You are here

ਮੁੱਖ ਮੰਤਰੀ ਚੰਨੀ ਨੇ ਆਟੋ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਪੀਤੀ ਚਾਹ, ਸੁਣੀਆਂ ਸਮੱਸਿਆਵਾਂ 

ਜਗਰਾਓਂ 22 ਨਵੰਬਰ (ਅਮਿਤ ਖੰਨਾ) ਆਮ ਲੋਕਾਂ ਵਿੱਚ ਵਿਚਕਾਰ ਆਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਟਾਈਲ ਜਨਤਾ ਨੂੰ ਖੂਬ ਪਸੰਦ ਆ ਰਿਹਾ ਹੈ। ਸੋਮਵਾਰ ਨੂੰ ਲੁਧਿਆਣਾ ਫੇਰੀ ਦੇ ਦੌਰਾਨ ਮੁੱਖ ਮੰਤਰੀ ਚੰਨੀ ਨੇ ਆਪਣਾ ਕਾਫ਼ਲਾ ਇਕਦਮ ਗਿੱਲ ਚੌਕ ਦੇ ਲਾਗੇ ਪੈਂਦੇ ਆਟੋ ਐਸੋਸੀਏਸ਼ਨ ਦਫ਼ਤਰ ਦੇ ਬਾਹਰ ਰੋਕ ਲਿਆ ਅਤੇ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਹੀ ਆਟੋ ਚਾਲਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਆਟੋ ਚਾਲਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਆਟੋ ਐਸੋਸੀਏਸ਼ਨ ਦੇ ਦਫਤਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਲੁਧਿਆਣਾ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਚਾਹ ਦੀਆਂ ਚੁਸਕੀਆਂ ਲਈਆਂ ਅਤੇ ਆਟੋ ਚਾਲਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਮੁੱਖ ਮੰਤਰੀ ਨੇ ਆਟੋ ਚਾਲਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਆਟੋ ਚਾਲਕਾਂ ਦੇ ਪੁਰਾਣੇ ਜੁਰਮਾਨੇ ਮਾਫ ਕਰ ਦੇਣ ਦੀ ਗੱਲ ਕਹੀ। ਉਨ੍ਹਾਂ ਇਹ ਵੀ ਯਕੀਨ ਦਿਵਾਇਆ ਕਿ ਆਟੋ ਚਾਲਕਾਂ ਉਪਰ ਪੁਲਿਸ ਦਾ ਡੰਡਾ ਨਹੀਂ ਚੱਲੇਗਾ। ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਸਡ਼ਕ ਵਿਚਕਾਰ ਪੀਲੀ ਲਾਈਨ ਲਗਾਈ ਜਾਵੇਗੀ।ਉਨ੍ਹਾਂ ਆਖਿਆ ਕਿ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਾ ਜਲਦ ਨਿਪਟਾਰਾ ਕਰਨਾ ਹੀ ਉਨ੍ਹਾਂ ਦਾ ਪਹਿਲਾ ਕੰਮ ਹੈ।