ਜਗਰਾਉਂ ਬੱਸ ਸਟੈਂਡ ਉੱਪਰ ਗ੍ਰੀਨ ਪੰਜਾਬ ਮਿਸ਼ਨ ਟੀਮ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552 ਪ੍ਰਕਾਸ਼ ਪੁਰਬ 552 ਹਰਬਲ ਬੂਟਿਆਂ ਦਾ ਜੰਗਲ ਲਾ ਕੇ ਮਨਾਇਆ  

ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਪੰਜਾਬ ਸਰਕਾਰ ਤੋ ਹਰੇਕ ਬੱਸ ਸਟੈਂਡ ਉੱਪਰ ਹਰਬਲ ਜੰਗਲ ਲਗਾਉਣ ਦੀ ਮੰਗ ਕੀਤੀ ਗਈ  

ਜਗਰਾਉਂ , 21 ਨਵੰਬਰ   (ਗੁਰਕੀਰਤ ਜਗਰਾਉਂ ) ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਸਥਾਨਕ ਬੱਸ ਅੱਡੇ ਵਿਖੇ 552 ਹਰਬਲ ਪੌਦਿਆਂ ਦੇ ਜੰਗਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੰਗਲ ਲਾ ਕੇ ਲੋਕ ਅਰਪਿਤ ਕੀਤਾ ਗਿਆ। ਜਾਣਕਾਰੀ ਲਈ ਦੱਸ ਦਈਏ ਕਿ ਜਗਰਾਉਂ ਬੱਸ ਸਟੈਂਡ ਉੱਪਰ ਜਿਹੜੀ ਬੇਕਾਰ ਸਮਝੀ ਜਾਂਦੀ ਜਗ੍ਹਾ ਸੀ ਜਿਸ ਉੱਪਰ ਅਵਾਰਾ ਪਸ਼ੂ ਅਤੇ ਕੂੜਾ ਕਰਕਟ ਸੁੱਟਣ ਲਈ ਹੀ ਵਰਤਿਆ ਜਾਂਦਾ ਸੀ ਉਸ ਨੂੰ ਅੱਜ ਬੱਸ ਸਟੈਂਡ ਦੀ ਖ਼ੂਬਸੂਰਤੀ ਲਈ ਵਰਤ ਕੇ ਇਕ ਜਗਰਾਉਂ ਸ਼ਹਿਰ ਵਾਸੀਆਂ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਵੇਕਲਾ ਤੋਹਫ਼ਾ ਦਿੱਤਾ। ਇਸ ਮੌਕੇ ਸੰਸਥਾ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਪੰਜਾਬ ਦੀ ਧਰਤੀ ਦੇ ਇੱਕ ਤਿਹਾਈ ਹਿੱਸੇ ਨੂੰ ਹਰਿਆ ਭਰਿਆ ਜੰਗਲ ਬਣਾਉਣਾ ਹੈ।

ਉਨਾਂ ਕਿਹਾ ਕਿ ਜਗਰਾਓਂ ਵਿੱਚ 500 ਜੜੀ ਬੂਟੀਆਂ ਦੇ ਜੰਗਲ ਅਤੇ 10000 ਪੌਦਿਆਂ ਦੇ ਜੰਗਲ ਲਗਾਉਣ ਤੋਂ ਇਲਾਵਾ 60,000 ਤੋਂ ਵੱਧ ਪੌਦੇ ਮੁਫ਼ਤ ਵੰਡੇ ਹਨ। ਉਨਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਜਗ੍ਹਾ ਅਲਾਟ ਕਰ ਕੇ ਉੱਥੇ ਪਾਣੀ ਤੇ ਚਾਰਦੀਵਾਰੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਹਰੇਕ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ 'ਤੇ ਹਰਬਲ ਜੰਗਲ ਲਗਾਏ ਜਾ ਸਕਣ ।

ਸਮਾਗਮ 'ਚ ਕੁਦਰਤ ਨੂੰ ਪਿਆਰ ਕਰਨ ਵਾਲੇ ਵਾਤਾਵਰਨ ਪੇ੍ਮੀਆਂ ਨੂੰ 'ਨੇਚਰ ਲਵਰ' ਨਾਲ ਸਨਮਾਨਿਤ ਕੀਤਾ। ਇਸ ਮੌਕੇ  ਪੋ੍ਫੈਸਰ ਕਰਮ ਸਿੰਘ, ਕੇਵਲ ਕ੍ਰਿਸ਼ਨ ਮਲਹੋਤਰਾ, ਮੇਜਰ ਸਿੰਘ ਸ਼ੀਨਾ ,ਰੇਲਵੇ ਵਿਭਾਗ ਦੇ ਸੁਖਵਿੰਦਰ ਸਿੰਘ ਗਰੇਵਾਲ, ਜੰਗਲਾਤ ਵਿਭਾਗ, ਪੰਜਾਬ ਰੋਡਵੇਜ਼ ਦੇ ਜੀਐੱਮ, ਐਡਵੋਕੇਟ ਰਘਬੀਰ ਸਿੰਘ ਤੂਰ, ਡੀਈਓ ਲਖਬੀਰ ਸਿੰਘ ਸਮਰਾ, ਚੇਅਰਮੈਨ ਗੇਜਾ ਰਾਮ , ਕੈਪਟਨ ਨਰੇਸ਼ ਵਰਮਾ, ਮਹਿੰਦਰ ਸਿੰਘ ਕਮਾਲਪੁਰਾ, ਰਾਜ ਕੁਮਾਰ ਭੱਲਾ, ਹਰਿੰਦਰਪਾਲ ਸਿੰਘ ਮਣਕੂ ਕਾਲਾ, ਨਰਾਇਣ ਸਿੰਘ ਮੱਲੇਆਣਾ , ਬਲਦੇਵ ਸਿੰਘ ਦਿਓਲ ਸ਼ੇਰਪੁਰ ਕਲਾਂ, ਕੰਚਨ ਗੁਪਤਾ ਸਮੇਤ ਵੱਡੀ ਗਿਣਤੀ ਵਿਚ ਵਾਤਾਵਰਨ ਪੇ੍ਮੀ ਹਾਜ਼ਰ ਸਨ।