ਥਾਣਾ ਘੇਰ ਕੇ ਮੰਗਿਆ ਇਨਸਾਫ਼, ਮਿਲਿਆ ਭਰੋਸਾ

ਭੀਖੀ, ਜੂਨ 2019 ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਥਾਨਕ ਥਾਣੇ ਦਾ ਘਿਰਾਓ ਕੀਤਾ ਗਿਆ। ਨੇੜਲੇ ਪਿੰਡ ਹੋਡਲਾ ਦੇ ਕਿਸਾਨ ਵੱਲੋਂ ਚਾਰ ਮਹੀਨੇ ਪਹਿਲਾਂ ਇੱਕ ਕੰਬਾਈਨ ਕੰਪਨੀ ਧੂਰੀ ਦੇ ਮਾਲਕ ਵਿਰੁੱਧ ਦਰਖ਼ਾਸਤ ਦਿੱਤੀ ਗਈ ਸੀ ਪਰ ਕਾਫੀ ਸਮਾਂ ਬੀਤਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਜਦੋਂ ਕਿਸਾਨ ਜਥੇਬੰਦੀ ਆਗੂਆਂ ਤੇ ਵਰਕਰਾਂ ਵੱਲੋਂ ਭੀਖੀ ਥਾਣੇ ਦਾ ਘਿਰਾਓ ਕੀਤਾ ਗਿਆ ਤਾਂ ਥਾਣਾ ਮੁਖੀ ਅਮਨਦੀਪ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਦਸ ਜੂਨ ਤੋਂ ਪਹਿਲਾਂ ਕੰਪਨੀ ਮਾਲਕ ਨੂੰ ਥਾਣਾ ਭੀਖੀ ਬੁਲਾ ਕੇ ਸਮਝੌਤਾ ਕਰਵਾਇਆ ਜਾਵੇਗਾ, ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਇਸ ਦੌਰਾਨ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸੇ ਤਰ੍ਹਾਂ ਇੱਕ ਮਹੀਨਾ ਪਹਿਲਾਂ ਐੱਸਐੱਸਪੀ ਮਾਨਸਾ ਰਾਹੀਂ ਕਿਸਾਨ ਸੁਖਦੇਵ ਸਿੰਘ ਪੁੱਤਰ ਮਿੱਠੂ ਸਿੰਘ ਅਲੀਸ਼ੇਰ ਕਲਾਂ ਵੱਲੋਂ ਥਾਣਾ ਭੀਖੀ ਨੂੰ ਦਰਖ਼ਾਸਤ ਆਈ ਸੀ ਕਿ ਆੜ੍ਹਤੀ ਪਵਨ ਕੁਮਾਰ ਨੇ ਇਸ ਕਿਸਾਨ ਤੋਂ ਚੈੱਕ ਬੁੱਕ ਉੱਪਰ ਦਸਤਖ਼ਤ ਕਰਵਾ ਕੇ ਆਪਣੇ ਕੋਲ ਰੱਖੀ ਹੋਈ ਸੀ ਤੇ ਵੱਖ-ਵੱਖ ਅਦਾਲਤਾਂ ਵਿੱਚ ਕੇਸ ਲਾ ਕੇ ਕਿਸਾਨ ਨੂੰ ਚੱਕਰਾਂ ਵਿੱਚ ਪਾ ਰੱਖਿਆ ਸੀ, ਲੰਮੇ ਸਮੇਂ ਤੋਂ ਕਿਸਾਨ ਪ੍ਰੇਸ਼ਾਨੀ ਝੱਲ ਰਿਹਾ ਸੀ।
ਕਿਸਾਨ ਆਗੂ ਕੇਵਲ ਮਾਖਾ ਤੇ ਰਾਜ ਅਕਲੀਆ ਨੇ ਕਿਹਾ ਕਿ ਪੁਲੀਸ ਸਿਆਸੀ ਗੁੰਡਾ ਗੱਠਜੋੜ ਵੱਲੋਂ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਜੋ ਚੈੱਕ ਗੈਰਕਾਨੂੰਨੀ ਢੰਗ ਨਾਲ ਕਿਸਾਨਾਂ ਵੱਲੋਂ ਲਏ ਜਾ ਰਹੇ ਹਨ, ਜਥੇਬੰਦੀ ਵੱਲੋਂ ਡਟ ਕੇ ਵਿਰੋਧ ਕੀਤਾ ਜਾਵੇਗਾ।
ਭੀਖੀ ਪੁਲੀਸ ਨੇ ਮੁਲਜ਼ਮਾਂ ਵਿਰੁੱਧ ਧੋਖਾਧੜੀ ਦੇ ਮਾਮਲੇ ਦਰਜ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੁਲੀਸ ਵੱਲੋਂ ਅਣਗਹਿਲੀ ਕੀਤੀ ਗਈ ਤਾਂ 12 ਜੂਨ ਨੂੰ ਦੁਬਾਰਾ ਫਿਰ ਥਾਣੇ ਘਿਰਾਓ ਕਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੁਲੀਸ ਦੀ ਹੋਵੇਗੀ।