You are here

ਅਧੂਰੇ ਪਏ ਕੰਮਾਂ ਨੂੰ ਚਾਲੂ ਕਰਵਾਉਣ ਲਈ ਸੁੰਦਰ ਨਗਰ ਵਾਸੀਆਂ ਨੇ ਨਗਰ ਕੌਸਲ ਦੇ ਦੁਆਰ ਮੂਹਰੇ ਧਰਨਾ ਲਗਾਇਆ

ਜਗਰਾਓਂ/ਲੁਧਿਆਣਾ,ਫ਼ਰਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸਥਾਨਕ ਸੁੰਦਰ ਨਗਰ ਮੁਹੱਲੇ ਦੇ ਅਧੂਰੇ ਪਏ ਕੰਮਾਂ ਨੂੰ ਨੇਪਰੇ ਨਾ ਚਾੜ੍ਹਨ 'ਤੇ ਇਥੋਂ ਦੇ ਵਾਸੀਆਂ ਨੇ ਹਮਿਖ਼ਆਲੀਆਂ ਨੂੰ ਨਾਲ ਲੈ ਕੇ ਨਗਰ ਕੌਸਲ ਦੇ ਮੁੱਖ ਦੁਆਰ ਮੂਹਰੇ ਧਰਨਾ ਲਾ ਦਿੱਤਾ | ਇਸ ਧਰਨੇ ਵਿਚ ਵੱਖ-ਵੱਖ ਬੁਲਾਰਿਆਂ ਨੇ ਨਗਰ ਕੌਸਲ ਦੀ ਕਾਰਗੁਜਾਰੀ ਨੂੰ ਖੂਬ ਭੰਡਿਆ ਅਤੇ ਪੰਜਾਬ ਦੀ ਸਭ ਤੋਂ ਵੱਧ ਭਿ੍ਸ਼ਟ ਕੌਸਲ ਆਖ ਕੇ ਕੋਸਿਆ | ਚਾਰ ਘੱਟੇ ਚੱਲੇ ਇਸ ਧਰਨੇ ਨੂੰ ਚੁਕਾਉਣ ਲਈ ਐੱਸ.ਓ. ਸਤਿਆਜੀਤ, ਇੰਸਪੈਕਟਰ ਜਗਸ਼ੀਰ ਸਿੰਘ ਅਤੇ ਸੈਨਟਰੀ ਇੰਸਪੈਕਟਰ ਸ਼ਿਆਮ ਭੱਟ ਧਰਨਾਕਾਰੀਆਂ ਕੋਲ ਪਹੁੰਚੇ ਪਰ ਉਹ ਪ੍ਰਧਾਨ ਜਾਂ ਈ.ਓ. ਨਾਲ ਹੀ ਗੱਲਬਾਤ ਕਰਨ ਪ੍ਰਤੀ ਬਜ਼ਿਦ ਰਹੇ | ਆਖਰ ਕਾਰਜ ਸਾਧਕ ਅਧਿਕਾਰੀ ਸੁਖਦੇਵ ਸਿੰਘ ਰੰਧਾਵਾ ਨੇ ਧਰਨਾਕਾਰੀਆਂ ਨੂੰ ਦਫ਼ਤਰ ਵਿਖੇ ਬੁਲਾ ਕੇ ਗੱਲਬਾਤ ਦੌਰਾਨ ਹੋ ਰਹੀ ਦੇਰੀ ਦੇ ਤਕਨੀਕੀ ਕਾਰਨ ਦੱਸੇ | ਉਨ੍ਹਾਂ ਭਰੋਸਾ ਦਿੱਤਾ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਦੋ ਮਹੀਨਿਆਂ ਦੇ ਅੰਦਰ-ਅੰਦਰ ਕੰਮ ਨੂੰ ਚਾਲੂ ਕਰਵਾਉਣ ਦਾ ਭੋਰਸਾ ਦਿੱਤਾ ਤੇ ਧਰਨੇ ਨੂੰ ਚੁਕਾਇਆ | ਧਰਨਾਕਾਰੀਆਂ ਨੇ ਸੜਕ 'ਤੇ ਜਾਮ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸਿਟੀ ਇੰਚਰਾਜ ਜਗਜੀਤ ਸਿੰਘ ਨੇ ਸੂਝਬੂਝ ਨਾਲ ਧਰਨਕਾਰੀਆਂ ਨੂੰ ਸੜਕ ਤੋਂ ਉਠਾ ਦਿੱਤਾ ਤੇ ਧਰਨਾਕਾਰੀ ਮੁੜ ਨਗਰ ਕੌਸਲ ਦੇ ਗੇਟ ਮੂਹਰੇ ਬੈਠ ਗਏ | ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਦੇ ਬਾਹਰੀ ਵਾਰਡ ਦੇ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਨਗਰ ਕੌਸਲ ਵਲੋਂ ਕੋਈ ਵੀ ਵਿਸ਼ੇਸ਼ ਯੋਜਨਾ ਨਹੀਂ ਬਣਾਈ ਗਈ | ਜਦਕਿ ਅੰਦਰੂਨੀ ਸ਼ਹਿਰ ਦੀਆਂ ਪੱਕੀਆਂ ਗਲੀਆਂ ਨੂੰ ਤੋੜ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ ਦੇ ਅਕਸਰ ਨਗਰ ਕੌਸਲ 'ਤੇ ਦੋਸ਼ ਲੱਗਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਜਗਰਾਉਂ ਸ਼ਹਿਰ ਦੀ ਬਦਕਿਸਮਤੀ ਇਹ ਹੈ ਕਿ ਇਥੇ ਹਰ ਰਾਜਸੀ ਪਾਰਟੀ ਨੇ ਬਾਹਰੋਂ ਆਗੂ ਢੋਅ ਕੇ ਥੋਪੇ ਹੋਏ ਹਨ ਜੋ ਚੋਣਾਂ ਮੌਕੇ ਸਰਗਰਮ ਹੁੰਦੇ ਪਰ ਅੱਗੋਂ ਪਿੱਛੇ ਕਿਸੇ ਦੀ ਸਾਰ ਨਹੀਂ ਲੈਂਦੇ | ਇਸ ਮੌਕੇ ਮਾ: ਅਵਤਾਰ ਸਿੰਘ, ਹਰਦੀਪ ਸਿੰਘ ਢੋਲਣ, ਕਰਮਜੀਤ ਸਿੰਘ ਕੈਂਥ ਕਾਮਰੇਡ ਅਵਤਾਰ ਸਿੰਘ, ਸਰੂਪ ਸਿੰਘ, ਮੁਖਤਿਆਰ ਸਿੰਘ, ਨਿਰਮਲ ਸਿੰਘ ਧਾਲੀਵਾਲ, ਜਗਰੂਪ ਸਿੰਘ, ਹਰਨਰਾਇਣ ਸਿੰਘ, ਕੌਰ ਸਿੰਘ, ਗਗਨਦੀਪ ਕੌਰ, ਜੋਗਿੰਦਰ ਆਜ਼ਾਦ , ਦੇਵੀ ਦਿਆਲ, ਡਾ: ਸਾਧੂ ਸਿੰਘ ਆਦਿ ਹਾਜ਼ਰ ਸਨ |