ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਲਈ ਡੈਸ਼ਬੋਰਡ ਸਥਾਪਿਤ

ਲੁਧਿਆਣਾ, 6 ਮਾਰਚ (ਟੀ. ਕੇ. ) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਾਰੇ ਵਿਕਾਸ ਪ੍ਰੋਜੈਕਟਾਂ ਅਤੇ ਸਕੀਮਾਂ ਦੀ ਨਿਗਰਾਨੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇੱਕ ਡੈਸ਼ਬੋਰਡ ਬਣਾਇਆ ਗਿਆ ਹੈ ਜਿੱਥੇ ਮਾਊਸ ਦੇ ਇੱਕ ਕਲਿੱਕ 'ਤੇ ਕੰਮਾਂ ਨਾਲ ਸਬੰਧਤ ਅੱਪਡੇਟ ਜਾਣਕਾਰੀ ਉਪਲਬਧ ਹੋਵੇਗੀ।

ਡਿਪਟੀ ਕਮਿਸ਼ਨਰ ਸਾਹਨੀ ਵੱਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਰੇ ਵਿਭਾਗਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਡੈਸ਼ਬੋਰਡ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਰੀਅਲ-ਟਾਈਮ ਅਤੇ ਨਿਰੰਤਰ ਪ੍ਰੋਜੈਕਟ ਨਿਗਰਾਨੀ ਦੇ ਨਾਲ ਸਾਰੀਆਂ ਸਕੀਮਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਨੂੰ ਵੀ ਯਕੀਨੀ ਬਣਾਏਗਾ। ਡੈਸ਼ਬੋਰਡ ਸਾਰੇ ਪ੍ਰੋਜੈਕਟਾਂ ਅਤੇ ਕਾਰਜਕਾਰੀ ਏਜੰਸੀਆਂ ਦੇ ਵੇਰਵਿਆਂ ਨੂੰ ਪ੍ਰਦਰਸ਼ਿਤ ਕਰੇਗਾ, ਜਿਸ ਵਿੱਚ ਮੁਕੰਮਲ ਹੋਏ ਕੰਮਾਂ ਬਾਰੇ ਅਪਡੇਟ ਕੀਤੀ ਜਾਣਕਾਰੀ, ਚੱਲ ਰਹੇ ਪ੍ਰੋਜੈਕਟਾਂ ਦੀ ਸਥਿਤੀ, ਕੰਮ ਦੀ ਪ੍ਰਗਤੀ, ਅਤੇ ਦੇਰੀ ਦਾ ਕਾਰਨ ਜੇਕਰ ਕੋਈ ਹੋਵੇ, ਟੈਂਡਰ, ਟੈਂਡਰਾਂ ਦੇ ਪੜਾਅ, ਅਦਾਇਗੀਆਂ ਅਤੇ ਮੁਕੰਮਲ ਰਿਪੋਰਟਾਂ ਦੀ ਜਾਣਕਾਰੀ ਸ਼ਾਮਲ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੈਸ਼ਬੋਰਡ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਚੱਲ ਰਹੇ ਕਾਰਜ਼ਾਂ  ਦੌਰਾਨ ਆਉਣ ਵਾਲੀਆਂ ਔਕੜਾਂ ਨੂੰ ਦੂਰ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਇਸ ਤੋਂ ਇਲਾਵਾ, ਇਹ ਰੀਅਲ-ਟਾਈਮ ਟਰੈਕਿੰਗ ਅਤੇ ਪ੍ਰਗਤੀ ਰਿਪੋਰਟਿੰਗ ਨੂੰ ਸਮਰੱਥ ਕਰੇਗਾ। ਉਨ੍ਹਾਂ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਡੇਟਾ ਨੂੰ ਲਗਾਤਾਰ ਭਰਨ ਅਤੇ ਅਪਡੇਟ ਕਰਨ ਲਈ ਸਮਰਪਿਤ ਨੋਡਲ ਅਫਸਰ ਨਿਯੁਕਤ ਕਰਨ ਲਈ ਕਿਹਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਓਜਸਵੀ ਅਲੰਕਾਰ, ਸਹਾਇਕ ਕਮਿਸ਼ਨਰ ਕ੍ਰਿਸ਼ਨ ਪਾਲ ਰਾਜਪੂਤ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।