You are here

ਬਾਬਰ ਦੀਆਂ ਰਗਾਂ ਵਿੱਚ ਮੱਧ ਏਸ਼ੀਆ ਦੇ ਦੋ ਮਹਾਨ ਯੋਧਿਆ ਦਾ ਖ਼ੂਨ ਦੌੜਦਾ ਸੀ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਸੋਲ੍ਹਵੀਂ ਸਦੀ ਦੇ ਆਰੰਭ ਵਿੱਚ ਭਾਰਤ ਵਿੱਚ ਦਿੱਲੀ ਸਲਤਨਤ ਦਾ ਅੰਤ ਹੋ ਗਿਆ ਅਤੇ ਇਸਦੇ ਖੰਡਰਾਂ ਉੱਪਰ ਮੁਗਲ ਸਾਮਰਾਜ ਦੀ ਨੀਂਹ ਰੱਖੀ ਗਈ।ਮੁਗਲ ਸਾਮਰਾਜ ਦਾ ਸੰਸਥਾਪਕ ਜਹੀਰਉੱਦੀਨ ਮੁਹੰਮਦ ਬਾਬਰ ਸੀ।ਉਹ ਮੱਧ ਏਸ਼ੀਆ ਦੀਆਂ ਤੁਰਕ ਅਤੇ ਮੰਗੋਲ ਜਾਤੀਆਂ ਨਾਲ ਸੰਬੰਧ ਰੱਖਦਾ ਸੀ।ਉਸਨੇ 1526 ਈ. ਵਿੱਚ ਪਾਨੀਪਤ ਦੇ ਮੈਦਾਨ ਵਿੱਚ ਦਿੱਲੀ ਦੇ ਆਖਰੀ ਅਫ਼ਗ਼ਾਨ ਸੁਲਤਾਨ ਇਬਰਾਹਿਮ ਲੋਧੀ ਨੂੰ ਹਰਾ ਦਿੱਤਾ ਅਤੇ ਅੱਗੇ ਵੱਧ ਕੇ ਦਿੱਲੀ ਤੇ ਆਗਰਾ ਉੱਤੇ ਆਪਣਾ ਅਧਿਕਾਰ ਜਮਾ ਲਿਆ।ਇਸ ਤਰ੍ਹਾਂ ਉਸਨੇ ਭਾਰਤ ਵਿੱਚ ਇੱਕ ਨਵੇਂ ਵੰਸ਼ ਦੀ ਸਥਾਪਨਾ ਕੀਤੀ ਜੋ ਕਿ ਮੁਗਲ-ਵੰਸ਼ ਦੇ ਨਾਂ ਨਾਲ ਪ੍ਰਸਿੱਧ ਹੈ।
ਇਸ ਵੰਸ਼ ਦੇ ਸ਼ਾਸਕਾਂ ਦੇ ਹੱਥਾਂ ਵਿੱਚ ਭਾਰਤ ਦੇ ਭਾਗਾਂ ਦੀ ਵਾਗ-ਡੋਰ ਕੋਈ ਤਿੰਨ ਸੌ ਸਾਲ ਤੱਕ ਰਹੀ।
ਬਾਬਰ ਦਾ ਜਨਮ 14 ਫ਼ਰਵਰੀ 1483 ਈ.ਨੂਂ ਫਰਗਾਨਾ ਦੀ ਰਾਜਧਾਨੀ ਅੰਦੀਜਾਨ ਵਿਖੇ ਹੋਇਆ।ਉਸ ਦਾ ਅਸਲੀ ਨਾਮ ਜਹੀਰਉੱਦੀਨ ਮੁਹੰਮਦ ਸੀ ਉਸਦੇ ਮਿੱਤਰ ਅਤੇ ਦੇਸ-ਵਾਸੀ ਉਸ ਨੂੰ ਇਸ ਔਖੇ ਨਾਂ ਨਾਲ ਨਹੀਂ ਪੁਕਾਰ ਸਕਦੇ ਸਨ ਇਸ ਲਈ ਉਹ ਉਸਨੂੰ ਬਾਬਰ ਦੇ ਨਾਂ ਨਾਲ ਸੰਬੋਧਨ ਕਰਨ ਲੱਗ ਪਏ।’ਬਾਬਰ’ ਤੁਰਕੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ‘ਬੱਬਰ ਸ਼ੇਰ’।ਬਾਬਰ ਦਾ ਪਿਤਾ ਉਮਰ ਸ਼ੇਖ ਮਿਰਜ਼ਾ ਫਰਗਾਨਾ ਦਾ ਹਾਕਮ ਸੀ ਅਤੇ ਉਹ ਅਮੀਰ ਤੈਮੁਰ ਦੇ ਵੰਸ਼ ਨਾਲ ਸੰਬੰਧ ਰੱਖਦਾ ਸੀ।ਉਸਦੀ ਮਾਤਾ ਦਾ ਨਾਂ ਕੁਤਲੁਗ ਨਿਗਾਰ ਖ਼ਾਨਮ ਸੀ।ਜੋ ਕਿ ਮੰਗੋਲ ਨੇਤਾ ਚੰਗੇਜ ਦੇ ਵੰਸ਼ ਵਿੱਚੋਂ ਸੀ।ਇਸ ਤਰ੍ਹਾਂ ਬਾਬਰ ਦੀਆਂ ਰਗਾਂ ਵਿੱਚ ਮੱਧ ਏਸ਼ੀਆ ਦੇ ਦੋ ਮਹਾਨ ਯੋਧਿਆ ਦਾ ਖ਼ੂਨ ਦੌੜਦਾ ਸੀ।
ਬਾਬਰ ਨੇ ਤੁਰਕੀ ,ਫ਼ਾਰਸੀ ਅਤੇ ਅਰਬੀ ਭਸ਼ਾਵਾਂ ਦਾ ਗਿਆਨ ਪ੍ਰਾਪਤ ਕਰ ਲਿਆ ਸੀ।ਉਸਨੇ ਆਪਣੀ ਆਤਮ ਕਥਾ ਵਿੱਚ ਕਿਹਾ ਹੈ ਕਿ ਉਸਦਾ ਅਧਿਆਪਕ ਸ਼ੇਖ ਮੁਜੀਬ ਸੀ।ਬਾਬਰ ਦੀ ਨਾਨੀ ਏਸਾਨ ਦੌਲਤ ਬੇਗਮ ਨੇ ਉਸ ਵਿੱਚ ਅਤਿਅੰਤ ਸਾਹਸ,ਆਤਮ ਵਿਸ਼ਵਾਸ ਅਤੇ ਦ੍ਹਿੜ ਨਿਸ਼ਚੇ ਜਿਹੇ ਉੱਤਮ ਗੁਣ ਕੁੱਟ-ਕੁੱਟ ਕੇ ਭਰ ਦਿੱਤੇ ਸਨ ਅਤੇ ਉਸਦੀ ਦਾਦੀ ਸ਼ਾਹ ਸੁਲਤਾਨਾ ਬੇਗਮ ਨੇ ਉਸ ਨੂੰ ਵਿਵਹਾਰ ਅਤੇ ਸ਼ਿਸ਼ਟਾਚਾਰ ਦੇ ਚੰਗੇ-ਚੰਗੇ ਨਿਯਮ ਸਿਖਾਏ।ਬਾਬਰ ਦੇ ਪਹਾੜੀ ਦੇਸ਼ ਦੀ ਜਲਵਾਯੂ ਨੇ ਵੀ ਉਸ ਦੇ ਵਿਅਕਤੀਤਵ ਉੱਤੇ ਪ੍ਰਭਾਵ ਪਾਇਆ।1494 ਈ.ਵਿੱਚ ਬਾਜ਼ਾਰ ਦੇ ਪਿਤਾ ਦੀ ਕਬੂਤਰ ਉਡਾਉਦੇ-ਉਡਾਉਦੇ ਆਪਣੇ ਮਹਿਲ ਦੇ ਸਿਖਰ ਤੋ ਥੱਲੇ ਡਿੱਗਣ ਜਾਣ ਕਾਰਨ ਮੌਤ ਹੋ ਗਈ ਅਤੇ ਬਾਬਰ ਦੀ ਉਮਰ ਉਸ ਸਮੇ 11 ਸਾਲ ਸੀ , ਫਰਗਨਾ ਦੀ ਗੱਦੀ ਉੱਤੇ ਬੈਠਿਆ।1497 ਈ.ਵਿੱਚ ਬਾਬਰ ਨੇ ਸ਼ਕਰਕੰਦ ਦੀ ਜਿੱਤ ਪ੍ਰਾਪਤ ਕੀਤੀ।ਪਰ ਇਹ ਜਿੱਤ ਸਦੀਵੀ ਨਾ ਬਣ ਸਕੀ।1497 ਤੋ 1504 ਈ.ਤੱਕ ਬਾਬਰ ਦੀ ਹਸਤੀ ਅਵਾਰਾ ਵਰਗੀ ਸੀ।ਇੱਕ ਅਜਿਹੇ ਰਾਜੇ ਵਰਗੀ ਜਿਸਦਾ ਕੋਈ ਰਾਜ ਨਹੀਂ ਸੀ।ਉਸਨੂੰ ਇਸ ਤਰ੍ਹਾਂ ਠੁਕਰਾਇਆ ਜਾਂਦਾ ਸੀ ਜਿਵੇ ਕਿ ਸਮੁੰਦਰ ਦੇ ਕੰਢੇ ਪਏ ਹੋਏ ਕੰਕਰ ਨੂੰ ।1502 ਤੋ 1504ਈ. ਤੱਕ ਦਾ ਸਮਾਂ ਬਾਬਰ ਦੇ ਜੀਵਨ ਦਾ ਬਹੁਤ ਔਖਾ ਸਮਾਂ ਸੀ।ਉਸਨੂੰ ਦੁੱਖਾਂ ਤੇ ਗਰੀਬੀ ਦਾ ਸਾਹਮਣਾ ਕਰਨਾ ਪਿਆ।ਸਾਰੇ ਸਾਥੀ ਤੇ ਸੰਬੰਧੀ ਉਸਨੂੰ ਧੋਖਾ ਦੇ ਗਏ। ਬਾਬਰ ਆਪਣੀ ਆਤਮ- ਕਥਾ ਵਿੱਚ ਲਿਖਦਾ ਹੈ ਕਿ “ਮੈ ਸੰਸਾਰ ਵਿੱਚ ਆਪਣੀ ਆਤਮਾ ਤੋਂ ਬਿਨਾਂ ਕਿਸੇ ਨੂੰ ਵੀ ਵਫ਼ਾਦਾਰ ਮਿੱਤਰ ਅਤੇ ਆਪਣੇ ਦਿਲ ਤੋ ਸਿਵਾਏ ਕਿਸੇ ਨੂੰ ਵੀ ਭਰੋਸੇਯੋਗ ਨਹੀਂ ਪਾਇਆ।1504 ਈ.ਗਜਨੀ ਨੂੰ ਜਿੱਤ ਲਿਆ।1507 ਈ.ਵਿੱਚ ਉਸਨੇ ‘ਬਾਦਸ਼ਾਹ’ ਦੀ ਉਪਾਧੀ ਧਾਰਨ ਕੀਤੀ।ਉਜਬੇਗਾ ਤੋ ਬਾਬਰ ਨੇ ‘ਤੁਲਗੁਮਾ’ ਨਾਮੀ ਯੁੱਧ ਦਾ ਢੰਗ ,ਮੰਗੋਲਾਂ ਤੋ ਛੁਪ ਕੇ ਵਾਰ ਕਰਨ ਤੇ ਦੁਸ਼ਮਣ ਨੂੰ ਖ਼ਤਰਨਾਕ ਸਥਾਨ ਤੇ ਲਿਆ ਕੇ ਲੜਾਈ ਕਰਨ ਦਾ ਢੰਗ ਅਤੇ ਈਰਾਨੀਆਂ ਤੋਂ ਉਸਨੇ ਤੋਪਖ਼ਾਨੇ ਦੀ ਵਰਤੋਂ ਕਰਨ ਦੀ ਸਿੱਖਿਆ ਪ੍ਰਾਪਤ ਕੀਤੀ।ਬਾਬਰ ਨੇ ਭਾਰਤ ਉੱਤੇ 1519 ਦੀ.ਤੋਂ 1526 ਤੱਕ ਪੰਜ ਹਮਲੇ ਕੀਤੇ।ਬਾਬਰ ਨੇ ਭਾਰਤ ਉੱਤੇ ਪਹਿਲਾ ਹਮਲਾ 1519 ਈ.ਵਿੱਚ ਖਰੂਦੀ ਜਾਤੀ ਯੂਸਫਜਾਈ ਦੇ ਵਿਰੁੱਧ,ਦੂਜਾ ਹਮਲਾ 1519 ਈ.ਵਿੱਚ,ਤੀਜਾ ਹਮਲਾ 1520 ਈ. ਵਿੱਚ ,ਚੌਥਾ ਹਮਲਾ 1524 ਈ. ਵਿੱਚ,ਪੰਜਵਾਂ ਹਮਲਾ 1525-1526 ਈ. ਵਿੱਚ ਕੀਤਾ ।ਇਸ ਤੋਂ ਇਲਾਵਾ ਬਾਬਰ ਨੇ 1526 ਈ.ਪਾਨੀਪਤ ਦੀ ਲੜਾਈ ,1527 ਈ. ਵਿੱਚ ਖਾਨਵਾ ਦੀ ਲੜਾਈ,1528 ਈ.ਵਿੱਚ ਚੰਦੇਰੀ ਦੀ ਲੜਾਈ 1529 ਈ.ਵਿੱਚ ਘਾਗਰਾ ਦੀ ਲੜਾਈ ਲੜੀ।ਅੰਤ 26 ਦਸੰਬਰ 1530 ਈ. ਵਿੱਚ ਬਾਬਰ ਦੀ ਮੌਤ ਹੋ ਗਈ।ਮੌਤ ਦੇ ਬਾਅਦ ਬਾਬਰ ਦੇ ਮ੍ਰਿਤ ਸਰੀਰ ਨੂੰ
ਆਗਰੇ ਤੋਂ ਕਾਬਲ ਲੈ ਜਾਇਆ ਗਿਆ ਅਤੇ ਉੱਥੇ ਇੱਕ ਸੁੰਦਰ ਸ਼ਥਾਨ ਤੇ ਦਫ਼ਨਾ ਦਿੱਤਾ ਗਿਆ ।

ਗਗਨਦੀਪ ਧਾਲੀਵਾਲ ਝਲੂਰ
ਬਰਨਾਲਾ ।