ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਸਰਕਾਰ ਟੇਢੇ ਢੰਗ ਨਾਲ ਸਿੱਖਿਆ ਵਿਭਾਗ ਦਾ ਨਿੱਜੀਕਰਨ ਨੂੰ ਬੜਾਵਾ ਦੇਣ ਤੇ ਤੁਲੀ ਹੋਈ ਹੈ ।ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕਦੇ ਸਿੱਖਿਆ ਨੂੰ ਮੁਫ਼ਤ ਦੇਣ ਐਸ ਸੀ ਵਰਗ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਅਤੇ ਬਿਜਲੀ ਮੀਟਰਾਂ ਦੇ ਬਕਾਏ ਮੁਆਫ ਕਰਨ ਅਤੇ ਤਿੱਨ ਸੌ ਯੂਨਿਟ ਤਕ ਬਿਜਲੀ ਮੁਆਫ਼ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਚੋਣ ਸਟੰਟ ਕਰਕੇ ਲੋਕਾਂ ਨੂੰ ਵੋਟ ਬਟੋਰ ਲਈ ਡਰਾਮੇਬਾਜ਼ੀ ਕਰ ਰਹੀਆਂ ਪਰ ਰਾਜ ਸਰਕਾਰ ਨੇ ਕੇਂਦਰ ਸਰਕਾਰ ਦੀ ਰਾਹ ਤੇ ਚਲਦਿਆਂ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਫੀਸਾਂ ਵਿਚ ਬੇਲੋੜਾ ਵਾਧਾ ਕਰਕੇ ਵਿਦਿਆਰਥੀਆਂ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਜੋ ਕਿ ਜਥੇਬੰਦੀਆਂ ਸਰਕਾਰ ਦੇ ਅਜਿਹੇ ਨਵੇਂ ਨਵੇਂ ਫ਼ੈਸਲਿਆਂ ਨੂੰ ਕਦੇ ਲਾਗੂ ਨਹੀਂ ਹੋਣ ਦੇਣਗੀਆਂ ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਸਵੀਂ ਅਤੇ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਫ਼ੀਸਾਂ ਵਿੱਚ ਬੇਲੋੜਾ ਕੀਤੇ ਵਾਅਦੇ ਅਤੇ ਜੁਰਮਾਨੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਉਕਤ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੀ ਲੁੱਟ ਕਰਨੀ ਬੰਦ ਨਾ ਕੀਤੀ ਤਾਂ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਬਰਨਾਲਾ ਅੰਦਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਨਵਜੋਤ ਤਿਵਾਡ਼ੀ ਨੇ ਜਥੇਬੰਦੀਆਂ ਦੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਸਬੰਧੀ ਉਹ ਮੰਗ ਪੱਤਰ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਪੰਜਾਬ ਸਰਕਾਰ ਤੱਕ  ਪਹਿਲ ਦੇ ਅਧਾਰ ਤੇ ਪਹੁੰਚਦਾ ਕਰਨਗੇ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਕਲਾਂ ਆਦਿ ਵੀ ਹਾਜ਼ਰ ਸਨ।

 

ਮਹਿਲਕਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ

ਲੋਕ ਮਿੱਤਰਤਾ ਪਹਿਲ" ਤਹਿਤ ਪੁਲਿਸ ਪਬਲਿਕ/ਕਮੇਟੀ ਦੀ 5 ਕਿਲੋਮੀਟਰ  ਦੀ ਮੈਰਾਥਨ ਦੌੜ......

ਆਈ ਪੀ ਐਸ ਸ਼ੁਭਮ ਅਗਰਵਾਲ ਅਤੇ ਥਾਣਾ ਮੁਖੀ ਅਮਰੀਕ ਸਿੰਘ ਸਮੇਤ  ਵੱਡੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ.....   

ਮਹਿਲ ਕਲਾਂ/ ਬਰਨਾਲਾ- 30 ਅਕਤੂਬਰ ( ਗੁਰਸੇਵਕ ਸੋਹੀ )- ਅੱਜ ਸਵੇਰੇ ਲੋਕ ਮਿੱਤਰਤਾ ਪਹਿਲ ਤਹਿਤ ਪੁਲੀਸ ਪਬਲਿਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਸ਼ੁਭਮ ਅਗਰਵਾਲ ਆਈ ਪੀ ਐੱਸ ਏ ਐੱਸ ਪੀ ਮਹਿਲਕਲਾਂ  ਦੀ ਅਗਵਾਈ ਵਿੱਚ  "Run For Unity" ਤੰਦਰੁਸਤੀ ਅਤੇ ਏਕਤਾ ਦੇ ਮਕਸਦ ਤਹਿਤ 5 ਕਿਲੋਮੀਟਰ ਮੈਰਾਥਨ ਮਿਤੀ 30-10-2021 ਨੂੰ ਸਵੇਰੇ 6ਵਜੇ ਟੋਲ ਪਲਾਜ਼ਾ ਮਹਿਲ ਕਲਾਂ ਤੋਂ ਸ਼ੁਰੂ ਕਰਵਾਈ ਗਈ। ਜਿਸ ਵਿਚ ਸਕੂਲ ਦੇ ਵਿਦਿਆਰਥੀ, ਸਪੋਰਟਸ ਕਲੱਬ ਅਤੇ ਪੁਲਸ ਕਰਮਚਾਰੀਆਂ ਨੇ ਹਿੱਸਾ ਲਿਆ।ਸ੍ਰੀ  ਸ਼ੁਭਮ ਅਗਰਵਾਲ ਵੱਲੋਂ ਨੌਜਵਾਨਾਂ ਨਾਲ ਭੱਜ ਕੇ ਖ਼ੁਦ ਇਸ 5 ਕਿਲੋਮੀਟਰ ਮੈਰਾਥਨ ਦੌੜ ਨੂੰ ਮੁਕੰਮਲ ਕੀਤਾ ਗਿਆ। ਇਸ ਮੈਰਾਥਨ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਲੋਕ ਮਿੱਤਰਤਾ ਦੇ ਲੋਗੋ ਵਾਲੀਆਂ ਟੀ ਸ਼ਰਟਾਂ ਵੰਡੀਆਂ ਗਈਆਂ । ਪਹਿਲੀਆਂ 5 ਪੁਜੀਸ਼ਨਾਂ ਤੇ ਆਉਣ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਇਸ ਮੈਰਾਥਨ ਦੌੜ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ  Participation ਸਰਟੀਫਿਕੇਟ ਵੀ ਦਿੱਤੇ ਗਏ। ਦੌੜ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਇਸ ਦੌੜ ਵਿਚ ਪਹਿਲੇ ਨੰਬਰ ਤੇ ਹਰਪ੍ਰੀਤ ਸਿੰਘ ਚੌਹਾਨਕੇ ਖੁਰਦ ,ਦੂਸਰੇ ਨੰਬਰ ਤੇ ਗੁਰਮੀਤ ਸਿੰਘ ਮਹਿਲਕਲਾਂ, ਤੀਸਰੇ ਨੰਬਰ ਗੁਰਜੀਤ ਸਿੰਘ ਮਹਿਲਕਲਾਂ, ਚੌਥੇ ਨੰਬਰ ਤੇ ਚਮਕੌਰ ਸਿੰਘ ਚੌਹਾਨਕੇ ਖੁਰਦ ਅਤੇ ਪੰਜਵੇਂ ਨੰਬਰ ਤੇ ਹਰਜਿੰਦਰ ਸਿੰਘ ਮਹਿਲ ਕਲਾਂ ਅਤੇ ਮਹਿੰਦਰ ਸਿੰਘ ਵਧਾਤੇ ਮੋਹਰੀ ਰਹੇ । ਇਸ ਤੋਂ ਇਲਾਵਾ ਪੁਲਸ ਮਹਿਕਮੇ ਦੇ ਕਰਮਚਾਰੀਆਂ ਵਿੱਚੋਂ ਪਹਿਲੇ ਨੰਬਰ ਤੇ ਸ° ਥ°ਬਲਵੰਤ ਸਿੰਘ ਦੂਸਰੇ ਤੇ  ਜਬਰਜੋਸ ਸਿੰਘ ਆਏ। ਸ੍ਰੀ ਸ਼ੁਭਮ ਅਗਰਵਾਲ ਆਈ ਪੀ ਐਸ ਵੱਲੋਂ  "ਲੋਕ ਮਿੱਤਰਤਾ ਪਹਿਲ" ਨੂੰ ਅੱਗੇ ਵਧਾਉਂਦੇ ਹੋਏ ਸ਼ਾਮਲ ਹੋਣ ਵਾਲੇ ਨੌਜਵਾਨਾਂ ਨਾਲ ਮਿੱਤਰ ਤੌਰ ਤੇ ਗੱਲਬਾਤ ਕੀਤੀ। ਨਸ਼ਿਆਂ ਦੀ ਰੋਕਥਾਮ ਸਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਪੁਲਸ ਪ੍ਰਸ਼ਾਸਨ ਨਾਲ ਸ਼ੇਅਰ ਕਰਨ ਤੇ ਇਸ ਦੇ ਖਾਤਮੇ ਸਬੰਧੀ ਪੁਲਸ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ। ਨੌਜਵਾਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਪੁਲੀਸ ਪ੍ਰਸ਼ਾਸਨ ਉਨ੍ਹਾਂ ਦੀ ਹਰ ਪ੍ਰਕਾਰ ਦੀ ਮਦਦ ਕਰਨ ਵਿੱਚ ਉਨ੍ਹਾਂ ਦਾ ਸਾਥ ਦੇਵੇਗੀ। ਉਹ ਕਿਸੇ ਵੀ ਟਾਈਮ ਕੋਈ ਵੀ ਪਰਿਵਾਰਕ ਸਮੱਸਿਆ, ਸਮਾਜਿਕ ਸਮੱਸਿਆ ਸਬੰਧੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਥਾਣਾ ਮੁਖੀ ਸਰਦਾਰ ਬਲਜੀਤ ਸਿੰਘ, ਇੰਸਪੈਕਟਰ ਰਾਜਪਾਲ ਸਿੰਘ, ਥਾਣੇਦਾਰ ਅਮਰੀਕ ਸਿੰਘ, ਥਾਣੇਦਾਰ ਮੁਨੀਸ਼ ਕੁਮਾਰ, ਰੀਡਰ ਬਲਵੀਰ ਸਿੰਘ, ਗੁਰਦੀਪ ਸਿੰਘ ਆਦਿ ਤੋਂ ਇਲਾਵਾ ਪੁਲਸ ਪ੍ਰਸ਼ਾਸਨ ਅਧਿਕਾਰੀ ਸਮੇਤ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਲ ਸਨ ।

'ਹੋਪ ਫਾਰ ਮਹਿਲ ਕਲਾਂ ਵੱਲੋਂ ਸਮਾਜਸੇਵੀ ਪ੍ਰਵਾਸੀ ਭਾਰਤੀ ਭੋਲਾ ਸਿੰਘ ਸ਼ੇਰਪੁਰ ਦਾ ਸਨਮਾਨ 

ਸ਼ੇਰਪੁਰ /ਬਰਨਾਲਾ- 30 ਅਕਤੂਬਰ-   (ਗੁਰਸੇਵਕ ਸੋਹੀ)-  ਇਲਾਕੇ ਵਿੱਚ ਲੋਕ ਹਿਤਾਂ ਨੂੰ ਸਮਰਪਿਤ ਆਮ ਲੋਕਾਂ ਨੂੰ ਇਨਸਾਫ਼ ਦਵਾਉਣ ਲਈ ਅਣਥੱਕ ਯਤਨ ਕਰਨ ਵਾਲੀ ਸਰਗਰਮ ਜਥੇਬੰਦੀ  "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੱਲੋ ਸਮਾਜਸੇਵੀ ਅਤੇ ਪ੍ਰਵਾਸੀ ਭਾਰਤੀ ਭੋਲਾ ਸਿੰਘ ਯੂਐੱਸਏ ਸੇਵਾਮੁਕਤ ਐੱਸਡੀਓ ਬਿਜਲੀ ਬੋਰਡ ਨੂੰ ਤੌਰ ਤੇ ਸਨਮਾਨਤ ਕੀਤਾ ਗਿਆ। ਸਮਾਜਸੇਵੀ ਭੋਲਾ ਸਿੰਘ ਐੱਸਡੀਓ ਵੱਲੋਂ ਕੀਤੇ ਲੋਕ ਪੱਖੀ ਕਾਰਜਾਂ ਦੀ ਪ੍ਰਸੰਸਾ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਨਿਰਸਵਾਰਥ ਭਾਵਨਾ ਨਾਲ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਉਨ੍ਹਾਂ ਨੇ ਇੱਕ ਮਾਨਵਤਾ ਪੱਖੀ ਮਿਸਾਲ ਕਾਇਮ ਕੀਤੀ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ ਦੀ ਧਰਤੀ ਤੇ ਜਾ ਕੇ ਵੀ ਇਸ ਨੌਜਵਾਨ ਨੇ ਆਪਣੇ ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਤਹੱਈਆ ਕਰਕੇ ਮਾਨਵਤਾਵਾਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਇਸ ਪਰਿਵਾਰ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਵੀ ਵੱਡੀ ਪੱਧਰ ਤੇ ਲੋਕ ਭਲਾਈ ਲਈ ਵਿਸ਼ੇਸ ਉਪਰਾਲੇ ਕੀਤੇ ਹਨ। ਪ੍ਰਵਾਸੀ ਭਾਰਤੀ ਭੋਲਾ ਸਿੰਘ ਨੇ 'ਹੋਪ ਫਾਰ ਮਹਿਲ ਕਲਾਂ' ਤੇ ਲੋਕ ਭਲਾਈ ਸੁਸਾਇਟੀ ਮਹਿਲ ਕਲਾਂ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਤੇ ਭ੍ਰਿਸ਼ਟਾਚਾਰ ਵਿਰੁੱਧ ਕੁਲਵੰਤ ਸਿੰਘ ਟਿੱਬਾ ਦੀ ਯੋਗ ਅਗਵਾਈ ਹੇਠ ਸ਼ੁਰੂ ਕੀਤੀ ਸਮਾਜਿਕ ਮੁਹਿੰਮ 'ਹੋਪ ਫਾਰ ਹਿਲ ਕਲਾਂ' ਦੀ ਸਮੁੱਚੀ ਟੀਮ ਨੇ ਥੋੜ੍ਹੇ ਸਮੇਂ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।ਇਸ ਮੌਕੇ ਸਮਾਜ ਸੇਵਕ ਵੈੱਲਫੇਅਰ ਸੁਸਾਇਟੀ ਘਨੌਰੀ ਦੇ ਪ੍ਰਧਾਨ ਅਮਰੀਕ ਸਿੰਘ ਮਾਨ, ਬਲਵਿੰਦਰ ਸਿੰਘ, ਹੈਪੀ ਸਿੰਘ ਆਦਿ ਹਾਜ਼ਰ ਸਨ।

ਪ੍ਰਦੇਸ਼ਾਂ ਨੂੰ ਤੁਰ ਗਏ ਪੁੱਤ ✍️ ਜਸਵਿੰਦਰ ਸ਼ਾਇਰ "ਪਪਰਾਲਾ "

1 ਪ੍ਰਦੇਸ਼ਾਂ ਨੂੰ ਤੁਰ ਗਏ ਪੁੱਤ ਰੋਂਦੀਆਂ ਛੱਡ ਮਾਵਾਂ ਨੂੰ ।
 ਪੱਲੇ ਬੰਨ ਕੇ ਲੈ ਜਾ ਪੁੱਤ ਮਾਂ ਦੀਆਂ ਦੁਆਵਾਂ ਨੂੰ ।
 

 2 ਜਾ ਕੇ ਪ੍ਰਦੇਸ਼ਾਂ ਚ ਜਾਵੀਂ ਨਾ ਮੈਨੂੰ ਭੁੱਲ ਪੁੱਤਰਾ ।
 ਮਾਂ ਦੀ ਲੋਰੀਆਂ ਦਾ ਪਾਵੀਂ ਤੂੰ ਮੁੱਲ ਪੁੱਤਰਾਂ ।
 ਭੇਜੂ  ਨਿੱਤ ਹੀ ਸੁਨੇਹੇ ਵਗਦੀਆ ਹਵਾਵਾਂ ਨੂੰ
 ਪ੍ਰਦੇਸ਼ਾਂ........
 

3 ਕਰਕੇ ਜਮੀਨ ਗਹਿਣੇ ਤੈਨੂੰ ਪ੍ਰਦੇਸ਼ਾਂ ਚ ਘੱਲਿਆ ।
ਕਰਜ਼ਾ ਉਤਾਰ ਨਹੀਂਉ ਹੋਣਾ ਬਾਪੂ ਤੋਂ ਕੱਲਿਆ ।
ਸੱਜੇ ਹੋਰ ਵੀ ਪੜਾਉਣਾ ਛੋਟੇ ਭਰਾਵਾਂ ਨੂੰ
ਪ੍ਰਦੇਸ਼ਾਂ............

4 ਤੈਥੋਂ ਨਿੱਕੀ ਭੈਣ ਦਾ ਵਿਆਹ ਵੀ ਹਜੇ ਕਰਨਾ ।
ਕੱਲ੍ਹੇ ਤੇਰੇ ਬਾਪੂ ਦੀ ਕਮਾਈ ਨਾਲ ਨਹੀਂ ਸਰਨਾ ।
ਪਹਿਲਾਂ ਹੀ ਕਰਜ਼ਾ ਦੇਣਾ ਪਇਆ
 ਸਾਹਵਾਂ ਨੂੰ ।
ਪ੍ਰਦੇਸ਼ਾਂ.......

5 ਜੇ ਇੱਥੇ ਮਿਲ ਜਾਵੇ ਰੁਜ਼ਗਾਰ ਲੋੜ ਕੀ ਪ੍ਰਦੇਸ਼ਾਂ ਦੀ ।
ਇੱਥੇ ਨੌਕਰੀ ਤੇ ਕੁਰਸੀ ਵੀ ਵੱਡੇ ਵੱਡੇ ਸੇਠਾ ਦੀ ।
ਇਹ ਤਾਂ ਆਪਣੀ ਟੌਹਰ ਵਾਸਤੇ ਕੁਚਲ ਦਿੰਦੇ ਗਰੀਬਾਂ ਦੇ ਚਾਵਾਂ ਨੂੰ
ਪ੍ਰਦੇਸ਼ਾਂ........

6 ਇੱਥੇ ਫੇਰ ਕਿਉਂ ਵਿਲਕਣ ਚੂੜਾ ਵਾਲੀ ਨਾਰਾਂ ਵੇ।
ਜੇਕਰ ਇੱਥੇ ਹੋਵਣ ਚੱਜ ਦੀਆਂ ਸਾਡੀਆਂ ਸਰਕਾਰਾਂ ਵੇ।
ਜੇ ਮੁੱਲ ਨਹੀ  ਪੈਂਦਾ "ਸ਼ਾਇਰ "
ਕੀ ਫਾਇਦਾ ਲਿਖਣ ਦਾ ਕਵਿਤਾਵਾਂ ਨੂੰ
ਪ੍ਰਦੇਸ਼ਾਂ.........

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਿਸਾਨਾਂ ਨੂੰ ਐਮਰਜੈਂਸੀ ਕਾਲ ਤੇ ਟਿਕਰੀ ਬਾਰਡਰ ਦਿੱਲੀ ਪਹੁੰਚਣ ਦੀ ਬੇਨਤੀ

ਜਗਰਾਉਂ ,30 ਅਕਤੂਬਰ  ( ਜਸਮੇਲ ਗ਼ਾਲਿਬ)  ਮਹਿੰਦਰ ਸਿੰਘ ਕਮਾਲਪੁਰਾ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪ੍ਰੈਸ ਨਾਲ ਸੁਨੇਹਾ ਸਾਂਝਾ ਕਰਦਿਆਂ ਦੱਸਿਆ । ਸਮੂਹ ਪਿੰਡ ਇਕਾਈਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਐਮਰਜੈਂਸੀ ਕਾਲ ਹੈ ਕਿ ਸਾਰੇ ਪਿੰਡਾਂ ਚੋਂ ਵਧ ਤੋਂ ਵੱਧ ਸਾਥੀ ਦਿੱਲੀ ਟੀਕਰੀ ਬਾਰਡਰ ਤੇ ਪੰਹੁਚਣ।ਇਸ ਸਬੰਧੀ ਅੱਜ ਜਿਲਾ ਕਮੇਟੀ ਦੀ ਮੀਟਿੰਗ ਚ ਸਾਰੇ ਬਲਾਕ ਆਗੂਆਂ ਦੀ ਹਾਜਰੀ ਚ ਫੈਸਲਾ ਹੋਇਆ ਕਿ ਪਹਿਲੀ ਨਵੰਬਰ ਹਰ ਪਿੰਡ ਚੋਂ 10 ਸਾਥੀ ਸਮੇਤ ਭੈਣਾਂ ਦਿੱਲੀ ਟਿਕਰੀ ਬਾਰਡਰ ਵੱਲ ਚਾਲੇ ਪਾਉਣ । ਸਾਰੇ ਪਿੰਡਾਂ ਦੇ ਸਾਥੀਆਂ ਨੇ ਪਹਿਲੀ ਨਵੰਬਰ ਸੋਮਵਾਰ ਸ਼ਾਮ ਚਾਰ ਵਜੇ ਜਗਰਾਓਂ ਰੇਲਵੇ ਸਟੇਸ਼ਨ ਤੇ ਇਕਤਰ ਹੋ ਕੇ ਬਹਾਦਰਗੜ੍ਹ ਜਾਣ ਵਾਲੀ ਟ੍ਰੇਨ ਤੇ ਚੜਣਾ ਹੈ।ਸਾਰੇ ਇਕਾਈ ਪ੍ਰਧਾਨਾਂ ਨੂੰ ਬੇਨਤੀ ਹੈ ਕਿ ਹਰ ਹਾਲਤ ਇਸ ਹਿਦਾਇਤ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਸਾਰੇ ਪਿੰਡ ਅਪਣੇ ਅਪਣੇ ਜਥੇਬੰਦੀ ਦੇ ਝੰਡੇ ਲੈ ਕੇ ਆਉਣ ਜੀ।ਕਿਸੇ ਵੀ ਕਿਸਮ ਦੀ ਸੁਸਤੀ ਜਾਂ ਅਣਗਹਿਲੀ ਸਾਲ ਭਰ ਤੋਂ ਚਲ ਰਹੇ ਕਿਸਾਨ ਸੰਘਰਸ਼ ਲਈ ਨੁਕਸਾਨਦੇਹ ਹੋਵੇਗੀ। ਕਿਉਂਕਿ ਮੋਦੀ ਸਰਕਾਰ ਬੈਰੀ ਕੇਡ  ਹਟਾਉਣ ਦੇ ਬਹਾਨੇ ਸਾਡਾ ਮੋਰਚਾ ਖਿੰਡਾਉਣ ਦਾ ਕੁਕਰਮ ਕਰ ਸਕਦੀ ਹੈ। ਇਸ ਲਈ ਝੋਨੇ ਦੇ ਕਸ ਦੇ ਬਾਵਜੂਦ ਜਮੀਨਾਂ ਤੇ ਖੇਤੀ ਬਚਾਉਣ ਲਈ ਇਸ ਕੰਮ ਚ ਕੋਈ ਢਿੱਲ ਸਾਡੇ ਲਈ ਕੀਤੀ ਕਰਾਈ ਖੂਹ ਚ ਪਾਉਣ ਦੇ ਤੁਲ ਹੋਵੇਗੀ। ਹੁਣੇ ਹੀ ਤਿਆਰੀ ਸ਼ੁਰੂ ਕਰ ਦਿਓ ਜੀ। ਕਲ  ਸ਼ਾਮ ਸੱਤ  ਵਜੇ ਤਕ ਅਪਣੇ ਅਪਣੇ ਬਲਾਕ ਸਕੱਤਰ ਨੂੰ ਇਸ ਤਿਆਰੀ ਸਬੰਧੀ ਜਾਣਕਾਰੀ ਦਿਓ ਜੀ ਅਤਿ ਜਰੂਰੀ ਹੈ। 

ਜਨਮ ਦਿਨ ਮੁਬਾਰਕ  

ਜਸਮੀਤ ਸਿੰਘ ਖਹਿਰਾ ਪੁੱਤਰ ਹਰਮਿੰਦਰ ਸਿੰਘ ਖਹਿਰਾ  ਮਾਤਾ ਹਰਮੀਤ ਕੌਰ ਖਹਿਰਾ ਪਿੰਡ ਸਲੇਮਪੁਰਾ (ਸਿਧਵਾਬੇਟ ) ਨੂੰ ਜਨਮਦਿਨ ਮੁਬਾਰਕ ।

ਹੁਣ ਹੋਵੇਗਾ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦਾ ਪਿੰਡਾਂ ਸ਼ਹਿਰਾਂ ਵਿੱਚ ਵੜਨ ਤੇ ਘਿਰਾਓ  

ਨਰਮੇ ਝੋਨੇ ਦੀ ਤਬਾਹੀ ਦੇ ਮੁਆਵਜ਼ੇ ਬਾਰੇ ਧਾਰੀ ਚੰਨੀ ਸਰਕਾਰ ਦੀ ਇਸ ਚੁੱਪ ਨੂੰ ਤੋੜਨ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਿਆ ਗਿਆ ਫ਼ੈਸਲਾ  

ਬਠਿੰਡਾ ਸਕੱਤਰੇਤ ਦੇ ਅਣਮਿਥੇ ਸਮੇਂ ਲਈ ਘਿਰਾਓ ਦੇ ਪੰਜਵੇਂ ਦਿਨ ਨਰਮੇ ਝੋਨੇ ਦੀ ਤਬਾਹੀ ਦੇ ਮੁਆਵਜ਼ੇ ਬਾਰੇ ਧਾਰੀ ਚੰਨੀ ਸਰਕਾਰ ਦੀ ਮੁਜਰਮਾਨਾ ਚੁੱਪ ਨੂੰ ਤੋੜਨ ਲਈ ਇਹ ਘਿਰਾਓ ਸਮਾਪਤ ਕਰਕੇ ਕੱਲ੍ਹ ਤੋਂ ਕਾਂਗਰਸੀ ਮੰਤਰੀਆਂ ਵਿਧਾਇਕਾਂ ਦਾ ਪਿੰਡਾਂ ਸ਼ਹਿਰਾਂ ਵਿੱਚ ਆਉਣ'ਤੇ ਘਿਰਾਓ ਕਰਨ ਅਤੇ ਝੂਠ ਦੇ ਪੁਲੰਦਿਆਂ 'ਤੇ ਕਾਟੇ ਮਾਰਨ ਦਾ ਐਲਾਨ

 ਬਠਿੰਡਾ ( ਗੁਰਸੇਵਕ ਸਿੰਘ ਸੋਹੀ   ) ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦਾ ਅਤੇ ਗੜੇਮਾਰੀ ਝੱਖੜ ਮੀਂਹ ਨਾਲ ਝੋਨੇ ਤੇ ਹੋਰ ਫ਼ਸਲਾਂ ਦੀ ਹੋਈ ਤਬਾਹੀ ਦਾ ਕਿਸਾਨਾਂ ਮਜ਼ਦੂਰਾਂ ਵਾਸਤੇ ਪੂਰਾ ਮੁਆਵਜ਼ਾ ਲੈਣ ਖਾਤਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸਥਾਨਕ ਸਕੱਤਰੇਤ ਦੇ ਅਣਮਿਥੇ ਸਮੇਂ ਲਈ ਕੀਤੇ ਗਏ ਘਿਰਾਓ ਵਿੱਚ ਅੱਜ ਪੰਜਵੇਂ ਦਿਨ ਵੀ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਅੱਜ ਵੀ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਗੁਰੂ ਨਾਨਕ ਸਕੂਲ ਧੋਬੀਆਣਾ ਬਸਤੀ ਬਠਿੰਡਾ ਵਿਖੇ ਆਉਣ ਦੀ ਮੌਕੇ 'ਤੇ ਭਿਣਕ ਪੈਣ ਸਾਰ ਰੋਹ 'ਚ ਆਏ ਕਿਸਾਨਾਂ ਮਜ਼ਦੂਰਾਂ ਔਰਤਾਂ ਦਾ ਵੱਡਾ ਕਾਫ਼ਲਾ ਜ਼ੋਸ਼ੀਲੇ ਨਾਹਰੇ ਲਾਉਂਦਾ ਉੱਥੇ ਪੁੱਜ ਗਿਆ। ਅਸਲ ਵਿੱਚ ਉੱਥੇ ਪਹੁੰਚਿਆ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਵੀ ਕਿਸਾਨਾਂ ਦਾ ਕਾਫ਼ਲਾ ਦੇਖਣਸਾਰ ਉੱਥੋਂ ਦੌੜ ਗਿਆ ਤੇ ਮੰਤਰੀ ਨੂੰ ਵੀ ਆਪਣਾ ਦੌਰਾ ਰੱਦ ਕਰਨਾ ਪਿਆ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸਕੱਤਰ ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਪਰਮਜੀਤ ਕੌਰ ਪਿੱਥੋ, ਮਨਜੀਤ ਕੌਰ ਤੋਲਾਵਾਲ, ਸਰਬਜੀਤ ਕੌਰ ਘੋਲੀਆ, ਕਮਲਜੀਤ ਕੌਰ ਬਰਨਾਲਾ ਅਤੇ ਸ਼ਾਮਲ ਜ਼ਿਲ੍ਹਿਆਂ ਬਲਾਕਾਂ ਦੇ ਮੁੱਖ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਜਾਣਕਾਰੀ ਦਿੱਤੀ ਕਿ ਬੀਤੇ ਦਿਨ ਟਿਕਰੀ ਬਾਰਡਰ ਵਿਖੇ ਸ਼ੱਕੀ ਹਾਦਸੇ ਵਿੱਚ ਸ਼ਹੀਦ ਹੋਈਆਂ ਮਾਨਸਾ ਜ਼ਿਲ੍ਹੇ ਦੀਆਂ ਤਿੰਨ ਜੁਝਾਰੂ ਔਰਤਾਂ ਅਮਰਜੀਤ ਕੌਰ, ਗੁਰਮੇਲ ਕੌਰ ਅਤੇ ਸੁਖਵਿੰਦਰ ਕੌਰ ਤੋਂ ਇਲਾਵਾ ਰਾਤੀਂ ਸ਼ਹੀਦ ਹੋਏ ਜੇਠੂਕੇ ਦੇ ਕਿਸਾਨਾਂ ਧਰਮ ਸਿੰਘ ਤੇ ਰਿਪਨ ਸਿੰਘ ਦੀਆਂ ਮਿਰਤਕ ਦੇਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਪਿੰਡ ਖੀਵਾ ਦਿਆਲੂਵਾਲਾ ਵਿਖੇ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਹਾਦਸੇ ਦੀ ਨਿਰਪੱਖ ਜਾਂਚ ਕਰਵਾ ਕੇ ਇਸ ਦੇ ਜ਼ਿੰਮੇਵਾਰ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਪੰਜਾਂ ਸ਼ਹੀਦਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, ਮੁਕੰਮਲ ਕਰਜ਼ਾ ਮੁਕਤੀ ਅਤੇ 1-1 ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨ ਆਗੂਆਂ ਨੇ ਕਾਂਗਰਸ ਦੀ ਚੰਨੀ ਸਰਕਾਰ 'ਤੇ ਦੋਸ਼ ਲਾਇਆ ਕਿ ਉਸਨੇ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦਾ ਪੂਰਾ ਢੁੱਕਵਾਂ ਮੁਆਵਜ਼ਾ ਲੈਣ ਲਈ ਕਿਸਾਨਾਂ ਵੱਲੋਂ ਖਜ਼ਾਨਾ ਮੰਤਰੀ ਦੇ ਬੰਗਲੇ ਦੇ ਘਿਰਾਓ ਨੂੰ ਵੀ 15 ਦਿਨ ਨਜ਼ਰਅੰਦਾਜ਼ ਕਰੀ ਰੱਖਿਆ ਅਤੇ ਹੁਣ ਸਕੱਤਰੇਤ ਘਿਰਾਓ ਦੇ ਪੰਜਵੇਂ ਦਿਨ ਵੀ ਮੁਜਰਮਾਨਾ ਚੁੱਪ ਧਾਰੀ ਹੋਈ ਹੈ। ਉਲਟਾ ਕਾਂਗਰਸ ਦੀ ਚੰਨੀ ਸਰਕਾਰ ਵੱਲੋਂ ਸਰਕਾਰੀ ਬੱਸਾਂ ਅਤੇ ਸ਼ਹਿਰਾਂ/ਪਿੰਡਾਂ ਦੇ ਚੌਕਾਂ 'ਚ ਵੱਡੇ ਬੈਨਰ ਲਗਵਾ ਕੇ ਪੀੜਤ ਕਿਸਾਨਾਂ ਨੂੰ ਨਰਮੇ ਦਾ ਮੁਆਵਜ਼ਾ ਦੇਣ ਬਾਰੇ ਨੰਗਾ ਚਿੱਟਾ ਝੂਠ ਬੋਲਿਆ ਗਿਆ ਹੈ ਅਤੇ ਪੰਜਾਬ ਦੇ ਖੇਤੀ ਮੰਤਰੀ ਵੱਲੋਂ ਤਬਾਹ ਹੋਏ ਨਰਮੇ ਦਾ ਰਕਬਾ 7 ਲੱਖ ਏਕੜ ਦੀ ਥਾਂ ਸਿਰਫ਼ 2 ਲੱਖ ਏਕੜ ਬਣਾ ਕੇ ਪੇਸ਼ ਕਰਨ ਲਈ ਕੋਰਾ ਝੂਠ ਬੋਲਿਆ ਗਿਆ ਹੈ। ਆਮ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਇਨ੍ਹਾਂ ਝੂਠੇ ਸਿਆਸਤਦਾਨਾਂ ਦੀ ਕਿਸਾਨ ਆਗੂਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਨਰਮੇ ਅਤੇ ਝੋਨੇ ਦੀ ਮੁਕੰਮਲ ਤਬਾਹੀ ਤੋਂ ਪੀੜਤ ਕਿਸਾਨਾਂ ਨੂੰ 60000 ਰੁਪਏ ਪ੍ਰਤੀ ਏਕੜ ਦੇ ਹਿਸਾਬ ਅਤੇ ਖੇਤ ਮਜ਼ਦੂਰਾਂ ਨੂੰ ਨਰਮਾ-ਚੁਗਾਈ ਦੇ ਰੁਜ਼ਗਾਰ ਉਜਾੜੇ ਬਦਲੇ 30000 ਰੁਪਏ ਪ੍ਰਤੀ ਪ੍ਰਵਾਰ ਮੁਆਵਜ਼ਾ ਦਿੱਤਾ ਜਾਵੇ। ਤਬਾਹੀ ਦੀਆਂ ਦੋਸ਼ੀ ਨਕਲੀ ਬੀਜ/ਦਵਾਈਆਂ ਬਣਾਉਣ ਵੇਚਣ ਵਾਲੀਆਂ ਕੰਪਨੀਆਂ ਤੇ ਉਨ੍ਹਾਂ ਨਾਲ ਮਿਲੀਭੁਗਤ ਦੇ ਸਰਕਾਰੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਇਸ ਤਬਾਹੀ ਤੋਂ ਪੀੜਤ ਖੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਤੇ ਮੁਕੰਮਲ ਕਰਜ਼ਾ ਮੁਕਤੀ ਤੋਂ ਇਲਾਵਾ 1-1 ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕੁਦਰਤੀ ਕਰੋਪੀ ਨਾਲ ਹੋਈ ਫ਼ਸਲੀ ਤਬਾਹੀ ਦਾ ਭਾਰ ਵੀ ਇਕੱਲੇ ਅੰਨਦਾਤੇ ਕਿਸਾਨਾਂ ਉੱਤੇ ਨਾ ਪਾਇਆ ਜਾਵੇ ਸਗੋਂ ਜਨਤਕ ਖਜ਼ਾਨੇ ਵਿਚੋਂ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਜਥੇਬੰਦੀ ਦੀ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਕ ਸ੍ਰੀ ਜੇਠੂਕੇ ਨੇ ਐਲਾਨ ਕੀਤਾ ਕਿ ਚੰਨੀ ਸਰਕਾਰ ਵੱਲੋਂ ਮੁਆਵਜ਼ੇ ਦੀਆਂ ਹੱਕੀ ਮੰਗਾਂ ਬਾਰੇ ਧਾਰੀ ਹੋਈ ਮੁਜਰਮਾਨਾ ਚੁੱਪ ਨੂੰ ਤੋੜਨ ਲਈ ਹੁਣ ਸਕੱਤਰੇਤ ਦੇ ਘਿਰਾਓ ਦੀ ਥਾਂ ਕੱਲ੍ਹ ਤੋਂ ਪੰਜਾਬ ਭਰ ਵਿੱਚ ਕਾਂਗਰਸੀ ਮੰਤਰੀਆਂ,ਵਿਧਾਇਕਾਂ ਤੇ ਉੱਚ ਰਾਜਸੀ ਆਗੂਆਂ ਵੱਲੋਂ ਪਿੰਡਾਂ ਸ਼ਹਿਰਾਂ ਵਿੱਚ ਆਉਣ 'ਤੇ ਉਨ੍ਹਾਂ ਦੇ ਘਿਰਾਓ ਵੀ ਉਕਤ ਮੰਗਾਂ ਮੰਨੇ ਜਾਣ ਤੱਕ ਭਾਜਪਾ ਆਗੂਆਂ ਵਾਂਗ ਹੀ ਕੀਤੇ ਜਾਣਗੇ। ਨਾਲ ਹੀ "ਨਰਮੇ ਦਾ ਢੁੱਕਵਾਂ ਮੁਆਵਜ਼ਾ" ਵਾਲੇ ਸਰਕਾਰੀ ਬੈਨਰਾਂ ਉੱਤੇ ਵੀ ਪੰਜਾਬ ਭਰ ਵਿੱਚ ਕਾਲੇ ਰੰਗ ਦੇ ਕਾਟੇ ਮਾਰੇ ਜਾਣਗੇ। ਕਿਸਾਨ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ 40 ਥਾਂਵਾਂ'ਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਮੋਰਚਿਆਂ ਤੋਂ ਇਲਾਵਾ ਜਥੇਬੰਦੀ ਵੱਲੋਂ ਅੱਜ ਮੋਰਿੰਡਾ ਵਿਖੇ ਚੰਨੀ ਸਰਕਾਰ ਵਿਰੁੱਧ ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰ ਮੰਗਾਂ ਲਈ ਲਾਏ ਗਏ ਵਿਸ਼ਾਲ ਧਰਨੇ ਵਿੱਚ ਵੀ ਹਮਾਇਤੀ ਸ਼ਮੂਲੀਅਤ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਬਠਿੰਡਾ ਸਟੇਜ 'ਤੇ ਅਗਾਂਹਵਧੂ ਨਾਟਕ "ਹੱਕ ਕਿਸਾਨਾਂ ਦੇ" ਦਾ ਮੰਚਨ ਜੈ-ਹੋ ਰੰਗ ਮੰਚ ਨਿਹਾਲਸਿੰਵਾਲਾ ਦੇ ਨਿਰਦੇਸ਼ਕ ਸੁਖਦੇਵ ਸਿੰਘ ਲੱਧੜ ਦੁਆਰਾ ਅਤੇ "ਰਾਜਨੀਤਕ ਕਤਲ" ਕਲਾ ਮੰਚ ਇਪਟਾ ਮੋਗਾ ਦੇ ਨਿਰਦੇਸ਼ਕ ਜਸ ਰਿਆਜ਼ ਦੁਆਰਾ ਪੇਸ਼ ਕੀਤੇ ਗਏ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਅੱਜ ਵੀ ਕਿਸਾਨਾਂ ਦੀ ਹਮਾਇਤ ਵਿੱਚ ਚੇਅਰਮੈਨ ਮੇਘ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਕਾਫ਼ਲੇ ਰਾਹੀਂ ਸ਼ਮੂਲੀਅਤ ਕੀਤੀ ਗਈ ਅਤੇ ਸੰਘਰਸ਼ ਫੰਡ ਵੀ ਦਿੱਤਾ ਗਿਆ।। ਬੁਲਾਰਿਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਮੁਲਕ ਪੱਧਰੇ ਕਿਸਾਨ ਘੋਲ਼ ਨੂੰ ਅੱਗੇ ਵਧਾਉਂਦਿਆਂ ਦਿੱਲੀ ਟਿਕਰੀ ਬਾਰਡਰ ਸਮੇਤ ਪੰਜਾਬ ਵਿਚਲੇ ਸਾਰੇ ਪੱਕੇ ਮੋਰਚਿਆਂ ਵਿੱਚ ਅਤੇ ਨਵੇਂ ਐਲਾਨ ਲਾਗੂ ਕਰਨ ਲਈ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਜਾਗਰੂਕ ਤੇ ਲਾਮਬੰਦ ਕੀਤਾ ਜਾਵੇ।

ਗੁਰਦੁਆਰਾ ਭਾਈ ਭਗਤੂਆਣਾ ਸਾਹਿਬ (ਗਹਿਲ) ਵਿਖੇ ਵਾਲ ਪੇਪਰ ਅਤੇ ਸੀਲਿੰਗ ਦੀ ਸੇਵਾ ਕਰਵਾਈ

ਮਹਿਲ ਕਲਾਂ /ਬਰਨਾਲਾ- 29 ਅਕਤੂਬਰ- (ਗੁਰਸੇਵਕ ਸੋਹੀ)- ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਗਹਿਲ  ਵੱਡਾ ਘੱਲੂਘਾਰਾ 1762 ਦਸਵੀਂ ਨਾਲ ਸਬੰਧਿਤ ਅਸਥਾਨ ਹੈ। ਇਸ ਅਸਥਾਨ ਤੇ ਧੰਨ ਧੰਨ ਬਾਬਾ ਭਾਈ ਭਗਤੂ ਜੀ ਅਤੇ ਸਿੰਘਾਂ ਸ਼ਹੀਦਾਂ ਦੀ ਕਿਰਪਾ ਨਾਲ ਸੀ ਦਰਬਾਰ ਸਾਹਿਬ ਦੇ ਅੰਦਰ ਸਾਰੇ ਹਾਲ ਨੂੰ ਸਰਦਾਰ ਚਮਨ ਸਿੰਘ ਉਰਫ ਚੀਨਾ ਵੱਲੋਂ ਸੰਗਤਾ ਅਤੇ ਐਨ, ਆਰ, ਆਈ ਵੀਰਾਂ ਦੇ ਸਹਿਯੋਗ ਨਾਲ ਅਤੇ ਜਥੇਦਾਰ ਬਲਦੇਵ ਸਿੰਘ ਜੀ ਚੂੰਘਾਂ ਮੈਂਬਰ SGPC ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾਊਨ ਸੀਲਿੰਗ ਕਰਕੇ ਅਤੇ ਸਾਰੀਆਂ ਕੰਧਾ ਨੂੰ ਬਹੁਤ ਸੋਹਣੇ ਵਾਲ ਪੇਪਰ ਨਾਲ ਸ਼ਿੰਗਾਰਿਆ ਗਿਆ ਹੈ। ਦਰਬਾਰ ਸਾਹਿਬ ਅੰਦਰੋਂ ਅਤਿ ਸੁੰਦਰ  ਬਣਾਇਆ ਗਿਆ ਹੈ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਸੀਲਿੰਗ ਫ਼ੈਨ ਅਤੇ ਪਰਦੇ ਵੀ ਨਵੇਂ ਲਗਾਏ ਗਏ ਹਨ। ਇਸ ਕਾਰਜ ਦੀ ਸੇਵਾ ਵਿਚ  ਤਕਰੀਬਨ 8 ਲੱਖ 50 ਹਜ਼ਾਰ ਰੁਪਏ ਖਰਚ ਹੋਏ ਹਨ। ਗੁਰੂ ਘਰ ਦੀ ਕਮੇਟੀ ਵੱਲੋਂ ਭਾਈ ਚਿਮਨ ਸਿੰਘ (ਚੀਨਾ) ਦਾ ਸਿਰਪਾਓੁ + ਲੋਈ ਪਾਕੇ ਸਨਮਾਨ ਕੀਤਾ ਗਿਆ ਅਤੇ ਸਮੂਹ ਸਹਿਯੋਗੀ ਸੰਗਤਾ ਦਾ ਜਥੇਦਾਰ ਬਲਦੇਵ ਸਿੰਘ ਜੀ ਚੂੰਘਾਂ ਵੱਲੋਂ ਧੰਨਵਾਦ ਕੀਤਾ ਗਿਆ। ਹੋਰ ਵੀ ਦਾਨੀ ਸੱਜਣਾ ਦਾ ਗੁਰੂ ਦੀ ਬਖ਼ਸ਼ਿਸ਼ ਸਿਰਪਾਓੁ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਸਮੇ ਦਾਸ ਅਮਰੀਕ ਸਿੰਘ ਮੈਨੇਜਰ, ਭਾਈ ਜਸਪਾਲ ਸਿੰਘ ਇੰਚਾਰਜ ਗਹਿਲ, ਭਾਈ ਹਾਕਮ ਸਿੰਘ ਹੈਡ ਗ੍ਰੰਥੀ, ਭਾਈ ਮਨਪ੍ਰੀਤ ਸਿੰਘ ਹੈਡ ਰਾਗੀ, ਸ੍ਰ:ਗੁਰਮੇਲ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ, ਆਦਿ ਪਤਵੰਤੇ ਸੱਜਣ ਹਾਜ਼ਰ ਸਨ ।

ਪੰਜਾਬ ਵਕਫ ਬੋਰਡ ਦਾ ਚੇਅਰਮੈਨ ਮੂਲ ਪੰਜਾਬੀ ਮੁਸਲਮਾਨ ਭਾਈਚਾਰੇ ਵਿੱਚੋਂ ਹੀ ਲਗਾਇਆ ਜਾਵੇ

ਮਹਿਲ ਕਲਾਂ /ਬਰਨਾਲਾ-29  ਅਕਤੂਬਰ (ਗੁਰਸੇਵਕ ਸੋਹੀ)-  ਪੰਜਾਬ ਦਾ ਮੁਸਲਮਾਨ ਭਾਈਚਾਰਾ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਪੰਜਾਬ ਵਕਫ਼ ਬੋਰਡ ਸੁਰੱਖਿਅਤ ਹੱਥਾਂ ਵਿੱਚ ਨਹੀਂ ਜਿਸ ਕਰਕੇ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਮੂਲ ਪੰਜਾਬੀ ਮੁਸਲਮਾਨ ਭਾਈਚਾਰੇ ਵਿੱਚੋਂ ਹੀ ਲਗਾਇਆ ਜਾਵੇ ਤਾਂ ਜੋ ਮੁਸਲਮਾਨ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਹੋ ਸਕਣ। ਉਕਤ ਸ਼ਬਦਾਂ ਦਾ ਪ੍ਰਗਟਾਵਾ ਮੁਸਲਿਮ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਮੀਦ ਮੁਹੰਮਦ ਚੌਹਾਨਕੇ, ਹੰਸੋ ਮੁਹੰਮਦ ਬਰਨਾਲਾ, ਸਕੱਤਰ ਸੁਖਵਿੰਦਰ ਖ਼ਾਨ ਧੌਲਾ, ਸਹਾਇਕ ਸਕੱਤਰ ਡਾਕਟਰ ਕੇਸਰ ਖ਼ਾਨ,ਐਗਜ਼ੈਕਟਿਵ ਮੈਂਬਰ ਮੋਹਰ ਸ਼ਾਹ ਰਾਏਸਰ, ਪਾਲਾ ਖ਼ਾਨ ਮੁਹੰਮਦ ਤਾਜ ਚੰਨਣਵਾਲ, ਅਕਬਰ ਖਾਨ ਖਿਆਲੀ ਅਤੇ ਅਨੈਤਿਕ ਖਾਣ ਕੁਤਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਜਨਾਬ ਜੁਨੈਦ ਰਜ਼ਾ ਖਾਨ ਚੇਅਰਮੈਨ ਪੰਜਾਬ ਵਕਫ ਬੋਰਡ ਵੱਲੋਂ ਦਿੱਤੇ ਅਸਤੀਫ਼ੇ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਇਕ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਲਿਆ ਗਿਆ ਫ਼ੈਸਲਾ ਹੈ ਜਦਕਿ ਇਖ਼ਲਾਕੀ ਤੌਰ ਤੇ ਨਹੀਂ। ਪੰਜਾਬ ਦੇ ਮੁਸਲਮਾਨ ਭਾਈਚਾਰੇ ਚ ਲੰਮੇ ਸਮੇਂ ਤੋਂ ਪੰਜਾਬ ਵਕਫ ਬੋਰਡ ਚ ਇਮਾਨਦਾਰ ਤੇ ਸਾਫ ਸੁਥਰੇ ਅਕਸ ਵਾਲੇ ਅਧਿਕਾਰੀ ਦੇਖਣ ਦੀ ਤਮੰਨਾ ਹੈ ਪਰ ਸਰਕਾਰ ਵੱਲੋਂ ਆਪਣੇ ਚਹੇਤਿਆਂ ਨੂੰ ਹੀ ਉੱਚ ਅਹੁਦਿਆਂ ਤੇ ਤਾਇਨਾਤ ਕੀਤਾ ਜਾਂਦਾ ਸੀ, ਜਿਸ ਕਰਕੇ ਪੰਜਾਬ ਵਕਫ ਬੋਰਡ ਦੀਆਂ ਜਾਇਦਾਦਾਂ ਦੀ ਅੰਨ੍ਹੀ ਲੁੱਟ ਕੀਤੀ ਗਈ। ਸਰਕਾਰਾਂ ਦੀ ਚਹੇਤਿਆਂ ਵੱਲੋਂ ਪੰਜਾਬ ਵਕਫ ਬੋਰਡ ਦੀਆਂ ਜ਼ਮੀਨਾਂ ਨੂੰ ਮਨ ਮਰਜ਼ੀਆਂ ਰਾਹੀਂ ਪਟਿਆਂ ਤੇ ਦਿੱਤਾ ਗਿਆ ਅਤੇ ਮੁਸਲਮਾਨ ਭਾਈਚਾਰੇ ਦੀ ਰਾਇ ਤਕ ਨਹੀਂ ਜਾਣੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਵਕਫ ਬੋਰਡ ਮੁਸਲਮਾਨ ਭਾਈਚਾਰੇ ਦਾ ਇੱਕ ਵੱਡਾ ਅਦਾਰਾ ਹੈ ਜਿਸ ਦੀ ਚੋਣ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ ਤੇ ਪੰਜਾਬ ਵਕਫ ਬੋਰਡ ਚ ਵੀ ਜ਼ਿਲ੍ਹਿਆਂ ਨਾਲ ਸਬੰਧਤ ਮੈਂਬਰ ਸ਼ਾਮਲ ਕੀਤੇ ਜਾਣ, ਤਾਂ ਜੋ ਜ਼ਿਲ੍ਹਿਆਂ ਦੀ ਕੰਮਕਾਰ ਨੂੰ ਸਬੰਧਤ ਮੈਂਬਰ ਹੀ ਦੇਖ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨਾਂ ਵੱਲੋਂ ਵੱਡੀਆਂ ਧਾਂਦਲੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਅਖੀਰ ਮੁਸਲਮਾਨ ਆਗੂਆਂ ਨੇ ਐਚ ਆਰ ਮੋਫਰ ਨੂੰ ਸੂਬਾ ਪ੍ਰਧਾਨ ਤੇ ਮੁਹੰਮਦ ਹੰਸ ਮਾਨਸਾ ਖੁਰਦ ਨੂੰ ਪੰਜਾਬ ਦੇ ਚੇਅਰਮੈਨ ਲਾਏ ਜਾਣ ਦੀ ਮੰਗ ਕੀਤੀ।

ਐੱਸ ਸੀ ਵਿਦਿਆਰਥੀਆਂ ਦੀ ਫੀਸ ਤੇ ਲੱਗਣ ਵਾਲੇ ਜੁਰਮਾਨੇ ਨੂੰ ਲੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਗ ਪਤੱਰ     

  ਮਹਿਲ ਕਲਾਂ/ਬਰਨਾਲਾ- 29 ਅਕਤੂਬਰ- (ਗੁਰਸੇਵਕ ਸਿੰਘ ਸੋਹੀ)- ਦਿਹਾਤੀ ਮਜ਼ਦੂਰ ਸਭਾ ਅਤੇ ਸੀ ਟੀ ਯੂ ਪੰਜਾਬ ਦੀ ਜ਼ਿਲ੍ਹਾ ਬਰਨਾਲਾ ਇਕਾਈਆਂ ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਭੋਲਾ ਸਿੰਘ ਕਲਾਲ ਮਾਜਰਾ ਅਤੇ ਸੀ ਟੀ ਯੂ ਦੀ ਸੂਬਾ ਜੁਆਇੰਟ ਸਕੱਤਰ ਕਾਮਰੇਡ ਪਰਮਜੀਤ ਕੌਰ ਕਮੇਟੀ ਦੀ ਅਗਵਾਈ ਹੇਠ ਜਥੇਬੰਦੀਆਂ ਦੇ ਇਕ ਵਫ਼ਦ ਵੱਲੋਂ ਬੀਤੇ ਦਿਨੀਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਰਾਹੀਂ 13 ਅਕਤੂਬਰ 2021 ਨੂੰ ਜਾਰੀ ਕੀਤੇ ਪੱਤਰ ਰਾਹੀਂ ਸਕੂਲਾਂ ਵਿੱਚ ਦਸਵੀਂ ਤੇ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੇ ਐਸ.ਸੀ ਵਿਦਿਆਰਥੀਆਂ ਦੀਆ ਭਰਾਈਆਂ ਜਾ ਰਹੀਆਂ ਫ਼ੀਸਾਂ ਤੇ ਲੱਗਣ ਵਾਲੇ ਜੁਰਮਾਨੇ ਨੂੰ ਲੈ ਕੇ ਸਬ ਤਹਿਸੀਲ ਮਹਿਲ ਕਲਾਂ ਦੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂ ਉੱਪਰ ਆਪਣਾ ਇੱਕ ਮੰਗ ਪੱਤਰ ਦਿੱਤਾ ਅਤੇ ਵਧਾਈਆਂ ਫੀਸਾਂ ਅਤੇ ਭਰਾਏ ਜਾ ਰਹੇ ਜੁਰਮਾਨੇ ਦੇ ਲਏ ਫੈਸਲੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ । 
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਅਤੇ ਸੀ ਟੀ ਯੂ ਪੰਜਾਬ ਦੀ ਸੂਬਾ ਜੁਆਇੰਟ ਸਕੱਤਰ ਕਾਮਰੇਡ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਸਰਕਾਰੀ ਸਕੂਲਾਂ ਚ ਪਡ਼੍ਹਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਸਕੂਲਾਂ ਵਿੱਚ ਐਸ ਸੀ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦਸਵੀਂ ਕਲਾਸ ਦੇ ਪ੍ਰਤੀ ਵਿਦਿਆਰਥੀਆਂ ਪਾਸੋਂ 29 ਅਕਤੂਬਰ 2021 ਤੱਕ 1300 ਰੁਪਏ ਅਤੇ ਬਾਰ੍ਹਵੀਂ ਕਲਾਸ ਦੇ ਪ੍ਰਤੀ ਵਿਦਿਆਰਥੀਆਂ ਪਾਸੋਂ 1700 ਰੁਪਏ ਫੀਸਾਂ 8 ਨਵੰਬਰ 2021 ਤੱਕ ਵਸੂਲਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹੁਕਮਾਂ ਅਨੁਸਾਰ ਇਕ ਹਫ਼ਤਾ ਲੇਟ ਫ਼ੀਸ ਭਰਨ ਤੇ ਵਿਦਿਆਰਥੀ ਪਾਸੋ 500 ਰੁਪਏ ਦੋ ਹਫ਼ਤੇ ਲੇਟ ਫ਼ੀਸ ਭਰਨ ਤੇ 1000 ਰੁਪਏ ਤਿੰਨ ਹਫ਼ਤੇ ਲੇਟ ਫੀਸ ਭਰਨ ਤੇ 2000 ਰੁਪਏ  ਲੇਟ ਫੀਸ ਭਰਨ ਲਿਆ ਫ਼ੈਸਲਾ ਸਿੱਧੇ ਤੌਰ ਤੇ ਗ਼ਰੀਬ ਅਤੇ ਮਜ਼ਦੂਰ ਵਿਰੋਧੀ ਫ਼ੈਸਲੇ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਸਰਕਾਰ ਟੇਢੇ ਢੰਗ ਨਾਲ ਸਿੱਖਿਆ ਵਿਭਾਗ ਦਾ ਨਿੱਜੀਕਰਨ ਨੂੰ ਬੜਾਵਾ ਦੇਣ ਤੇ ਤੁਲੀ ਹੋਈ ਹੈ ।ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕਦੇ ਸਿੱਖਿਆ ਨੂੰ ਮੁਫ਼ਤ ਦੇਣ ਐਸ ਸੀ ਵਰਗ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਅਤੇ ਬਿਜਲੀ ਮੀਟਰਾਂ ਦੇ ਬਕਾਏ ਮੁਆਫ ਕਰਨ ਅਤੇ ਤਿੱਨ ਸੌ ਯੂਨਿਟ ਤਕ ਬਿਜਲੀ ਮੁਆਫ਼ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਚੋਣ ਸਟੰਟ ਕਰਕੇ ਲੋਕਾਂ ਨੂੰ ਵੋਟ ਬਟੋਰ ਲਈ ਡਰਾਮੇਬਾਜ਼ੀ ਕਰ ਰਹੀਆਂ ਪਰ ਰਾਜ ਸਰਕਾਰ ਨੇ ਕੇਂਦਰ ਸਰਕਾਰ ਦੀ ਰਾਹ ਤੇ ਚਲਦਿਆਂ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਫੀਸਾਂ ਵਿਚ ਬੇਲੋੜਾ ਵਾਧਾ ਕਰਕੇ ਵਿਦਿਆਰਥੀਆਂ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਜੋ ਕਿ ਜਥੇਬੰਦੀਆਂ ਸਰਕਾਰ ਦੇ ਅਜਿਹੇ ਨਵੇਂ ਨਵੇਂ ਫ਼ੈਸਲਿਆਂ ਨੂੰ ਕਦੇ ਲਾਗੂ ਨਹੀਂ ਹੋਣ ਦੇਣਗੀਆਂ ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਸਵੀਂ ਅਤੇ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਫ਼ੀਸਾਂ ਵਿੱਚ ਬੇਲੋੜਾ ਕੀਤੇ ਵਾਅਦੇ ਅਤੇ ਜੁਰਮਾਨੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਉਕਤ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਦੀ ਲੁੱਟ ਕਰਨੀ ਬੰਦ ਨਾ ਕੀਤੀ ਤਾਂ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਬਰਨਾਲਾ ਅੰਦਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਨਵਜੋਤ ਤਿਵਾਡ਼ੀ ਨੇ ਜਥੇਬੰਦੀਆਂ ਦੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਸਬੰਧੀ ਉਹ ਮੰਗ ਪੱਤਰ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਪੰਜਾਬ ਸਰਕਾਰ ਤੱਕ  ਪਹਿਲ ਦੇ ਅਧਾਰ ਤੇ ਪਹੁੰਚਦਾ ਕਰਨਗੇ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਸੱਦੋਵਾਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਕਲਾਂ ਆਦਿ ਵੀ ਹਾਜ਼ਰ ਸਨ।