15 ਫਰਵਰੀ ਦਿਨ ਮੰਗਲਵਾਰ ਨੂੰ ਅਗਵਾੜ ਲੋਪੋ ਜਗਰਾਉਂ ਵਿਖੇ ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਹੋਵੇਗੀ ਕਨਵੈਨਸ਼ਨ
ਜਗਰਾਉਂ, 14 ਫ਼ਰਵਰੀ ( ਜਸਮੇਲ ਗ਼ਾਲਿਬ )ਅੱਜ ਲੁਧਿਆਣਾ ਜਿਲੇ ਦੇ ਵਖ ਵਖ ਬਲਾਕਾਂ ਅਧੀਨ ਦਰਜਨਾਂ ਪਿੰਡਾਂ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੱਦੇ ਤੇ ਕਿਸਾਨ ਮਰਦ ਔਰਤਾਂ ਨੇ ਮੋਦੀ ਹਕੂਮਤ ਦੇ ਪੁਤਲੇ ਫੂਕ ਕੇ ਅਪਣੇ ਰੋਹ ਤੇ ਰੋਸ ਦਾ ਜੋਰਦਾਰ ਇਜਹਾਰ ਕੀਤਾ। ਵਿਧਾਨ ਸਭਾ ਚੋਣਾਂ ਚ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੀ ਹਿਮਾਇਤ ਚ ਵੋਟਾਂ ਮੰਗਣ ਲਈ ਪੰਜਾਬ ਚ ਜਲੰਧਰ ਸਮੇਤ ਕਈ ਥਾਵਾਂ ਤੇ ਕੀਤੀਆਂ ਜਾ ਰਹੀਆਂ ਇਨਾ ਰੈਲੀਆਂ ਦਾ ਵਿਰੋਧ ਕਰਦਿਆਂ ਪੁਤਲੇ ਫੂਕ ਕੇ ਸਾਰੇ ਹੀ ਥਾਵਾਂ ਤੇ ਜੋਰ ਨਾਲ ਗਲ ਉਭਾਰੀ ਕਿ ਪੰਜਾਬ ਦੇ ਕਿਸਾਨਾਂ ਦੀ ਇਕ ਵੀ ਵੋਟ ਭਾਜਪਾ ਦੇ ਹੱਕ ਚ ਨਹੀਂ ਜਾਵੇਗੀ।
ਇਸ ਸਮੇਂ ਵਖ ਵਖ ਥਾਵਾਂ ਤੇ ਇਕਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਾਢੇ ਸੱਤ ਸੋ ਤੋਂ ਉਪਰ ਕਿਸਾਨ ਸ਼ਹੀਦਾਂ ਦੇ ਕਾਤਲ ਕੋਲ ਪੰਜਾਬੀਆਂ ਤੋਂ ਵੋਟਾਂ ਮੰਗਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਕਾਰਪੋਰੇਟਾਂ ਦਾ ਪੰਜਾਬ ਦੇ ਕਿਸਾਨਾਂ ਦੀ ਜਮੀਨਾਂ ਤੇ ਕਬਜਾ ਕਰਾਉਣ , ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕੱਢਣ ਲਈ ਲਿਆਂਦੇ ਕਾਲੇ ਕਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਦੇ ਕਿਸਾਨਾਂ ਨੂੰ ਡੇਢ ਸਾਲ ਲੰਮੀ ਜਦੋਜਹਿਦ ਕਰਨੀ ਪਈ ਹੈ। ਕਿਸਾਨਾਂ ਨੂੰ ਅੰਦੋਲਨ ਜੀਵੀ, ਮਵਾਲੀ, ਅੱਤਵਾਦੀ ਦੱਸਣ ਵਾਲਾ ਮੋਦੀ ਕਿਹੜੇ ਮੁੰਹ ਨਾਲ ਵੋਟਾਂ ਮੰਗਣ ਆਇਆ ਹੈ।
ਦੋਆਬੇ ਦੇ ਕਿਸਾਨ ਆਗੂਆਂ ਨੂੰ ਘਰਾਂ ਚ ਨਜ਼ਰਬੰਦ ਕਰਕੇ, ਜਲੰਧਰ ਤੇ ਧਨੌਲਾ ਵਿਖੇ ਭਾਜਪਾਈ ਲੀਡਰਾਂ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਨੂੰ ਰਾਹਾਂ ਚ ਰੋਕ ਕੇ ਜਮਹੂਰੀ ਹੱਕਾਂ ਦਾ ਗਲਾ ਘੋਟਿਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਕਤਲਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਸਰਕਾਰ ਦੀ ਮਿਲੀਭੁਗਤ ਨਾਲ ਜਮਾਨਤ ਦੇ ਕੇ ਕਿਸਾਨਾਂ ਦੇ ਜਖਮਾਂ ਤੇ ਮੋਦੀ ਨੇ ਲੂਣ ਛਿੜਕਿਆ ਹੈ। ਉਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਨੀਆਂ ਮੰਗਾਂ ਐਮ ਐਸ ਪੀ ਲਈ ਕਮੇਟੀ ਦਾ ਨਿਰਮਾਣ, ਝੂਠੇ ਪੁਲਸ ਕੇਸਾਂ ਦੀ ਵਾਪਸੀ , ਸ਼ਹੀਦ ਕਿਸਾਨ ਪਰਿਵਾਰਾਂ ਲਈ ਮੁਆਵਜਾ ਤੇ ਸਰਕਾਰੀ ਨੌਕਰੀ ਆਦਿ ਮੰਗਾਂ ਨੂੰ ਜਾਣਬੁੱਝ ਕੇ ਲਟਕਾ ਕੇ ਕਿਸਾਨਾਂ ਨਾਲ ਦੁਸ਼ਮਣੀ ਨੂੰ ਭਾਜਪਾ ਤਿੱਖਾ ਕਰ ਰਹੀ ਹੈ ਜਿਸ ਤੋਂ ਕਿਸਾਨ ਡਰਨ ਵਾਲੇ ਨਹੀਂ ਹਨ। ਉਹ ਅਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਜਿੰਦਗੀ ਮੋਤ ਦੀ ਲੜਾਈ ਲੜਣਗੇ।
ਇਨਾਂ ਅਰਥੀ ਫੂਕ ਪ੍ਰਦਰਸ਼ਨਾਂ ਨੂੰ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ, ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਗੁਰਮੇਲ ਸਿੰਘ ਭਰੋਵਾਲ, ਹਰਦੀਪ ਸਿੰਘ ਟੂਸੇ, ਕੁਲਦੀਪ ਸਿੰਘ ਖਾਲਸਾ, ਅਮਰਜੀਤ ਸਿੰਘ ਲੀਲ, ਰਣਧੀਰ ਸਿੰਘ ਓਪਲ, ਮਨਦੀਪ ਸਿੰਘ ਭੰਮੀਪੁਰਾ ਆਦਿ ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਮੋਦੀ ਹਕੂਮਤ ਦੇ ਪੁਤਲੇ 16 ਫਰਵਰੀ ਨੂੰ ਵੀ ਤਹਿਸੀਲ ਤੇ ਜਿਲਾ ਪੱਧਰ ਤੇ ਫੂਕੇ ਜਾਣਗੇ।
ਇਨਕਲਾਬੀ ਕੇਂਦਰ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ 15 ਫਰਵਰੀ ਦਿਨ ਮੰਗਲਵਾਰ ਸਵੇਰੇ 11 ਵਜੇ ਸ਼ਹੀਦ ਭਗਤ ਸਿੰਘ ਪਾਰਕ ਅਗਵਾੜ ਲੋਪੋ ,ਜਗਰਾਂਓ ਵਿਖੇ ਵਿਧਾਨ ਸਭਾ ਚੋਣਾਂ ਚ ਅਪਣੇ ਨਜ਼ਰੀਏ ਦੇ ਪ੍ਰਚਾਰ ਲਈ ਕਨਵੈਨਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। "ਰਾਜ ਬਦਲੋ ਸਮਾਜ ਬਦਲੋ" ਕਨਵੈਨਸ਼ਨ ਨੂੰ ਉਘੇ ਬੁਧੀਜੀਵੀ ਮੁਖਤਿਆਰ ਪੂਹਲਾ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਾਰਾਇਣ ਦੱਤ ਸੰਬੋਧਨ ਕਰਨਗੇ।ਇਹ ਜਾਣਕਾਰੀ ਕੰਵਲਜੀਤ ਖੰਨਾ ਅਤੇ ਇੰਦਰਜੀਤ ਸਿੰਘ ਧਾਲੀਵਾਲ ਨੇ ਦਿੱਤੀ।