ਸਰਕਾਰਾਂ ਦੀ ਪੈਸਾ ਇਕੱਠਾ ਕਰਨ ਦੀ ਸੋਚ ਅਤੇ ਲੋਕਾਂ ਨੂੰ ਵਰਤਣ ਦਾ ਤਰੀਕਾ ਆਓ ਆਪਾਂ ਵੀ ਕਰਦੇ ਹਾਂ ਕੁਝ ਵਿਸ਼ਲੇਸ਼ਣ ;
ਪੰਜਾਬ ‘ਚ 1152 ਪਟਵਾਰੀਆਂ ਜ਼ਿਲੇਦਾਰਾਂ ਤੇ ਕਲਰਕਾਂ ਦੀ ਭਰਤੀ ਲਈ ਪ੍ਰੀਖਿਆ ਲਈ ਜਾ ਰਹੀ ਹੈ। ਮਾਮੂਲੀ ਤਨਖ਼ਾਹ ਤੇ ਮੋਟੀ ਰਿਸ਼ਵਤ ਵਾਲੀਆਂ ਇਨ੍ਹਾਂ ਅਸਾਮੀਆਂ ਲਈ ਢਾਈ ਲੱਖ ਦੇ ਕਰੀਬ ਨੌਜਵਾਨ ਮੁੰਡੇ ਕੁੜੀਆਂ ਨੇ ਅਰਜ਼ੀਆਂ ਦਿੱਤੀਆਂ ਹਨ। ਪਹਿਲਾਂ ਸਰਕਾਰ ਨੇ ਭਰਤੀ ਲਈ ਬੇਰੁਜ਼ਗਾਰਾਂ ਦੀ ਜੇਬ ਵਿੱਚੋਂ ਪ੍ਰਤੀ ਉਮੀਦਵਾਰ 800 ਰੁਪਏ ਕੱਢ ਕੇ 16 ਕਰੋੜ ਰੁਪਏ ਇਕੱਠੇ ਕੀਤੇ , ਫਿਰ ਪੜ੍ਹੇ ਵਿਖੇ ਲੋਕਾਂ ਨੂੰ ਹੋਰ ਪੜ੍ਹਾਉਂਣ ਦੇ ਨਾਮ ‘ਤੇ ਖੁੱਲ੍ਹੇ ਸੈਂਟਰਾਂ ਨੇ ਪ੍ਰਤੀ ਉਮੀਦਵਾਰ 10 ਹਜ਼ਾਰ ਤੋਂ 20 ਹਜ਼ਾਰ ਰੁਪੈ ਲਏ। ਜੇਕਰ ਤਿਆਰੀ ਕਰਨ ਵਾਲੇ ਡੇਢ ਕੁ ਲੱਖ ਵੀ ਮੰਨ ਲਈਏ ਤੇ ਫੀਸ ਅੱਧ ਵਿਚਾਲੇ 15 ਹਜ਼ਾਰ ਮੰਨੀਏ ਤਾਂ ਮੁੰਡੇ ਕੁੜੀਆਂ ਨੇ 1090 ਪਟਵਾਰੀਆਂ , 26 ਕਲਰਕਾਂ ਤੇ 36 ਜ਼ਿਲੇਦਾਰਾਂ ਲਈ 2 ਅਰਬ 25 ਕਰੋੜ ਰੁਪੈ ਫੂਕ ਸੁੱਟੇ ਹਨ ।ਮਾੜੀ ਨੀਅਤ ਵਾਲੇ ਅਫਸਰਾਂ ਨੇ ਪ੍ਰੀਖਿਆ ਲਈ ਵੀ ਦੂਰ ਦੁਰਾਡੇ ਦੇ ਪ੍ਰੀਖਿਆ ਕੇਂਦਰ ਅਲਾਟਮੈਂਟ ਕੀਤੇ ਹਨ । ਇਸ ਤਰੀਕੇ ਬੱਸ ਜਾਂ ਕਾਰ ਜੀਪ ਦਾ ਪ੍ਰਤੀ ਉਮੀਦਵਾਰ ਇੱਕ ਹਜ਼ਾਰ ਰੁਪੈ ਖ਼ਰਚਾ ਹੋਰ ਪੈ ਗਿਆ ਹੈ। ਇਹ ਖਰਚ ਵੀ 23 ਕਰੋੜ ਬਣਦਾ ਹੈ । ਜੇਕਰ ਛੁਪੇ ਖ਼ਰਚਿਆਂ ਨੂੰ ਛੱਡਕੇ ਆਹ ਮੋਟੇ ਖ਼ਰਚੇ ਜੋੜੀਏ ਤਾਂ ਪੰਜਾਬ ਦੇ ਬੇਰੁਜਗਾਰ ਮੁੰਡੇ ਕੁੜੀਆਂ ਦੀਆਂ ਜੇਬਾਂ ਵਿੱਚੋਂ ਦੋ ਅਰਬ 65 ਕਰੋੜ ਰੁਪੈ ਲੁੱਟ ਲਏ ਗਏ ਹਨ। ਹੈਰਾਨੀ ਹੈ ਕਿ ਤਿਆਰੀ ਕਰਵਾਉਂਣ ਵਾਲੇ ਸੈਂਟਰ ਮਾਲਕ 1152 ਅਸਾਮੀਆਂ ‘ਤੇ ਡੇਢ ਲੱਖ ਮੁੰਡੇ ਕੁੜੀਆਂ ਨੂੰ ਪੱਕਾ ਭਰਤੀ ਕਰਾ ਦੇਣ ਹੋਣ ਦੇ ਦਾਅਵੇ ਠੋਕ ਰਹੇ ਹਨ। ਜੇਕਰ ਬੇਰੁਜ਼ਗਾਰਾਂ ਦੀਆਂ ਜੇਬਾਂ ‘ਚੋ ਟੇਢੇ ਢੰਗ ਨਾਲ ਕੱਢੇ ਗਏ ਇਨ੍ਹਾਂ ਪੈਸਿਆਂ ਦੀ ਗੱਲ ਕਰੀਏ ਤਾਂ 2 ਅਰਬ 65 ਕਰੋੜ ਰੁਪੈ ਨਾਲ 1190 ਮੁੰਡੇ ਕੁੜੀਆਂ ਨੂੰ 18 ਸਾਲ ਤੱਕ 10,309 ਰੁਪਏ ਤਨਖ਼ਾਹ ਦਿੱਤੀ ਜਾ ਸਕਦੀ ਹੈ। ਅਜੇ ਤਾ ਫੀਸਾਂ ਭਰਨ ਵਾਲਿਆਂ ਦੀ ਗਿਣਤੀ ਢਾਈ ਲੱਖ ਹੈ ਜੇਕਰ ਸਾਰੇ ਦਾ ਹਿਸਾਬ ਲਾਇਆ ਜਾਵੇ ਸਾਢੇ ਤਿੰਨ ਅਰਬ ਦੇ ਕਰੀਬ ਰੁਪਈਆ ਬਣਦਾ ਹੈ । ਪਰ ਸਰਕਾਰੀ ਕੁਰਸੀਆਂ ‘ਤੇ ਬੈਠੇ ਨੇਤਾਵਾਂ ਤੇ ਅਫਸਰਾਂ ਨੂੰ ਕੀ ਲੋਕ ਜਿਵੇਂ ਮਰਜ਼ੀ ਮਰਦੇ ਤੇ ਲੁੱਟੇ ਜਾਂਦੇ ਰਹਿਣ । ਹੁਣ ਸੋਚਣਾ ਤੁਸੀਂ ਹੈ ਕਿ ਕਿੰਨਾ ਚਿਰ ਅਸੀਂ ਇਹ ਜ਼ਲਾਲਤ ਦੀ ਜ਼ਿੰਦਗੀ ਅਤੇ ਇਹ ਧੋਖਾਧੜੀ ਦਾ ਸ਼ਿਕਾਰ ਹੁੰਦੇ ਰਹਿਣਾ ਹੈ ।
ਅਮਨਜੀਤ ਸਿੰਘ ਖਹਿਰਾ