ਰੇਲਵੇ ਨੇ ਨਾਜਾਇਜ਼ ਉਸਾਰੇ ਕਬਜ਼ਿਆਂ'ਤੇ ਚਲਾਈ ਜੇਸੀਬੀ

ਲੋਕਾਂ ਵੱਲੋਂ ਵਿਰੋਧਸ਼ੇਰਪੁਰਾ ਰੋਡ ਰੇਲਵੇ ਦੇ ਰਸਤੇ 'ਤੇ ਫਿਰ ਦੁਕਾਨ ਦੀ ਉਸਾਰੀ ਸਮੇਤ ਹੋਰ ਕਬਜ਼ਿਆਂ ਨੂੰ ਢਾਹੁਣ ਲਈ ਅੱਜ ਜ਼ੋਰਦਾਰ ਹੰਗਾਮਾ ਹੋਇਆ

ਜਗਰਾਉਂ (ਅਮਿਤ ਖੰਨਾ, ਪੱਪੂ  ) : ਜਗਰਾਓਂ ਦੇ ਸ਼ੇਰਪੁਰਾ ਰੋਡ ਰੇਲਵੇ ਦੇ ਰਸਤੇ 'ਤੇ ਫਿਰ ਦੁਕਾਨ ਦੀ ਉਸਾਰੀ ਸਮੇਤ ਹੋਰ ਕਬਜ਼ਿਆਂ ਨੂੰ ਢਾਹੁਣ ਲਈ ਅੱਜ ਜ਼ੋਰਦਾਰ ਹੰਗਾਮਾ ਹੋਇਆ। ਹੱਥੋਪਾਈ, ਗਾਲੀ ਗਲੋਚ, ਕੁੱਟਮਾਰ ਅਤੇ ਵਿਰੋਧ ਦੇ ਬਾਵਜੂਦ ਪੁਲਿਸ ਦੇ ਲਾਮ ਲਸ਼ਕਰ ਨਾਲ ਪਹੁੰਚੀ ਰੇਲਵੇ ਟੀਮ ਦੀ ਜੇਸੀਬੀ ਨੇ ਕੁਝ ਮਿੰਟਾਂ ਵਿਚ ਹੀ ਨਾਜਾਇਜ਼ ਕਬਜੇ ਢਹਿ ਢੇਰੀ ਕਰ ਦਿੱਤੇ। ਮੰਗਲਵਾਰ ਸਵੇਰੇ ਹੀ ਜਗਰਾਓਂ ਰੇਲਵੇ ਸਟੇਸ਼ਨ ਰੇਲਵੇ ਪੁਲਿਸ, ਰੇਲਵੇ ਪੋ੍ਡਕਸ਼ਨ ਫੋਰਸ ਅਤੇ ਜਗਰਾਓਂ ਪੁਲਿਸ ਇੰਸਪੈਕਟਰ ਨਿਧਾਨ ਸਿੰਘ, ਇੰਸਪੈਕਟਰ ਜਸਕਰਨ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ 'ਚ ਇਕੱਠੀ ਹੋ ਗਈ। ਰੇਲਵੇ ਵੱਲੋਂ ਵਿਭਾਗ ਦੀ ਫੋਰਸ ਜਗਰਾਓਂ ਤੋਂ ਇਲਾਵਾ ਕਈ ਸ਼ਹਿਰਾਂ 'ਚੋਂ ਇਕੱਠੀ ਕੀਤੀ ਗਈ। ਇਸ ਦੇ ਨਾਲ ਹੀ ਜੇਸੀਬੀ ਮਸ਼ੀਨ ਅਤੇ 50 ਦੇ ਕਰੀਬ ਮਜ਼ਦੂਰਾਂ ਨੂੰ ਲੈ ਕੇ ਪੁਲਿਸ ਦੇ ਲਾਮ ਲਸ਼ਕਰ ਦੀ ਅਗਵਾਈ ਵਿਚ ਰੇਲਵੇ ਟੀਮ ਗੈਂਗ ਨੰਬਰ 7 ਨੂੰ ਜਾਂਦੇ ਰਸਤੇ 'ਤੇ ਪੁੱਜੀ। ਇਸ ਰਸਤੇ ਵਿਚ ਕੁਝ ਦਿਨਾਂ 'ਚ ਹੀ ਪਾਈ ਗਈ ਦੁਕਾਨ, ਇੱਕ ਦੁਕਾਨ ਦੀ ਬੈਕ ਸਾਈਡ, ਦੀਵਾਰਾਂ ਅਤੇ ਆਰਜੀ ਕਬਜ਼ਿਆਂ ਨੂੰ ਢਾਹੁਣ ਮੌਕਿਆਂ ਟੀਮ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਵੱਡੀ ਪੁਲਿਸ ਫੋਰਸ ਟੀਮ ਨੇ ਕਿਸੇ ਨੂੰ ਕੁਸਕਣ ਨਾ ਦਿੱਤਾ ਅਤੇ ਦੇਖਦਿਆਂ ਹੀ ਦੇਖਦਿਆਂ ਕੁਝ ਮਿੰਟਾਂ ਵਿਚ ਹੀ ਟੀਮ ਵਿਚ ਸ਼ਾਮਲ ਜੇਸੀਬੀ ਰਾਹੀਂ ਨਾਜਾਇਜ ਕਬਜਿਆਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ।ਰੇਲਵੇ ਦੇ ਰਸਤੇ ਵਿਚ ਨਾਜਾਇਜ ਉਸਾਰੀ ਕਰਨ ਵਾਲੀਆਂ ਅੌਰਤਾਂ ਵੱਡੀ ਗਿਣਤੀ 'ਚ ਇਕੱਠੀਆਂ ਹੋ ਗਈਆਂ। ਉਨਾਂ੍ਹ ਗਾਲੀ ਗਲੋਚ ਕਰਦਿਆਂ ਵਿਰੋਧ ਦੇ ਵਿਚ ਸੜਕ 'ਤੇ ਇੱਕ ਦੁਕਾਨਦਾਰ ਨੂੰ ਜਾ ਘੇਰਿਆ। ਉਸ ਦੁਕਾਨਦਾਰ ਅਤੇ ਦੁਕਾਨ ਵਿਚ ਮੌਜੂਦ ਮਹਿਲਾ ਦੀ ਕੁੱਟਮਾਰ ਕਰਦਿਆਂ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਵਿਰੋਧ ਕਰ ਰਹੀਆਂ ਅੌਰਤਾਂ ਨੇ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ। ਇਸ ਦੋਰਾਨ ਇਕੱਠੇ ਹੋਏ ਦੁਕਾਨਦਾਰਾਂ ਨਾਲ ਡਾ. ਮਦਨ ਮਿੱਤਲ ਨੇ ਕਿਹਾ ਕਿ ਇਹ ਨਾਜਾਇਜ ਉਸਾਰੀ ਸ਼ੈਂਕਸ਼ਨ ਇੰਜੀਨੀਅਰ ਸੁਭਾਸ਼ ਚੰਦਰ ਵਲੋਂ ਹੀ ਕਰਵਾਈ ਗਈ ਸੀ। ਹੁਣ ਜਦੋਂ ਉਸ 'ਤੇ ਕਾਰਵਾਈ ਦੀ ਗਾਜ ਡਿੱਗਣ ਲੱਗੀ ਤਾਂ ਉਸ ਨੇ ਇਹ ਨਾਜਾਇਜ ਉਸਾਰੀਆਂ ਢੁਹਾ ਦਿੱਤੀਆਂ।ਰੇਲਵੇ ਵੱਲੋਂ ਜਿਹੜੇ ਨਾਜਾਇਜ਼ ਕਬਜ਼ੇ ਅੱਜ ਹਟਾਏ ਗਏ, ਕੁਝ ਦਿਨ ਪਹਿਲਾਂ ਨਗਰ ਕੌਂਸਲ ਵੱਲੋਂ ਇਸ 'ਤੇ ਆਪਣਾ ਹੱਕ ਜਿਤਾਉਂਦਿਆਂ ਨਾਜਾਇਜ਼ ਕਬਜ਼ੇ ਹਟਾਏ ਗਏ ਸਨ। ਅੱਜ ਦੀ ਕਾਰਵਾਈ ਦੌਰਾਨ ਇਕੱਠੇ ਹੋਏ ਲੋਕਾਂ ਨੇ ਕਿਹਾ ਕਿ ਰੇਲਵੇ ਇਸ ਮਾਲਕੀ ਦੇ ਹੱਕ ਨੂੰ ਲੈ ਕੇ ਕੇਸ ਹਾਰ ਚੁੱਕੀ ਹੈ, ਜਦ ਕਿ ਰੇਲਵੇ, ਨਗਰ ਕੌਂਸਲ ਅਤੇ ਪੀਡਬਲਿਊਡੀ ਤਿੰਨੋਂ ਵਿਭਾਗ ਹੀ ਇਸ 'ਤੇ ਸਮੇਂ ਸਮੇਂ ਸਿਰ ਮਾਲਕਾਣਾ ਹੱਕ ਜਿਤਾਉਂਦੇ ਆ ਰਹੇ ਹਨ।