ਸੰਵਿਧਾਨ ਜੋੜਦੈ ਤੇ.... ✍️ ਸਲੇਮਪੁਰੀ ਦੀ ਚੂੰਢੀ

ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਨੇ  ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ ਅਤੇ ਧਾਰਮਿਕ ਸਮੇਤ ਵੱਖ ਵੱਖ ਪਹਿਲੂਆਂ ਨੂੰ ਮੱਦੇਨਜ਼ਰ ਰੱਖਦਿਆਂ ਬਹੁਤ ਵਿਗਿਆਨਿਕ ਸੋਚ ਨਾਲ ਭਾਰਤੀ ਸੰਵਿਧਾਨ ਦੀ ਸਥਾਪਨਾ ਕੀਤੀ ਸੀ, ਕਿਉਂਕਿ ਉਹ ਇਸ ਗੱਲ ਤੋਂ ਭਲੀ ਭਾਂਤ ਜਾਣੂੰ ਸਨ ਕਿ ਭਾਰਤ ਸੰਸਾਰ ਦਾ ਇਕੋ ਇਕ ਉਹ ਨਿਵੇਕਲਾ ਦੇਸ਼ ਹੈ, ਇਥੇ ਅਨੇਕਾਂ ਧਰਮ ਹਨ, 6000 ਤੋਂ ਵੱਧ ਜਾਤਾਂ ਅਤੇ ਅਨੇਕਾਂ ਕਬੀਲਿਆਂ ਵਿੱਚ ਵੰਡਿਆ ਹੋਇਆ ਸਮਾਜ ਹੈ। ਇਥੇ ਵੱਖ ਵੱਖ ਬੋਲੀਆਂ, ਵੱਖ ਵੱਖ ਰੰਗਾਂ ਅਤੇ ਵੱਖ ਵੱਖ ਨਸਲਾਂ ਵਾਲੇ ਲੋਕ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਅਜਾਦ ਭਾਰਤ ਵਿਚ ਇੱਕ ਥਾਂ ਇਕੱਠੇ ਕਰਕੇ ਰੱਖਣਾ ਬਹੁਤ ਮੁਸ਼ਕਿਲ ਹੈ। ਉਹ ਇਸ ਗੱਲ ਤੋਂ ਵੀ ਪੂਰੀ ਤਰ੍ਹਾਂ ਵਾਕਫ ਸਨ ਕਿ ਭਾਰਤ ਵਿਚ ਹਜਾਰਾਂ ਸਾਲਾਂ ਤੋਂ ਮਨੂ-ਸਿਮਰਤੀ ਦਾ ਵਿਧਾਨ ਲਾਗੂ ਹੈ, ਜਿਸ ਨੂੰ ਤੋੜ ਕੇ ਹੀ ਭਾਰਤ ਨੂੰ ਇਕ ਮੁੱਠ ਰੱਖਿਆ ਜਾ ਸਕਦਾ ਹੈ, ਇਸ ਲਈ ਉਨ੍ਹਾਂ ਨੇ  ਮਰਦ-ਔਰਤਾਂ ਸਮੇਤ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ  ਸੰਵਿਧਾਨ ਵਿੱਚ ਬਰਾਬਰਤਾ ਪ੍ਰਦਾਨ ਕੀਤੀ । ਭਾਰਤੀ ਸੰਵਿਧਾਨ ਸਦਕਾ ਹੀ ਅਜਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਸਮੁੱਚਾ ਦੇਸ਼   ਇੱਕ ਮੁੱਠੀ ਵਿੱਚ ਬੰਦ ਹੈ ਅਤੇ ਇਸ ਦੇ ਸਾਰੇ ਸੂਬੇ ਅਤੇ ਸੂਬਿਆਂ ਦੇ ਲੋਕ ਮੋਤੀਆਂ ਦਾ ਇਕ ਖੂਬਸੂਰਤ ਹਾਰ ਬਣਿਆ ਹੋਇਆ ਹੈ। ਭਾਰਤੀ ਸੰਵਿਧਾਨ ਦੇਸ਼ ਦੇ ਲੋਕਾਂ ਨੂੰ ਆਪਸ ਵਿਚ ਜੋੜ ਕੇ ਰੱਖ ਰਿਹਾ ਹੈ ਜਦਕਿ ਐਨ ਇਸ ਦੇ ਉਲਟ  ਦੇਸ਼ ਦੀਆਂ ਕੌਮੀ ਸਿਆਸੀ ਪਾਰਟੀਆਂ ਸਮੇਤ ਖੇਤਰੀ ਸਿਆਸੀ ਪਾਰਟੀਆਂ ਦੇ ਲਗਭਗ ਸਮੂਹ ਸਿਆਸਤਦਾਨ ਦੇਸ਼ ਵਿਚ ਵੰਡੀਆਂ ਪਾ ਕੇ ਆਪਣੀਆਂ ਰੋਟੀਆਂ ਸੇਕਣ ਦੀ ਤਾਕ ਵਿਚ ਰਹਿੰਦੇ ਹਨ। ਸਿਆਸਤਦਾਨ ਦੇਸ਼ ਦੇ ਲੋਕਾਂ ਨੂੰ ਧਰਮਾਂ,ਜਾਤਾਂ, ਕਬੀਲਿਆਂ, ਬੋਲੀਆਂ ਅਤੇ ਇਲਾਕਿਆਂ ਦੇ ਅਧਾਰ 'ਤੇ ਵੰਡ ਕੇ ਚੋਣਾਂ ਦੌਰਾਨ ਆਪਣੇ ਉਮੀਦਵਾਰਾਂ ਨੂੰ ਟਿਕਟਾਂ ਵੰਡਦੇ ਹਨ ਅਤੇ ਉਹ ਆਪਣੀ ਕੁਰਸੀ ਕਾਇਮ ਕਰਨ ਲਈ ਜਿਥੇ ਹਿੰਦੂ ਵੱਧ ਹੁੰਦੇ ਹਨ, ਉਥੇ ਹਿੰਦੂ ਉਮੀਦਵਾਰ ਨੂੰ ਟਿਕਟ ਦਿੰਦੇ ਹਨ, ਇਸੇ ਤਰ੍ਹਾਂ ਜਿਥੇ ਵੱਧ ਸਿੱਖ ਉਥੇ ਸਿੱਖ ਨੂੰ, ਜਿਥੇ ਮੁਸਲਮਾਨਾਂ ਦੀ ਗਿਣਤੀ ਵਧ ਉਥੇ ਮੁਸਲਮਾਨ ਨੂੰ, ਜਿਥੇ ਇਸਾਈ ਭਾਈਚਾਰੇ ਵੱਧ ਉਥੇ ਇਸਾਈ ਨੂੰ, ਇਸੇ ਤਰ੍ਹਾਂ ਹੀ ਜਿਥੇ ਅਨਸੂਚਿਤ ਜਾਤੀਆਂ /ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੀ ਗਿਣਤੀ ਦਾ ਅੰਕੜਾ ਵੱਧ ਹੁੰਦਾ ਹੈ, ਉਥੇ ਉਨ੍ਹਾਂ ਵਰਗਾਂ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਹਨ, ਜਾਣੀ ਕਿ ਜਿਸ ਹਲਕੇ ਵਿਚ ਜਿਸ ਜਾਤ/ਧਰਮ /ਫਿਰਕੇ ਦੇ ਲੋਕਾਂ ਦੀ ਗਿਣਤੀ ਵਧ ਹੁੰਦੀ ਹੈ, ਉਥੇ ਉਸੇ ਵਰਗ ਨਾਲ ਸਬੰਧਿਤ ਨੂੰ ਉਮੀਦਵਾਰ ਬਣਾਕੇ ਮੈਦਾਨ ਵਿਚ ਉਤਾਰਿਆ ਜਾਂਦਾ ਹੈ। ਗੱਲ ਇਥੇ ਹੀ ਨਹੀਂ ਮੁੱਕਦੀ, ਸਿਆਸਤਦਾਨ  ਸਮੇਂ ਸਮੇਂ 'ਤੇ ਆਪਣੀ ਕੁਰਸੀ ਕਾਇਮ ਰੱਖਣ ਲਈ ਕਈ ਵਾਰ ਤਾਂ ਬਹੁਤ ਹੀ ਥੱਲੇ ਤੱਕ ਗਰਕ ਜਾਂਦੇ ਹਨ। ਜਿਸ ਇਲਾਕੇ ਵਿਚ ਘੱਟ ਗਿਣਤੀ ਦੇ ਲੋਕ ਰਹਿੰਦੇ ਹਨ, ਉਨ੍ਹਾਂ ਦੇ ਘਰਾਂ ਨੂੰ ਅੱਗਾਂ ਲਗਵਾਉਣ ਲਈ ਘਿਨਾਉਣੇ ਕਾਰਨਾਮੇ ਕੀਤੇ ਜਾਂਦੇ ਹਨ। ਦਲਿਤਾਂ ਦੇ ਘਰ ਸਾੜਨੇ / ਆਨੇ-ਬਹਾਨੇ ਕਤਲੇਆਮ ਕਰਨਾ /ਬਲਾਤਕਾਰ ਕਰਕੇ ਮਾਰ ਦੇਣਾ /ਹੱਥ-ਪੈਰ ਵੱਢ ਕੇ ਡਰਾਉਣਾ ਮਾਹੌਲ ਪੈਦਾ ਕਰਨਾ / ਧਾਰਮਿਕ ਗ੍ਰੰਥਾਂ /ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨਾ / ਬੰਬ ਧਮਾਕੇ ਕਰਵਾਉਣਾ ਸਿਆਸਤਦਾਨਾਂ ਦੀ ਸਿਆਸਤ ਦਾ ਮੁੱਖ ਹਿੱਸਾ ਹੁੰਦਾ ਹੈ। ਇਸ ਤਰ੍ਹਾਂ ਸਿਆਸਤਦਾਨ ਦੇਸ਼ ਅਤੇ ਸਮਾਜ ਨੂੰ ਤੋੜਨ ਲਈ ਕੰਮ ਕਰਦੇ ਹਨ, ਜਦ ਕਿ ਭਾਰਤੀ ਸੰਵਿਧਾਨ ਦੇਸ਼ ਨੂੰ ਜੋੜ ਕੇ ਰੱਖ ਰਿਹਾ ਹੈ।  ਸਿਆਸਤਦਾਨ ਮਨੂ-ਸਿਮਰਤੀ ਸਿਧਾਂਤਾਂ ਉਪਰ ਚੱਲਦੇ ਹੋਏ ਆਪਣੀ ਕੁਰਸੀ ਕਾਇਮ ਰੱਖਣ ਲਈ ਦੇਸ਼ ਦੇ ਲੋਕਾਂ ਵਿਚ /ਸਮਾਜ ਵਿਚ ਵੰਡੀਆਂ ਪਾ ਕੇ ਰੱਖਣ ਨੂੰ  ਆਪਣਾ ਕਰਮ ਅਤੇ ਧਰਮ ਸਮਝਦੇ ਹਨ। ਮਨੂ-ਸਿਮਰਤੀ ਦਾ ਸਿਧਾਂਤ ਸਮਾਜ ਵਿਚ ਵੰਡੀਆਂ ਪਾ ਕੇ ਰੱਖਣਾ ਹੈ। ਆਮਤੌਰ 'ਤੇ ਅਸੀਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਅੰਗਰੇਜ 'ਪਾੜੋ ਤੇ ਰਾਜ ਕਰੋ' ਦੀ ਨੀਤੀ 'ਤੇ ਚੱਲਦੇ ਸਨ ਜਦ ਕਿ ਸੱਚ ਤਾਂ ਇਹ ਜਾਪਦਾ ਹੈ ਕਿ ਅੰਗਰੇਜ਼ਾਂ ਨੇ ਭਾਰਤ ਵਿਚ ਆ ਕੇ ਹੀ  ਇਥੋਂ ਦੇ ਸਮਾਜਿਕ ਢਾਂਚੇ ਨੂੰ ਸਮਝਦਿਆਂ 'ਪਾੜੋ ਅਤੇ ਰਾਜ ਕਰੋ' ਦੀ ਨੀਤੀ ਨੂੰ ਅਪਣਾਇਆ। ਭਾਰਤ ਦਾ ਲੰਬਾ ਸਮਾਂ ਗੁਲਾਮ ਰਹਿਣ ਦਾ ਮੁੱਖ ਕਾਰਨ ਮਨੂ-ਸਿਮਰਤੀ ਹੀ ਸੀ, ਕਿਉਂਕਿ ਭਾਰਤ ਉਪਰ ਅੰਗਰੇਜ਼ਾਂ ਸਮੇਤ ਜਿੰਨ੍ਹੇ ਵੀ ਹਮਲਾਵਰ ਆਏ ਉਨ੍ਹਾਂ ਨੇ ਇਥੋਂ ਦੇ ਸਮਾਜਿਕ ਤਾਣੇ-ਬਾਣੇ ਨੂੰ ਸਮਝ ਕੇ ਹਮਲੇ ਕੀਤੇ ਅਤੇ ਰਾਜ ਕੀਤਾ। ਹਮਲਾਵਰ ਇਹ ਗੱਲ ਭਲੀਭਾਂਤ ਜਾਣ ਗਏ ਸਨ, ਕਿ ਭਾਰਤ ਵੱਖ ਵੱਖ ਵਰਣਾਂ ਵਿਚ ਵੰਡਿਆ ਹੋਇਆ ਹੈ, ਜਿਸ ਕਰਕੇ ਕਮਜੋਰ ਹੈ ਕਿਉਂਕਿ ਇਥੇ ਕੋਈ ਵੀ ਵਰਣ ਇੱਕ ਦੂਜੇ ਨਾਲ ਮਿਲ ਕੇ ਨਹੀਂ ਚੱਲ ਸਕਦਾ, ਸਾਰੇ ਵਰਣਾਂ ਵਿਚ ਮਨੂ-ਸਿਮਰਤੀ ਸਿਧਾਂਤ ਨੇ ਡੂੰਘੀਆਂ ਖਾਈਆਂ ਪਾ ਕੇ ਰੱਖ ਦਿੱਤੀਆਂ ਸਨ। ਹਮਲਾਵਰ ਜਾਣ ਗਏ ਸਨ ਕਿ ਭਾਰਤ ਦੇ ਸਾਰੇ ਵਰਣ ਵੱਖ ਵੱਖ ਹੋਣ ਕਰਕੇ ਬਹੁਤ ਕਮਜੋਰ ਹਨ, ਜਿਸ ਕਰਕੇ ਇਥੋਂ ਦੇ ਲੋਕਾਂ ਨੂੰ ਦਬਾ ਕੇ ਰੱਖਣਾ ਸੌਖਾ ਕੰਮ ਹੈ । ਜਦੋਂ ਅਸੀਂ ਦੇਸ਼ ਦੇ ਸਿਆਸਤਦਾਨਾਂ ਦੀ ਵਿਚਾਰਧਾਰਾ ਨੂੰ ਗਹੁ ਨਾਲ ਵੇਖਦੇ ਹਾਂ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਉਹ 'ਮਨੂ-ਸਿਮਰਤੀ' ਦੀ ਵਿਚਾਰਧਾਰਾ ਨੂੰ ਅਪਣਾ ਕੇ ਲੋਕਾਂ ਵਿਚ ਵੰਡੀਆਂ ਪਾ ਕੇ ਸਮਾਜ ਨੂੰ ਤੋੜ ਰਹੇ ਹਨ, ਜੋ ਦੇਸ਼ ਲਈ ਬਹੁਤ ਹੀ ਘਾਤਕ ਸਿੱਧ ਹੋਵੇਗਾ।
-ਸੁਖਦੇਵ ਸਲੇਮਪੁਰੀ
09780620233
28 ਜਨਵਰੀ, 2022.