ਬਿਮਾਰ ਮਾਨਸਿਕਤਾ! ✍️ ਸਲੇਮਪੁਰੀ ਦੀ ਚੂੰਢੀ -

ਮਾਨਸਿਕ ਸਿਹਤ ਦਿਵਸ 'ਤੇ ਵਿਸ਼ੇਸ਼ ; ਬਿਮਾਰ ਮਾਨਸਿਕਤਾ!  ਸਲੇਮਪੁਰੀ ਦੀ ਚੂੰਢੀ -
 ਅੱਜ 10 ਅਕਤੂਬਰ ਹੈ, ਅੱਜ ਦੇ ਦਿਨ ਭਾਰਤ ਸਮੇਤ ਪੂਰੇ ਸੰਸਾਰ ਭਰ ਵਿੱਚ 'ਮਾਨਸਿਕ ਸਿਹਤ ਦਿਵਸ' ਮਨਾਇਆ ਜਾ ਰਿਹਾ ਹੈ। ਸੰਸਾਰ ਵਿੱਚ ਮਾਨਸਿਕ ਦਿਵਸ ਮਨਾਉਣ ਦੀ ਸ਼ੁਰੂਆਤ ਅੱਜ ਦੇ ਦਿਨ 1992 ਵਿਚ ਸ਼ੁਰੂ ਹੋਈ ਸੀ ਅਤੇ ਉਸ ਵੇਲੇ ਸੰਸਾਰ ਦੇ ਲਗਭਗ 150 ਦੇਸ਼ਾਂ ਵਲੋਂ ਮਾਨਸਿਕ ਦਿਵਸ ਮਨਾਉਣ ਦਾ ਅਹਿਦ ਲਿਆ ਸੀ।  ਮਾਨਸਿਕ ਦਿਵਸ ਮਨਾਉਣ ਦਾ ਮੁੱਖ ਮਕਸਦ ਸੰਸਾਰ ਦੇ ਹਰੇਕ ਨਾਗਰਿਕ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਬਣਾ ਕੇ ਰੱਖਣ ਲਈ ਪ੍ਰੇਰਿਤ ਕਰਦਿਆਂ ਜਾਗਰੂਕ ਕਰਨਾ ਹੈ ਤਾਂ ਜੋ ਉਹ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਬਤੀਤ ਕਰ ਸਕੇ। ਅੱਜ ਮਨੁੱਖ ਦੇ ਚਾਰ-ਚੁਫੇਰੇ ਸਮੱਸਿਆਵਾਂ ਅਤੇ ਮੁਸ਼ਕਿਲਾਂ ਦਾ ਵਾਤਾਵਰਣ ਘੱਤਿਆ ਹੋਣ ਕਰਕੇ ਉਹ ਮਾਨਸਿਕ ਪ੍ਰੇਸ਼ਾਨੀਆਂ ਵਿਚੋਂ ਗੁਜਰ ਰਿਹਾ ਹੈ, ਜਿਸ ਕਰਕੇ ਉਹ ਮਾਨਸਿਕ ਤੌਰ 'ਤੇ ਬਿਮਾਰ ਹੋ ਚੁੱਕਿਆ ਹੈ। ਮਾਨਸਿਕ ਤੌਰ 'ਤੇ ਬਿਮਾਰ ਮਨੁੱਖ ਕਈ ਵਾਰ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦਾ ਹੈ। ਮਾਨਸਿਕ ਪ੍ਰੇਸ਼ਾਨੀ ਤੋਂ ਪੀੜ੍ਹਤ ਮਨੁੱਖ ਦਾ ਕੰਮ ਕਰਨ ਵਿਚ ਮਨ ਨਹੀਂ ਲੱਗਦਾ।ਬਿਮਾਰ ਮਾਨਸਿਕਤਾ ਨਾਲ ਜੂਝ ਰਿਹਾ ਮਨੁੱਖ ਜਿਥੇ ਆਪਣੇ ਆਪ ਨੂੰ ਮੁਸ਼ਕਿਲਾਂ ਵਿਚ ਸੁੱਟ ਬੈਠਦਾ ਹੈ, ਉਥੇ ਉਹ ਆਪਣੇ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਵੀ  ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦੀ ਅੱਗ ਵਿਚ ਧੱਕ ਦਿੰਦਾ ਹੈ। ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਮਾਨਸਿਕ ਰੋਗੀ ਦਾ ਇਲਾਜ ਕਰਵਾ ਕੇ ਉਸ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਬਣਾਇਆ ਜਾ ਸਕਦਾ ਹੈ, ਪਰ ਬਿਮਾਰ ਮਾਨਸਿਕਤਾ ਵਾਲੇ ਰੋਗੀਆਂ ਦਾ ਇਲਾਜ ਕਿਵੇਂ ਕੀਤਾ ਜਾਵੇ, ਨੂੰ ਲੈ ਕੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਦੇ ਹੱਥ ਖੜ੍ਹੇ ਹੋ ਜਾਂਦੇ ਹਨ।
ਭਾਰਤ ਵਿੱਚ ਇਸ ਵੇਲੇ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਨੇ  ਸਮੁੱਚਾ ਦੇਸ਼ ਨੂੰ ਤਬਾਹੀ ਵੱਲ ਲਿਜਾਣ ਲਈ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ, ਜਿਸ ਕਰਕੇ ਸਮਾਜ ਦੇ ਆਮ ਲੋਕ ਅੱਜ ਤ੍ਰਾਹ ਤ੍ਰਾਹ ਕਰ ਰਹੇ ਹਨ। ਬਿਮਾਰ ਮਾਨਸਿਕਤਾ ਤੋਂ ਪੀੜ੍ਹਤ ਲੋਕਾਂ ਵਲੋਂ ਅੱਜ ਆਮ ਲੋਕਾਂ ਨੂੰ ਕੁਚਲਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਅੱਜ ਜਿਹੜੇ ਲੋਕ ਕੁਰਸੀ ਉਪਰ ਬੈਠੇ ਹਨ, ਉਹ ਆਪਣੀ ਕੁਰਸੀ ਬਚਾਉਣ ਲਈ ਅਤੇ ਜਿਹੜੇ ਲੋਕਾਂ ਕੋਲ ਕੁਰਸੀ ਨਹੀਂ ਉਹ ਕੁਰਸੀ ਖੋਹਣ ਲਈ ਅਤੇ ਜਿਹੜੇ ਲੋਕਾਂ ਕੋਲੋਂ ਕੁਰਸੀ ਖੁਸ ਗਈ ਹੈ, ਉਹ ਕੁਰਸੀ ਹਥਿਆਉਣ ਲਈ ਲੋਕਾਂ ਨੂੰ ਆਪਸ ਵਿਚ ਲੜਾਕੇ ਰੋਜ ਨਵੀਆਂ ਨਵੀਆਂ ਨਕਾਰਾਤਮਕ ਚਾਲਾਂ ਚੱਲ ਰਹੇ ਹਨ। ਭਾਰਤ ਵਿਚ ਬਿਮਾਰ ਮਾਨਸਿਕਤਾ ਵਾਲੇ ਸਰਮਾਏਦਾਰ ਦੇਸ਼ ਦਾ ਸਾਰਾ ਧਨ ਅਤੇ ਸਾਰੀ ਜਮੀਨ ਅਤੇ ਹਰ ਪ੍ਰਕਾਰ ਦੇ ਵਪਾਰ ਉਪਰ ਕਬਜ਼ਾ ਕਰਨ ਲਈ ਦੇਸ਼ ਦੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਲੱਗੇ ਪਏ ਹਨ। ਬਿਮਾਰ ਮਾਨਸਿਕਤਾ ਵਾਲੇ ਧਰਮ ਦੇ ਠੇਕੇਦਾਰ ਲੋਕਾਂ ਨੂੰ ਧਰਮ ਦੇ ਨਾਂ 'ਤੇ ਲੜਾ ਕੇ ਆਪਣੀ ਰੋਟੀ ਕਮਾ ਰਹੇ ਹਨ। ਬਿਮਾਰ ਮਾਨਸਿਕਤਾ ਵਾਲੇ ਲੋਕ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਜਾਤ-ਪਾਤ ਦੇ ਨਾਂ 'ਤੇ ਜਾਤੀ ਸੂਚਕ ਸ਼ਬਦ ਬੋਲਕੇ ਪ੍ਰੇਸ਼ਾਨ ਕਰਨ ਵਿਚ ਮਾਣ ਮਹਿਸੂਸ ਕਰ ਰਹੇ ਹਨ। ਬਿਮਾਰ ਮਾਨਸਿਕਤਾ ਵਾਲੇ ਲੋਕ ਧਰਨਾ ਦੇ ਰਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ /ਫੈਕਟਰੀ ਮਜਦੂਰਾਂ ਨੂੰ ਕੁਚਲ ਕੇ ਮਾਰ ਦੇਣ ਵਿਚ ਆਪਣੇ ਆਪ ਨੂੰ ਵਧੀਆ ਹੁਕਮਰਾਨ ਹੋਣ ਦਾ ਸਰਟੀਫਿਕੇਟ ਲੈਣ ਲਈ ਤਰਲੋ ਮੱਛੀ ਹੋ ਰਹੇ ਹਨ। ਬਿਮਾਰ ਮਾਨਸਿਕਤਾ ਵਾਲੇ ਲੋਕ ਪੰਜਾਬ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੂੰ ਸ਼ਰੇਆਮ ਆਪ-ਸ਼ਬਦ ਬੋਲ ਕੇ ਆਪਣੀ ਮੂਰਖਤਾ ਭਰੀ ਲਿਆਕਤ ਦਾ ਸਬੂਤ ਦੇਣ ਵਿਚ ਖੁਸ਼ੀ ਮਹਿਸੂਸ ਕਰ ਰਹੇ ਹਨ।
ਆਪਣੇ ਡੇਰਿਆਂ ਅਤੇ ਆਪਣੇ ਧਾਰਮਿਕ ਸਥਾਨਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਬਿਮਾਰ ਮਾਨਸਿਕਤਾ ਵਾਲੇ ਬਾਬੇ /ਸਾਧ ਅਤੇ ਪੁਜਾਰੀ ਆਮ ਲੋਕਾਂ ਨੂੰ ਰੱਬ, ਸਵਰਗ - ਨਰਕ, ਦੁੱਖ-ਸੁੱਖ ਅਤੇ ਜੰਮਣ-ਮਰਨ ਦੇ ਵਹਿਮਾਂ - ਭਰਮਾਂ ਦਾ ਡਰ ਪੈਦਾ ਕਰਨ ਵਿਚ ਲੱਗੇ ਹੋਏ ਹਨ।
ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਕੋਲ ਜੇ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਦਾ ਇਲਾਜ ਕਰਨ ਲਈ ਕੋਈ ਦਵਾਈ ਹੈ ਤਾਂ ਉਕਤ ਮਾਨਸਿਕ ਪੀੜ੍ਹਤਾਂ ਦਾ ਇਲਾਜ ਜਰੂਰ ਕਰਨ ਲਈ ਅੱਗੇ ਆਉਣ, ਨਹੀਂ ਤਾਂ ਭਾਰਤ ਦੇ ਆਮ ਲੋਕਾਂ ਦਾ ਜੀਣਾ ਦੁੱਭਰ ਹੋ ਜਾਵੇਗਾ ਅਤੇ ਉਨ੍ਹਾਂ ਕੋਲ ਖੁਦਕੁਸ਼ੀਆਂ ਕਰਨ ਤੋਂ ਬਿਨਾਂ ਹੋਰ ਕੋਈ ਵੀ ਰਾਹ ਨਹੀਂ ਬਚੇਗਾ, ਕਿਉਂਕਿ ਉਨ੍ਹਾਂ ਕੋਲ ਖਾਣ ਲਈ ਰੋਟੀ ਵੀ ਨਹੀਂ ਹੋਵੇਗੀ ਜਾਂ ਫਿਰ ਮੁਫਤ ਦੀ ਕਣਕ, ਦਾਲ ਅਤੇ ਚੌਲ ਲੈਣ ਲਈ ਕਤਾਰਾਂ ਵਿਚ ਖੜ੍ਹੇ ਹੋ ਇੱਕ - ਦੂਜੇ ਨਾਲ ਲੜਨ ਜੋਗੇ ਰਹਿ ਜਾਣਗੇ ਅਤੇ ਬਿਮਾਰ ਮਾਨਸਿਕਤਾ ਵਾਲੇ ਇਹ ਤਮਾਸ਼ਾ ਵੇਖ ਵੇਖ ਕੇ ਖੁਸ਼ ਹੋਣਗੇ।
-ਸੁਖਦੇਵ ਸਲੇਮਪੁਰੀ
09780620233
10 ਅਕਤੂਬਰ, 2021.