ਪੰਜਾਬ ਸਰਕਾਰ ਕਿਸਾਨੀ ਮੰਗਾਂ ਨੂੰ ਜਾਇਜ਼ ਮੰਨ ਕੇ ਵੀ ਪੂਰੀਆਂ ਕਰਨ ਨੂੰ ਤਿਆਰ ਨਹੀਂ  - ਜੋਗਿੰਦਰ ਸਿੰਘ ਉਗਰਾਹਾਂ

ਨਵੀਂ ਦਿੱਲੀ 12 ਨਵੰਬਰ (ਗੁਰਸੇਵਕ ਸਿੰਘ ਸੋਹੀ ) ਦਿੱਲੀ ਦੇ ਟਿਕਰੀ ਬਾਰਡਰ 'ਤੇ ਪਕੌੜਾ ਚੌਕ ਲਾਗੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨਾਲ 2 ਮੀਟਿੰਗਾਂ ਹੋਈਆਂ ਜਿਨ੍ਹਾਂ 'ਚ  ਪੰਜਾਬ ਸਰਕਾਰ  ਨੇ ਮੰਨਿਆ ਕਿ ਤੁਹਾਡੀਆਂ ਸਾਰੀਆਂ ਮੰਗਾਂ  ਜਾਇਜ਼ ਹਨ ਪਰ ਸਰਕਾਰ ਮੰਗਾਂ ਨੂੰ ਵਾਜਬ ਦੱਸ ਕੇ ਵੀ  ਲਾਗੂ ਕਰਨ ਨੂੰ ਤਿਆਰ ਨਹੀਂ ।ਉਨ੍ਹਾਂ ਕਿਹਾ ਕਿ ਨਰਮੇ ਦੇ ਖ਼ਰਾਬੇ ਦੇ ਨੁਕਸਾਨ ਨੂੰ ਲੈ ਕੇ ਸਰਕਾਰ ਦੀ ਚੁੱਪ ਤੋੜਨ ਲਈ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਬਾਦਲ ਪਿੰਡ ਵਿਖੇ ਕੋਠੀ ਅੱਗੇ 14 ਦਿਨ ਲਗਾਤਾਰ ਮੋਰਚਾ ਲੱਗਾ ਅਤੇ ਉਸ ਤੋਂ ਬਾਅਦ 5 ਦਿਨ ਬਠਿੰਡੇ ਦਾ ਮਿੰਨੀ ਸਕੱਤਰੇਤ ਘੇਰੀ ਰੱਖਿਆ ਫਿਰ ਵੀ ਸਰਕਾਰ ਵੱਲੋਂ ਗੱਲ ਨਾ ਸੁਣਨ 'ਤੇ ਜਥੇਬੰਦੀ ਵੱਲੋਂ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਪਿੰਡਾਂ 'ਚ ਵੜਨ ਤੋਂ ਵਿਰੋਧ ਕਰਨ ਦਾ ਫ਼ੈਸਲਾ ਕਰਨ 'ਤੇ ਸਰਕਾਰ ਨੂੰ ਜਥੇਬੰਦੀ ਦੇ ਨਰਮਾ ਖ਼ਰਾਬੇ ਦੇ ਮੁਆਵਜ਼ੇ ਦੀ ਕੀਮਤ ਸੰਬੰਧੀ ਗੱਲਬਾਤ ਨਾਲ ਸਹਿਮਤ ਹੋਣਾ ਪਿਆ ਪਰ ਖਜ਼ਾਨਾ ਖਾਲੀ ਹੋਣ ਦੇ ਰਟੇ ਹੋਏ  ਝੂਠੇ ਬਹਾਨੇ ਤਹਿਤ   ਸਰਕਾਰ ਕਿਸਾਨੀ ਮੰਗਾਂ ਤੋਂ ਭੱਜ ਰਹੀ ਹੈ  ।
     ਅੱਜ ਸਟੇਜ ਤੇ  ਪੱਛਮੀ ਬੰਗਾਲ ਦੇ ਵੱਡੀ ਗਿਣਤੀ 'ਚ ਆਗੂਆਂ ਅਤੇ ਵਰਕਰਾਂ ਨੇ ਜਥੇ ਦੇ ਰੂਪ 'ਚ ਹਾਜ਼ਰੀ ਲਵਾਈ ਅਤੇ  ਸਟੇਜ ਤੋਂ ਪ੍ਰਸਨਜੀਤ ਚੈਟਰਜੀ ਅਤੇ ਸ਼ਰਦ ਭਗਤੀ ਜੀ ਨੇ ਕਿਹਾ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਮਸਲਾ ਇਕੱਲੇ ਪੰਜਾਬ, ਹਰਿਆਣਾ ਜਾਂ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਨਹੀਂ ਇਹ ਕੁੱਲ ਭਾਰਤ ਦੇ ਕਿਰਤੀ ਲੋਕਾਂ ਦੀ ਰੋਜ਼ੀ ਰੋਟੀ ਦਾ ਸਵਾਲ ਹੈ। ਇਸ ਕਰਕੇ ਅਸੀਂ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਇਸ ਸੰਘਰਸ਼ 'ਚ ਬਣਦਾ ਯੋਗਦਾਨ ਪਾਉਣ ਲਈ ਆਏ ਹਾਂ। ਮੌਜੂਦਾ ਚੱਲ ਰਹੇ ਸੰਘਰਸ਼ ਤੋਂ ਸੇਧ ਲੈ ਕੇ ਅਸੀਂ ਆਪਣੇ ਸੂਬੇ ਪੱਛਮੀ ਬੰਗਾਲ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪਿੰਡਾਂ ਅਤੇ ਸ਼ਹਿਰਾਂ 'ਚ ਜਾ ਕੇ ਸਰਕਾਰਾਂ ਦੀਆਂ ਗਲਤ ਨੀਤੀਆਂ ਤੋਂ ਜਾਣੂ ਕਰਾਵਾਂਗੇ। ਲੋਕਾਂ ਨੂੰ ਪ੍ਰੇਰ ਕੇ ਸੰਘਰਸ਼ ਦੇ ਮੈਦਾਨ 'ਚ ਤੁਹਾਡੇ ਵਾਂਗ ਦ੍ਰਿੜ੍ਹ ਇਰਾਦੇ ਨਾਲ ਡਟਣ ਦਾ ਸੱਦਾ ਦੇਵਾਂਗੇ। ਇਸੇ ਤਰ੍ਹਾਂ ਬਿਹਾਰ ਤੋਂ ਆਏ ਪੱਤਰਕਾਰ ਤਰੁਣ ਕੁਮਾਰ ਤਿਰਪਾਠੀ ਨੇ ਕਿਹਾ ਕਿ  ਮੌਜੂਦਾ ਚੱਲ ਰਿਹਾ ਕਿਸਾਨੀ ਸੰਘਰਸ਼  ਇਹ ਤਿੰਨ ਖੇਤੀ ਅਤੇ ਲੋਕ ਵਿਰੋਧੀ ਕਾਲ਼ੇ ਕਾਨੂੰਨਾਂ ਦਾ ਮਸਲਾ ਨਹੀਂ ਰਿਹਾ ਸਗੋਂ ਇਹ ਕਿਸਾਨੀ ਸੰਘਰਸ਼ ਖਰੀ ਜਮਹੂਰੀਅਤ, ਖਰੀ ਆਜ਼ਾਦੀ, ਬਰਾਬਰਤਾ, ਸਭ ਲਈ ਇਨਸਾਫ  ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਮੰਗ ਕਰਦਾ ਹੈ। ਇਸ ਸਭ ਕੁਝ ਨੂੰ ਹਾਸਲ ਕਰ ਲਈ ਲੋਕਾਂ ਦੀ ਚੇਤਨਾ 'ਚ ਵਾਧਾ ਕਰਨ ਦੀ ਲੋੜ ਬਣਦੀ ਹੈ ਕਿਉਂਕਿ ਭਾਰਤ ਦਾ ਰਾਜ ਪ੍ਰਬੰਧ ਬਿਲਕੁੱਲ ਨਿੱਘਰ ਚੁੱਕਾ ਹੈ। ਅਸੀਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ 'ਤੇ ਪਹੁੰਚ ਕੇ ਬਹੁਤ ਪ੍ਰਭਾਵਤ ਹੋਏ ਹਾਂ  ਕਿਉਂਕਿ ਤੁਹਾਡੇ ਇਕੱਠ 'ਚ ਵੱਡੀ ਗਿਣਤੀ ਔਰਤ ਭੈਣਾਂ ਨੇ ਸ਼ਮੂਲੀਅਤ ਕੀਤੀ ਹੋਈ ਹੈ। ਇੱਕ ਸਾਲ ਤੋਂ ਸੰਘਰਸ਼ ਦੇ ਮੈਦਾਨ 'ਚ ਡਟੇ ਹੋਏ ਕਿਸਾਨਾਂ ਤੋਂ ਇੱਕ ਨਵੀਂ ਰੌਸ਼ਨੀ ਮਿਲ ਰਹੀ ਹੈ ਜਿਸ ਤੋਂ ਆਸ ਬੱਝ ਰਹੀ ਹੈ ਕਿ ਲੋਕ ਹੁਣ ਇਸ ਭ੍ਰਿਸ਼ਟ ਰਾਜ ਪ੍ਰਬੰਧ ਨੂੰ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਨਗੇ। ਅਸੀਂ ਅੱਜ ਦੀ ਸਟੇਜ ਤੋਂ ਭਾਰਤ ਦੇ ਕਿਰਤੀ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਬਣਦੀ ਹੈ। ਸਟੇਜ ਦੀ ਕਾਰਵਾਈ ਗੁਰਦੇਵ ਸਿੰਘ ਕਿਸ਼ਨਪੁਰਾ ਨੇ ਬਾਖੂਬੀ ਨਿਭਾਈ ਅਤੇ ਪਰਗਟ ਸਿੰਘ ਭਿੱਖੀਵਿੰਡ, ਹਰਜੀਤ ਸਿੰਘ ਮਹਿਲਾਂ ਚੌਕ, ਹਰਦੀਪ ਕੌਰ ਤਰਨਤਾਰਨ, ਮਨਜੀਤ ਕੌਰ ਕਾਹਨੇ ਕੇ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।
ਜਾਰੀ ਕਰਤਾ ਸ਼ਿਗਾਰਾ ਸਿੰਘ ਮਾਨ ਸੂਬਾ ਸਕੱਤਰ